ਬਾਸਕਟਬਾਲ ਬਾਲ ’ਚ ਖੇਤੀਬਾੜੀ ਕਾਲਜ ਦੀਆਂ ਟੀਮਾਂ ਛਾਈਆਂ
ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਨਵੰਬਰ
ਪੀਏਯੂ ਵਿੱਚ ਕਰਵਾਏ ਗਏ ਅੰਤਰ-ਕਾਲਜ ਬਾਸਕਟਬਾਲ ਮੁਕਾਬਲਿਆਂ ਵਿੱਚ ਮੁੰਡਿਆਂ ਤੇ ਕੁੜੀਆਂ ਦੇ ਵਰਗ ਵਿੱਚ ਖੇਤੀਬਾੜੀ ਕਾਲਜ ਨੇ ਸਿਰਲੇ ਸਥਾਨ ਹਾਸਲ ਕੀਤੇ। ਮੁਕਾਬਲਿਆਂ ਦੇ ਸਮਾਪਤੀ ਸਮਾਗਮ ਵਿੱਚ ਮਿਲਖ ਅਧਿਕਾਰੀ ਡਾ. ਰਿਸ਼ੀਇੰਦਰ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਡਾ. ਗਿੱਲ ਨੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਇਨਾਮ ਵੰਡੇ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਉਨ੍ਹਾਂ ਮੌਜੂਦਾ ਖਿਡਾਰੀਆਂ ਨੂੰ ਰਵਾਇਤ ਤੋਂ ਪ੍ਰੇਰਨਾ ਲੈ ਕੇ ਅਨੁਸਾਸ਼ਨ ਨਾਲ ਮਿਹਨਤ ਕਰਨ ਲਈ ਪ੍ਰੇਰਿਆ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਲੜਕਿਆਂ ਵਿੱਚ ਖੇਤਬਾੜੀ ਕਾਲਜ ਦੀ ਟੀਮ ਜੇਤੂ ਰਹੀ। ਖੇਤੀ ਇੰਜਨੀਅਰਿੰਗ ਤੇ ਤਕਨਾਲੋਜੀ ਕਾਲਜ ਦੂਜੇ ਜਦਕਿ ਬਾਗਬਾਨੀ ਕਾਲਜ ਤੀਜੇ ਸਥਾਨ ’ਤੇ ਰਿਹਾ। ਲੜਕੀਆਂ ਦੇ ਵਰਗ ਵਿੱਚ ਖੇਤੀਬਾੜੀ ਕਾਲਜ ਦੀ ਟੀਮ ਨੇ ਪਹਿਲਾ, ਕਮਿਊਨਟੀ ਸਾਇੰਸ ਕਾਲਜ ਦੀ ਟੀਮ ਨੂੰ ਦੂਜਾ ਸਥਾਨ ਮਿਲਿਆ।