ਚੀਵਨਿੰਗ ਸਕਾਲਰਸ਼ਿਪ ਲਈ ਉੱਤਰਾਖੰਡ ਸਰਕਾਰ ਤੇ ਯੂਕੇ ਵਿਚਾਲੇ ਸਮਝੌਤਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਅਗਸਤ
ਯੂਕੇ ਸਰਕਾਰ ਨੇ ਉੱਤਰਾਖੰਡ ਵਿਚ ਅਗਲੇ ਤਿੰਨ ਸਾਲਾਂ ਲਈ ਪੰਜ ਪੂਰੀ ਤਰ੍ਹਾਂ ਫੰਡਿਡ ਵਜ਼ੀਫੇ ਦੇਣ ਲਈ ਰਾਜ ਸਰਕਾਰ ਨਾਲ ਇੱਕ ਸਮਝੌਤਾ (ਐਮਓਯੂ) ਸਹੀਬੱਧ ਕੀਤਾ ਹੈ। ਇਸ ਕਰਾਰ ਮੁਤਾਬਕ ਉੱਤਰਾਖੰਡ ਦੇ ਪੰਜ ਵਿਦਿਆਰਥੀਆਂ ਨੂੰ ਸਾਲਾਨਾ ਚੀਵਨਿੰਗ ਸਕਾਲਰਸ਼ਿਪ ਅਤੇ ਫੈਲੋਸ਼ਿਪ ਪ੍ਰੋਗਰਾਮ ਤਹਿਤ ਯੂਕੇ ਵਿੱਚ ਇੱਕ ਸਾਲ ਦੀ ਮਾਸਟਰ ਡਿਗਰੀ ਲਈ ਪੂਰੀ ਵਿੱਤੀ ਸਹਾਇਤਾ ਮਿਲੇਗੀ। ਸਮਝੌਤੇ ਉਤੇ ਅੱਜ ਦੇਹਰਾਦੂਨ ਵਿੱਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਚੰਡੀਗੜ੍ਹ ਸਥਿਤ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕੈਰੋਲਿਨ ਰੋਵੇਟ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ। ਰੋਵੇਟ ਨੇ ਕਿਹਾ, “ਯੂਕੇ ਪੜ੍ਹਾਈ ਲਈ ਸ਼ਾਨਦਾਰ ਜਗ੍ਹਾ ਹੈ ਤੇ ਮੈਨੂੰ ਖੁਸ਼ੀ ਹੈ ਕਿ ਉੱਤਰਾਖੰਡ ਸਰਕਾਰ ਨਾਲ ਸਾਡੀ ਭਾਈਵਾਲੀ ਨੌਜਵਾਨਾਂ ਨੂੰ ਇਸ ਸਕਾਲਰਸ਼ਿਪ ਦਾ ਲਾਭ ਲੈਣ ਦਾ ਮੌਕਾ ਪ੍ਰਦਾਨ ਕਰੇਗੀ।’’ ਉਨ੍ਹਾਂ ਕਿਹਾ ਕਿ ਚੀਵਨਿੰਗ ਸਕਾਲਰਸ਼ਿਪ 2025-26 ਲਈ ਅਰਜ਼ੀਆਂ 5 ਨਵੰਬਰ 2024 ਤੱਕ ਖੁੱਲ੍ਹੀਆਂ ਹਨ। ਵਧੇਰੇ ਜਾਣਕਾਰੀ ਲਈ ਲਈ www.chevening.org/apply ’ਤੇ ਜਾਣਾ ਹੋਵੇਗਾ।