ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਦਾ ਰੂਸ ਦੀ ਯੂਨੀਵਰਸਿਟੀ ਨਾਲ ਸਮਝੌਤਾ ਸਹੀਬੱਧ
ਪੱਤਰ ਪ੍ਰੇਰਕ
ਬਠਿੰਡਾ, 20 ਜੁਲਾਈ
ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਬਠਿੰਡਾ ਤੇ ਸਾਊਦਰਨ ਫੈਡਰਲ ਯੂਨੀਵਰਸਿਟੀ ਰੂਸ ਵਿਚਾਲੇ ਸਹਿਕਾਰੀ ਵਿੱਦਿਅਕ ਅਤੇ ਖੋਜ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਸਮਝੌਤਾ ਸਹੀਬੱਧ ਹੋਇਆ ਹੈ। ਇਸ ਐੱਮਓਯੂ ’ਤੇ ਹਸਤਾਖ਼ਰ ਕਰਨ ਦਾ ਐਲਾਨ ਕਰਦੇ ਹੋਏ ਦੋਹਾਂ ਸੰਸਥਾਵਾਂ ਦੀ ਮੈਨੇਜਮੈਂਟ ਨੇ ਕਿਹਾ ਕਿ ਇਹ ਸਾਂਝੇਦਾਰੀ ਦਾ ਮਕਸਦ ਇੱਕ ਪਲੈਟਫਾਰਮ ਪ੍ਰਦਾਨ ਕਰਨਾ ਹੈ, ਜੋ ਆਲਮੀ ਬਾਜ਼ਾਰ ਵਿੱਚ ਬਹੁਤ ਕੀਮਤੀ ਹਨ। ਦੋਵਾਂ ਸੰਸਥਾਵਾਂ ਦੇ ਸੰਯੁਕਤ ਉਪਰਾਲਿਆਂ ਸਦਕਾ ਵਿਦਿਆਰਥੀਆਂ ਦੀ ਨਾ ਸਿਰਫ਼ ਸਾਂਝੇ ਅਤੇ ਦੋਹਰੇ ਡਿਗਰੀ ਪ੍ਰੋਗਰਾਮਾਂ ਰਾਹੀਂ ਵਿੱਦਿਅਕ ਮੌਕਿਆਂ ਤੱਕ ਪਹੁੰਚ ਹੋਵੇਗੀ, ਸਗੋਂ ਉਹ ਵੱਖ-ਵੱਖ ਖੇਤਰਾਂ ਵਿੱਚ ਕਈ ਯੋਗਤਾਵਾਂ ਅਤੇ ਮੁਹਾਰਤ ਹਾਸਲ ਕਰਨ ਦੇ ਯੋਗ ਹੋਣਗੇ, ਜਿਸ ਨਾਲ ਉਨ੍ਹਾਂ ਦੀ ਰੁਜ਼ਗਾਰ ਯੋਗਤਾ ਅਤੇ ਕਰੀਅਰ ਦੀਆਂ ਸੰਭਾਵਨਾਵਾਂ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ।
ਬਾਬਾ ਫਰੀਦ ਸਮੂਹ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਊਦਰਨ ਫੈਡਰਲ ਯੂਨੀਵਰਸਿਟੀ ਰੂਸ ਅਤੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਟਿਊਸ਼ਨਜ਼, ਬਠਿੰਡਾ ਵਿਦਿਆਰਥੀਆਂ ਨੂੰ ਇੱਕ ਪਰਿਵਰਤਨਸ਼ੀਲ ਵਿੱਦਿਅਕ ਤਜ਼ਰਬਾ ਪ੍ਰਦਾਨ ਕਰਨ ਲਈ ਲੋੜੀਂਦੇ ਹੁਨਰਾਂ ਨੂੰ ਹਾਸਲ ਕਰਨ ਨੂੰ ਸਮਰਪਿਤ ਹਨ।