ਪੀਏਯੂ ਅਤੇ ਟੈਫੇ ਵੱਲੋਂ ਸਮਝੌਤਾ ਸਹੀਬੱਧ
ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਅਗਸਤ
ਪੀਏਯੂ ਨੇ ਖੇਤੀ ਮਸ਼ੀਨਰੀ ਦੇ ਪ੍ਰਮੁੱਖ ਸੰਸਥਾਨ ਟਰੈਕਟਰ ਅਤੇ ਫਾਰਮ ਉਪਕਰਨ, ਚੇਨੱਈ ਨਾਲ ਸਮਝੌਤੇ ਉੱਪਰ ਸਹੀ ਪਾਈ ਹੈ। ਪੀਏਯੂ ਵੱਲੋਂ ਰਜਿਸਟਰਾਰ ਡਾ. ਰਿਸ਼ੀ ਪਾਲ ਸਿੰਘ ਅਤੇ ਟੈਫੇ ਦੇ ਸੀਨੀਅਰ ਮੀਤ ਪ੍ਰਧਾਨ ਡਾ. ਗੌਰਵ ਸੂਦ ਨੇ ਆਪੋ-ਆਪਣੇ ਸੰਗਠਨਾਂ ਵੱਲੋਂ ਸਮਝੌਤੇ ਦੀਆਂ ਸ਼ਰਤਾਂ ਉੱਪਰ ਸਹੀ ਪਾਈ। ਇਹ ਸਮਝੌਤਾ ਦੋਵਾਂ ਸੰਸਥਾਵਾਂ ਵੱਲੋਂ ਸਾਂਝਾ ਸਿੱਖਿਆ ਕੇਂਦਰ ਸਥਾਪਤ ਕਰਨ ਲਈ ਕੀਤਾ ਗਿਆ ਹੈ।
ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਪੀਏਯੂ-ਟੈਫੇ ਲਰਨਿੰਗ ਸੈਂਟਰ (ਐਡਵਾਂਸ ਫਾਰਮ ਮਸ਼ੀਨਰੀ) ਦੇ ਸਹਿਯੋਗ ਲਈ ਟੈਫੇ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਕੇਂਦਰ ਵਿਦਿਆਰਥੀਆਂ ਅਤੇ ਮਾਹਿਰਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ। ਟੈਫੇ ਦੇ ਸੀਨੀਅਰ ਮੀਤ ਪ੍ਰਧਾਨ, ਗੌਰਵ ਸੂਦ ਨੇ ਕਿਹਾ ਕਿ ਪੀਏਯੂ ਦੇਸ਼ ਦੀ ਪ੍ਰਮੁੱਖ ਸੰਸਥਾ ਹੈ। ਇਸ ਸੰਸਥਾ ਨਾਲ ਕੰਮ ਕਰਨਾ ਬੜਾ ਵਿਲੱਖਣ ਅਨੁਭਵ ਹੋਵੇਗਾ। ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇਹ ਸੰਸਥਾਵਾਂ ਨਾਲ ਅਜਿਹਾ ਤੀਜਾ ਸਮਝੌਤਾ ਹੈ। ਡਾ. ਮਹੇਸ਼ ਕੁਮਾਰ ਨਾਰੰਗ ਨੇ ਕਿਹਾ ਕਿ ਦੋਵੇਂ ਸੰਸਥਾਵਾਂ ਇੱਕ ਯੋਜਨਾਬੱਧ ਸਿੱਖਿਆ ਕੇਂਦਰ ਬਣਾਉਣ ਲਈ ਸਹਿਮਤ ਹੋਈਆਂ ਹਨ। ਦੋਵਾਂ ਸੰਸਥਾਵਾਂ ਕੋਲ ਸਮਝੌਤੇ ਦੇ ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ ਵਿਸ਼ੇਸ਼ ਵਿਸ਼ਿਆਂ ’ਤੇ ਤਜਰਬੇਕਾਰ ਮਾਹਿਰ ਹਨ।
ਡਾ. ਵਿਸ਼ਾਲ ਬੈਕਟਰ ਨੇ ਕਿਹਾ ਕਿ ਇਹ ਸਮਝੌਤਾ ਦੋਵਾਂ ਧਿਰਾਂ ਲਈ ਆਪਣੇ ਤਜਰਬੇ ਸਾਂਝੇ ਕਰਨ ਦਾ ਮੰਚ ਹੈ। ਇਸ ਮੌਕੇ ਸੰਜੇ ਵਿਜ, ਨਿਤਿਨ ਪਾਟਿਲ, ਹੈੱਡ (ਸੇਲਜ਼), ਵਿਸ਼ਾਲ ਮਾਹਲੀ ਅਤੇ ਟੈਫੇ ਦੇ ਮਾਰਕੀਟਿੰਗ ਐਗਜ਼ੀਕਿਊਟਿਵ ਗੌਰੀ ਸ਼ੰਕਰ ਵੀ ਮੌਜੂਦ ਰਹੇ।