ਖੇਤੀਬਾੜੀ ਕਾਲਜ ਵੱਲੋਂ ਮਾਪੇ ਅਧਿਆਪਕ ਮਿਲਣੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਮਾਰਚ
ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿਖੇ ਖੇਤੀਬਾੜੀ ਕਾਲਜ ਵਿਚ ਬੀ ਐੱਸ ਸੀ ਆਨਰਜ਼ ਐਗਰੀਕਲਚਰ ਚਾਰ ਸਾਲਾ ਪ੍ਰੋਗਰਾਮ ਦੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਅਧਿਆਪਕਾਂ ਦੀ ਮਿਲਣੀ ਕਰਵਾਈ ਗਈ। ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਨੇ ਸਭ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਲਈ ਇਸ ਮਿਲਣੀ ਨੂੰ ਬੇਹੱਦ ਲਾਹੇਵੰਦ ਕਿਹਾ। ਉਹਨਾਂ ਕਿਹਾ ਕਿ ਪਹਿਲੀ ਵਾਰ ਇਹ ਮਿਲਣੀ ਵਿਦਿਆਰਥੀਆਂ ਦੇ ਭਵਿੱਖ ਅਤੇ ਉਹਨਾਂ ਦੀਆਂ ਰੁਚੀਆਂ ਨੂੰ ਆਧਾਰ ਬਣਾ ਕੇ ਮਾਪਿਆਂ ਅਤੇ ਅਧਿਆਪਕਾਂ ਵਿਚਕਾਰ ਸਿੱਧੀ ਗੱਲਬਾਤ ਲਈ ਕਰਵਾਈ ਜਾ ਰਹੀ ਹੈ। ਇਸ ਮਿਲਣੀ ਦਾ ਮੰਤਵ ਅਧਿਆਪਕਾਂ ਅਤੇ ਬੱਚਿਆਂ ਦੇ ਪਾਲਕਾਂ ਵਿਚਕਾਰ ਪੁਲ ਦਾ ਨਿਰਮਾਣ ਕਰਨਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਅਤੇ ਉਹਨਾਂ ਦੀਆਂ ਸੰਭਾਵਨਾਵਾਂ ਵਿਚਾਰੀਆਂ ਜਾ ਸਕਣ ਤੇ ਹੱਲ ਲੱਭੇ ਜਾਣ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਵੀ ਇਸ ਪਹਿਲਕਦਮੀ ਦਾ ਸਵਾਗਤ ਕੀਤਾ। ਉਹਨਾਂ ਨੇ ਮਾਪਿਆਂ ਨੂੰ ਆਖਿਆ ਕਿ ਉਹ ਹੋਸਟਲਾਂ ਦਾ ਫੇਰਾ ਵੀ ਜ਼ਰੂਰ ਪਾਉਣ। ਖੇਤੀਬਾੜੀ ਕਾਲਜ ਦੇ ਅਕਾਦਮਿਕ ਮਾਮਲਿਆਂ ਦੀ ਕਮੇਟੀ ਦੇ ਚੇਅਰਪਰਸਨ ਡਾ. ਐੱਸ ਕੇ ਢਿੱਲੋਂ ਨੇ ਅਕਾਦਮਿਕ ਗਤੀਵਿਧੀਆਂ ਉੱਪਰ ਚਾਨਣਾ ਪਾਇਆ। ਮਾਪੇ ਅਧਿਆਪਕ ਐਸੋਸੀਏਸ਼ਨ ਦੇ ਚੇਅਰਪਰਸਨ ਡਾ. ਤਰੁਨਦੀਪ ਕੌਰ ਨੇ ਧੰਨਵਾਦ ਕੀਤਾ।