ਹਵਾ ਦੀ ਗੁਣਵੱਤਾ ਲਈ ਖ਼ਾਲਸਾ ਕਾਲਜ ਅਤੇ ‘ਆਸਰ’ ਵੱਲੋਂ ਸਮਝੌਤਾ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 29 ਅਗਸਤ
ਖਾਲਸਾ ਕਾਲਜ ਫ਼ਾਰ ਵਿਮੈੱਨ ਅਤੇ ਬੰਗਲੁਰੂ ਸਥਿਤ ਆਸਰ ਸੋਸ਼ਲ ਇੰਪੈਕਟ ਐਡਵਾਈਜ਼ਰਜ਼ ਪ੍ਰਾਈਵੇਟ ਲਿਮਟਿਡ ਵਿਚਾਲੇ ਸਾਫ਼ ਹਵਾ ਦੇ ਖੇਤਰਾਂ ’ਚ ਮਿਲ ਕੇ ਕੰਮ ਕਰਨ ਲਈ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਗਏ। ਇਹ ਸਮਝੌਤਾ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜੂਦਗੀ ’ਚ ਕੀਤਾ ਗਿਆ। ਇਸ ਸਮਝੌਤੇ ਰਾਹੀਂ ਕਾਲਜ ਵਿੱਚ ਹਵਾ ਦੀ ਗੁਣਵੱਤਾ ਦੀ ਜਾਂਚ ਲਈ ‘ਪੰਜਾਬ ਏਅਰ ਕੇਅਰ ਸੈਂਟਰ’ ਸਥਾਪਤ ਕੀਤਾ ਜਾਵੇਗਾ। ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਅਤੇ ਆਸਾਰ ਦੇ ਪ੍ਰੋਗਰਾਮ ਮੁਖੀ ਸਨਮਦੀਪ ਸਿੰਘ ਨੇ ਸਮਝੌਤਿਆਂ ’ਤੇ ਦਸਤਖਤ ਕੀਤੇ। ਉਨ੍ਹਾਂ ਦੱਸਿਆ ਕਿ ਇਸ ਨਵੇਂ ਕੇਂਦਰ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਗੁਰੂ ਨਗਰੀ ਅਤੇ ਆਸ-ਪਾਸ ਦੇ ਇਲਾਕਿਆਂ ’ਚ ਹਵਾ ਦੀ ਗੁਣਵੱਤਾ ਸਬੰਧੀ ਸਰਵੇਖਣ ਕੀਤੇ ਜਾਣਗੇ। ਇਸ ਮੌਕੇ ਸਨਮਦੀਪ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਹਿਲੇ ਕਾਲਜ ਨਾਲ ਕੀਤੇ ਇਸ ਸਮਝੌਤੇ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਅਗਲੇ ਇੱਕ ਸਾਲ ਤੱਕ ਇਨ੍ਹਾਂ ਪ੍ਰਬੰਧਾਂ ਤਹਿਤ ਗਤੀਵਿਧੀਆਂ ਨੂੰ ਜਾਰੀ ਰੱਖਣ ਲਈ ਸੀਨੀਅਰ ਫੈਕਲਟੀ ਸ਼ਾਮਲ ਹੋ ਕੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਨਗੇ।