For the best experience, open
https://m.punjabitribuneonline.com
on your mobile browser.
Advertisement

ਯੂਪੀ ਤੇ ਮੱਧ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਤੇ ਕਾਂਗਰਸ ਵਿਚਾਲੇ ਸਮਝੌਤਾ

06:47 AM Feb 22, 2024 IST
ਯੂਪੀ ਤੇ ਮੱਧ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਤੇ ਕਾਂਗਰਸ ਵਿਚਾਲੇ ਸਮਝੌਤਾ
ਮੁਰਾਦਾਬਾਦ ’ਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਅਖਿਲੇਸ਼ ਯਾਦਵ। -ਫੋਟੋ: ਪੀਟੀਆਈ
Advertisement

ਲਖਨਊ, 21 ਫਰਵਰੀ
ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੇ ਭਾਈਵਾਲਾਂ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਨੇ ਅੱਜ ਅਗਾਮੀ ਲੋਕ ਸਭਾ ਚੋਣਾਂ ਸਬੰਧੀ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ’ਚ ਸਮਝੌਤੇ ਦਾ ਐਲਾਨ ਕੀਤਾ ਹੈ। ਉੱਤਰ ਪ੍ਰਦੇਸ਼ ਦੀ ਮੁੱਖ ਵਿਰੋਧੀ ਪਾਰਟੀ ਸਮਾਜਵਾਦੀ ਪਾਰਟੀ ਨੇ ਸੂਬੇ ਲਈ ਹੋਏ ਸਮਝੌਤੇ ਵਿੱਚ ਕਾਂਗਰਸ ਨੂੰ ਕੁੱਲ 80 ਲੋਕ ਸਭਾ ਸੀਟਾਂ ’ਚੋਂ ਰਾਏ ਬਰੇਲੀ, ਅਮੇਠੀ ਤੇ ਵਾਰਾਣਸੀ ਸਣੇ 17 ਸੀਟਾਂ ਦੇਣ ਦੀ ਹਾਮੀ ਭਰੀ ਹੈ। ਹਾਲਾਂਕਿ, ਮੱਧ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਇਕੱਲੀ ਖਜੂਰਾਹੋ ਸੀਟ ਤੋਂ ਚੋਣ ਲੜੇਗੀ ਅਤੇ ਸੂਬੇ ਦੇ ਬਾਕੀ ਲੋਕ ਸਭਾ ਹਲਕਿਆਂ ’ਚ ਕਾਂਗਰਸ ਨੂੰ ਸਮਰਥਨ ਦੇਵੇਗੀ।
ਸੀਟਾਂ ਦੀ ਵੰਡ ਸਬੰਧੀ ਇਹ ਐਲਾਨ ਸਮਾਜਵਾਦੀ ਪਾਰਟੀ ਦੇ ਸੂਬਾ ਪ੍ਰਧਾਨ ਨਰੇਸ਼ ਉੱਤਮ ਪਟੇਲ ਤੇ ਕੌਮੀ ਜਨਰਲ ਸਕੱਤਰ ਰਾਜੇਂਦਰ ਚੌਧਰੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਜੈ ਰਾਏ ਤੇ ਕੁੱਲ ਹਿੰਦਾ ਕਾਂਗਰਸ ਦੇ ਯੂਪੀ ਮਾਮਲਿਆਂ ਬਾਰੇ ਇੰਚਾਰਜ ਅਵਿਨਾਸ਼ ਪਾਂਡੇ ਵੱਲੋਂ ਕੀਤੀ ਗਈ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਪਾਂਡੇ ਨੇ ਕਿਹਾ ਕਿ ਸੂਬੇ ਵਿੱਚ ਕਾਂਗਰਸ 17 ਸੀਟਾਂ ’ਤੇ ਚੋਣ ਲੜੇਗੀ ਜਦਕਿ ਬਾਕੀ 63 ਸੀਟਾਂ ’ਤੇ ਸਮਾਜਵਾਦੀ ਪਾਰਟੀ ਤੇ ਗੱਠਜੋੜ ਦੇ ਹੋਰ ਭਾਈਵਾਲ ਚੋਣ ਲੜਨਗੇ।
ਸਮਾਜਵਾਦੀ ਪਾਰਟੀ ਦੇ ਸੂਬਾ ਪ੍ਰਧਾਨ ਪਟੇਲ ਨੇ ਕਿਹਾ, ‘‘63 ਸੀਟਾਂ ’ਤੇ ਉਮੀਦਵਾਰਾਂ ਸਬੰਧੀ ਫੈਸਲਾ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਲੈਣਗੇ।’’ ਉਨ੍ਹਾਂ ਕਿਹਾ ਕਿ ਕਾਂਗਰਸੀ ਪਾਰਟੀ ਰਾਏ ਬਰੇਲੀ, ਅਮੇਠੀ, ਵਾਰਾਣਸੀ, ਕਾਨਪੁਰ ਸ਼ਹਿਰੀ, ਫ਼ਤਹਿਪੁਰ ਸੀਕਰੀ, ਬਾਸਗਾਓਂ, ਸਹਾਰਨਪੁਰ, ਪ੍ਰਯਾਗਰਾਜ, ਮਹਾਰਾਜਗੰਜ, ਅਮਰੋਹਾ, ਝਾਂਸੀ, ਬੁਲੰਦਸ਼ਹਿਰ, ਗਾਜ਼ੀਆਬਾਦ, ਮਥੁਰਾ, ਸੀਤਾਪੁਰ, ਬਾਰਾਬਾਂਕੀ ਅਤੇ ਦੇਵਰੀਆ ਤੋਂ ਚੋਣ ਲੜੇਗੀ। ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ ਇਸ ਵੇਲੇ ਰਾਏ ਬਰੇਲੀ ਤੋਂ ਸੰਸਦ ਮੈਂਬਰ ਹਨ ਜਦਕਿ ਰਾਹੁਲ ਗਾਂਧੀ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਅਮੇਠੀ ਲੋਕ ਸਭਾ ਸੀਟ ਭਾਜਪਾ ਦੀ ਸਮ੍ਰਿਤੀ ਇਰਾਨੀ ਤੋਂ ਹਾਰ ਗਏ ਸਨ।
ਪਟੇਲ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਖਜੁਰਾਹੋ ਸੀਟ ਤੋਂ ਚੋਣ ਲੜੇਗੀ ਜਦਕਿ ਬਾਕੀ ਸੀਟਾਂ ’ਤੇ ਕਾਂਗਰਸ ਨੂੰ ਸਮਰਥਨ ਦੇਵੇਗੀ। ਇਸ ਸੂਬੇ ਵਿੱਚ ਕੁੱਲ 29 ਲੋਕ ਸਭਾ ਸੀਟਾਂ ਹਨ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਦੇ ਸੀਨੀਅਰ ਆਗੂ ਮਿਲ ਕੇ ਗੱਠਜੋੜ ਦੇ ਭਵਿੱਖ ਦੇ ਪ੍ਰੋਗਰਾਮ ਉਲੀਕਣਗੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਯੂਪੀ ’ਚ ਚੱਲ ਰਹੀ ਭਾਰਤ ਜੋੜੋ ਨਿਆਏ ਯਾਤਰਾ ਵਿੱਚ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਅਖਿਲੇਸ਼ 24 ਜਾਂ 25 ਫਰਵਰੀ ਨੂੰ ਯਾਤਰਾ ਦੌਰਾਨ ਰਾਹੁਲ ਨਾਲ ਲੋਕਾਂ ਦੇ ਰੂਬਰੂ ਹੋਣਗੇ। ਉਨ੍ਹਾਂ ਆਸ ਜਤਾਈ ਕਿ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦਾ ਗਠਜੋੜ ਭਾਜਪਾ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਨੂੰ ਲੋਕ ਸਭਾ ਚੋਣਾਂ ਵਿੱਚ ਸਖ਼ਤ ਟੱਕਰ ਦੇਵੇਗਾ। -ਪੀਟੀਆਈ

Advertisement

ਪ੍ਰਿਅੰਕਾ ਨੇ ਸਮਝੌਤੇ ’ਚ ਅਹਿਮ ਭੂਮਿਕਾ ਨਿਭਾਈ

ਨਵੀਂ ਦਿੱਲੀ: ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਵੱਲੋਂ ਅੱਜ ਫੋਨ ’ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਕੀਤੀ ਗਈ ਗੱਲਬਾਤ ਦੋਹਾਂ ਪਾਰਟੀਆਂ ਦੇ ਲੋਕ ਸਭਾ ਚੋਣਾਂ ਸਬੰਧੀ ਹੋਏ ਸਮਝੌਤੇ ਲਈ ਅਹਿਮ ਸਾਬਿਤ ਹੋਈ। ਇਸ ਗੱਲਬਾਤ ਦੌਰਾਨ ਸੀਟਾਂ ਦੀ ਵੰਡ ਨੂੰ ਲੈ ਕੇ ਦੋਹਾਂ ਪਾਰਟੀਆਂ ਵਿਚਾਲੇ ਸਹਿਮਤੀ ਬਣ ਗਈ। ਸੂਤਰਾਂ ਦਾ ਪਹਿਲਾਂ ਕਹਿਣਾ ਸੀ ਕਿ ਕਾਂਗਰਸ ਨੂੰ ਉਹ ਸੀਟਾਂ ਦਿੱਤੀਆਂ ਜਾ ਰਹੀਆਂ ਸਨ ਜਿੱਥੇ ਕਿ ਜਿੱਤਣ ਦੀ ਆਸ ਘੱਟ ਹੈ ਜਦਕਿ ਕਾਂਗਰਸ ਪਾਰਟੀ ਵੱਲੋਂ ਬਦਲਵੇਂ ਹਲਕਿਆਂ ਦੀ ਮੰਗ ਕੀਤੀ ਜਾ ਰਹੀ ਸੀ। ਪ੍ਰਿਅੰਕਾ ਤੇ ਅਖਿਲੇਸ਼ ਯਾਦਵ ਵਿਚਾਲੇ ਫੋਨ ’ਤੇ ਹੋਈ ਗੱਲਬਾਤ ਤੋਂ ਬਾਅਦ ਹੋਏ ਇਸ ਸਮਝੌਤੇ ਤਹਿਤ ਹੁਣ ਕਾਂਗਰਸ ਨੂੰ ਸੀਤਾਪੁਰ ਤੇ ਬਾਰਾਬਾਂਕੀ ਵਰਗੀਆਂ ਸੀਟਾਂ ਵੀ ਮਿਲ ਗਈਆਂ ਹਨ। ਇਸ ਤਰ੍ਹਾਂ ਹੁਣ ਕਾਂਗਰਸ ਦਾ ਵਧੀਆ ਵਧੀਆ ਸੌਦਾ ਹੋ ਗਿਆ ਹੈ। ਸੂਤਰਾਂ ਮੁਤਾਬਕ ਮੁਰਾਦਾਬਾਦ ਡਿਵੀਜ਼ਨ ਵਿੱਚ ਕਾਂਗਰਸ ਨੇ ਦੋ ਸੀਟਾਂ ਮੰਗੀਆਂ ਸਨ ਪਰ ਉਸ ਨੂੰ ਸਿਰਫ ਇਕ ਅਮਰੋਹਾ ਹੀ ਮਿਲੀ ਹੈ। ਪਹਿਲਾਂ ਕਿਆਸ ਲਾਏ ਜਾ ਰਹੇ ਸਨ ਕਿ ਪ੍ਰਿਅੰਕਾ ਰਾਏਬਰੇਲੀ ਤੋਂ ਚੋਣ ਲੜ ਸਕਦੀ ਹੈ। ਕਾਂਗਰਸ ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਰਾਜਸਥਾਨ ਤੋਂ ਰਾਜ ਸਭਾ ਲਈ ਚੁਣੇ ਜਾਣ ਕਾਰਨ ਮੰਨਿਆ ਜਾ ਰਿਹਾ ਸੀ ਕਿ ਪ੍ਰਿਅੰਕਾ ਉਨ੍ਹਾਂ ਦੀ ਸੀਟ ਤੋਂ ਚੋਣ ਲੜੇਗੀ ਪਰ ਕਨਸੋਆ ਮਿਲ ਰਹੀਆਂ ਹਨ ਕਿ ਪ੍ਰਿਅੰਕਾ ਗਾਂਧੀ ਰਾਏਬਰੇਲੀ ਤੋਂ ਚੋਣ ਲੜਨ ਦੇ ਪੱਖ ਵਿੱਚ ਨਹੀਂ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement