For the best experience, open
https://m.punjabitribuneonline.com
on your mobile browser.
Advertisement

ਅਗਨੀਵੀਰਾਂ ਨੂੰ ਨੌਕਰੀ ਤੇ ਐੱਸਵਾਈਐੱਲ ਦੀ ਡੱਟ ਕੇ ਪੈਰਵੀ ਦਾ ਵਾਅਦਾ

07:23 AM Sep 29, 2024 IST
ਅਗਨੀਵੀਰਾਂ ਨੂੰ ਨੌਕਰੀ ਤੇ ਐੱਸਵਾਈਐੱਲ ਦੀ ਡੱਟ ਕੇ ਪੈਰਵੀ ਦਾ ਵਾਅਦਾ
ਕਾਂਗਰਸ ਪਾਰਟੀ ਦਾ ਚੋਣ ਮੈਨੀਫੈਸਟੋ ਜਾਰੀ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਪਾਰਟੀ ਆਗੂ ਭੁਪਿੰਦਰ ਹੁੱਡਾ ਤੇ ਹੋਰ।
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 28 ਸਤੰਬਰ
ਹਰਿਆਣਾ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਲਈ ਅੱਜ ਆਪਣਾ ਚੋਣ ਮੈਨੀਫੈਸਟੋ ‘ਹਾਥ ਬਦਲੇਗਾ ਹਾਲਾਤ’ ਜਾਰੀ ਕਰ ਦਿੱਤਾ ਹੈ। ਪਾਰਟੀ ਨੇ ਮੈਨੀਫੈਸਟੋ ਵਿੱਚ ਕਿਸਾਨ, ਜਵਾਨ, ਪਹਿਲਵਾਨ ਤੇ ਔਰਤਾਂ ਸਣੇ ਸਮਾਜ ਦੇ ਹਰੇਕ ਵਰਗ ਵੱਲ ਧਿਆਨ ਕੇਂਦਰਿਤ ਕਰਨ ਦਾ ਦਾਅਵਾ ਕੀਤਾ ਹੈ। ਪਾਰਟੀ ਨੇ ਪਾਣੀਆਂ ਨਾਲ ਜੁੜੇ ਐੱਸਵਾਈਐੱਲ ਮੁੱਦੇ ਦੀ ਡਟ ਕੇ ਪੈਰਵੀ ਕਰਨ ਦਾ ਵੀ ਵਾਅਦਾ ਕੀਤਾ ਹੈ। ਚੋਣ ਮੈਨੀਫੈਸਟੋ ਰਿਲੀਜ਼ ਕਰਨ ਮੌਕੇ ਹਰਿਆਣਾ ਚੋਣਾਂ ਲਈ ਸੀਨੀਅਰ ਨਿਗਰਾਨ ਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸੂਬੇ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਸੂਬਾ ਪ੍ਰਧਾਨ ਚੌਧਰੀ ਉਦੈ ਭਾਨ, ਕਾਰਜਕਾਰੀ ਪ੍ਰਧਾਨ ਜਤਿੰਦਰ ਭਾਰਦਵਾਜ ਤੇ ਪਾਰਟੀ ਦੇ ਸੀਨੀਅਰ ਆਗੂ ਮੌਜੂਦ ਸਨ।
ਕਾਂਗਰਸੀ ਆਗੂਆਂ ਨੇ ਚੋਣ ਮੈਨੀਫੈਸਟੋ ਜਾਰੀ ਕਰਦਿਆਂ ਸੂਬੇ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਨੌਜਵਾਨਾਂ ਲਈ ਰੁਜ਼ਗਾਰ ਦਾ ਰਾਹ ਪਹਿਲ ਦੇ ਆਧਾਰ ’ਤੇ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਵੱਲੋਂ ਦੋ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਅਗਨੀਵੀਰ ਯੋਜਨਾ ਅਧੀਨ ਸੇਵਾ ਮੁਕਤ ਹੋਣ ਵਾਲੇ ਜਵਾਨਾਂ ਨੂੰ ਨੌਕਰੀ ਅਤੇ ਸ਼ਹੀਦ ਜਵਾਨ ਦੇ ਪਰਿਵਾਰ ਨੂੰ ਦੋ ਕਰੋੜ ਰੁਪਏ ਸਨਮਾਨ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ਨਸ਼ਾ ਮੁਕਤ ਹਰਿਆਣਾ ਕਮਿਸ਼ਨ ਅਤੇ ਵਿਸ਼ੇਸ਼ ਟਾਸਕ ਫੋਰਸ ਬਣਾਈ ਜਾਵੇਗੀ। ਕਾਂਗਰਸ ਵੱਲੋਂ ‘ਪਦਕ ਲਿਆਉ, ਪਦ ਪਾਓ’ ਨੀਤੀ ਤਹਿਤ ਨੌਕਰੀਆਂ ਵਿੱਚ ਖਿਡਾਰੀਆਂ ਦੇ ਰਾਖਵੇਂਕਰਨ ਨੂੰ ਮੁੜ ਬਹਾਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਖਿਡਾਰੀਆਂ ਲਈ ਵਿਸ਼ੇਸ਼ ਵਜ਼ੀਫਾ ਸਕੀਮ ਸ਼ੁਰੂ ਕੀਤੀ ਜਾਵੇਗੀ। ਸੂਬੇ ਵਿੱਚ ਕੱਚੇ ਸਫਾਈ ਕਾਮਿਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਸੀਵਰ ਸਫਾਈ ਕਰਨ ਵਾਲੇ ਕਾਮਿਆਂ ਨੂੰ 5 ਹਜ਼ਾਰ ਰੁਪਏ ਮਹੀਨਾ ਵਾਧੂ ਤਨਖਾਹ ਅਤੇ ਉਨ੍ਹਾਂ ਦਾ 30 ਲੱਖ ਰੁਪਏ ਤੱਕ ਦਾ ਬੀਮਾ ਕੀਤਾ ਜਾਵੇਗਾ। ਸੂਬੇ ਵਿੱਚ ਬ੍ਰਾਹਮਣ, ਪੰਜਾਬੀ, ਸਵਰਨਕਾਰ ਕਲਿਆਨ ਬੋਰਡ ਦੇ ਨਾਲ-ਨਾਲ ਵੱਖ-ਵੱਖ ਵਰਗਾਂ ਦੀ ਬਿਹਤਰੀ ਲਈ 21 ਸਮਾਜ ਭਲਾਈ ਬੋਰਡ ਬਣਾਏ ਜਾਣਗੇ। ਸੂਬੇ ਵਿੱਚ ‘ਮੇਰੀ ਫ਼ਸਲ ਮੇਰਾ ਬਿਓਰਾ’ ਵਰਗੇ ਪੋਰਟਲਾਂ ਨੂੰ ਬੰਦ ਕੀਤਾ ਜਾਵੇਗਾ। ਕਾਂਗਰਸੀ ਆਗੂਆਂ ਨੇ ਕਿਹਾ ਕਿ ਸੂਬੇ ਨੂੰ ਐੱਸਵਾਈਐੱਲ ਦਾ ਪਾਣੀ ਦਿਵਾਉਣ ਲਈ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਲਾਗੂ ਕਰਨ ਲਈ ਮਜ਼ਬੂਤੀ ਨਾਲ ਪੈਰਵੀ ਕੀਤੀ ਜਾਵੇਗੀ। ਦਾਦੁਪੂਰ ਨਲਵੀ ਨਹਿਰ ਯੋਜਨਾ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ। ਯਮੂਨਾ ਦਾ ਪਾਣੀ ਰਾਜਸਥਾਨ ਨੂੰ ਦੇਣ ਲਈ ਦਿੱਤੇ ਸਮਝੌਤੇ ਨੂੰ ਰੱਦ ਕੀਤਾ ਜਾਵੇਗਾ। ਕਾਂਗਰਸ ਨੇ 18 ਤੋਂ 60 ਸਾਲ ਦੀਆਂ ਔਰਤਾਂ ਨੂੰ ਦੋ ਹਜ਼ਾਰ ਰੁਪਏ ਮਾਸਿਕ ਅਤੇ ਗੈਸ ਸਿਲੰਡਰ 500 ਰੁਪਏ ਵਿੱਚ ਦੇਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਨੌਕਰੀਆਂ ਵਿੱਚ 33 ਫ਼ੀਸਦ ਰਾਖਵਾਂਕਰਨ ਅਤੇ ਪੰਚਾਇਤੀ ਤੇ ਸਥਾਨਕ ਚੋਣਾਂ ਵਿੱਚ ਔਰਤਾਂ ਲਈ 50 ਫ਼ੀਸਦ ਰਾਖਵਾਂਕਰਨ ਦਿੱਤਾ ਜਾਵੇਗਾ। ਕਾਂਗਰਸ ਨੇ ਸੂਬੇ ਦੇ ਲੋਕਾਂ ਨੂੰ 25 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਤੇ ਹਰੇਕ ਜ਼ਿਲ੍ਹੇ ਵਿੱਚ ਸੁਪਰ-ਸਪੈਸ਼ਲਿਟੀ ਹਸਪਤਾਲ ਖੋਲ੍ਹਣ, ਮੈਡੀਕਲ ਕਾਲਜਾਂ ਦੀ ਫੀਸ ਘੱਟ ਕਰਨ ਤੇ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਮੁਫ਼ਤ ਚੈਕਅੱਪ ਕਰਵਾਉਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਗਰੀਬ ਪਰਿਵਾਰਾਂ ਨੂੰ 100-100 ਗਜ਼ ਦੇ ਮੁਫ਼ਤ ਪਲਾਟ ਤੇ ਦੋ ਕਮਰਿਆਂ ਦੀ ਉਸਾਰੀ ਲਈ 3.5 ਲੱਖ ਰੁਪਏ ਦਿੱਤੇ ਜਾਣਗੇ।

Advertisement

ਹਰ ਵਿਧਾਨ ਸਭਾ ਹਲਕੇ ਵਿੱਚ ਬਣੇਗਾ ਮਹਿਲਾ ਕਾਲਜ

ਕਾਂਗਰਸ ਪਾਰਟੀ ਨੇ ਸੂਬੇ ਵਿੱਚ ਅਧਿਆਪਕਾਂ ਦੀ ਭਰਤੀ ਕਰਨ ਅਤੇ ਰਾਜ ਸਿੱਖਿਆ ਕਮਿਸ਼ਨ ਬਣਾਉਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਮ ’ਤੇ ਕੁਰੂਕਸ਼ੇਤਰ ਤੇ ਮੇਵਾਤ ’ਚ ਯੂਨੀਵਰਸਿਟੀ ਅਤੇ ਹਰ ਵਿਧਾਨ ਸਭਾ ਹਲਕੇ ਵਿੱਚ ਮਹਿਲਾ ਕਾਲਜ ਤੇ ਹਰੇਕ ਬਲਾਕ ਵਿੱਚ ਆਈਆਈਟੀ ਬਣਾਇਆ ਜਾਵੇਗਾ। ਸਕੂਲ ਤੇ ਕਾਲਜ ਜਾਣ ਵਾਲੀਆਂ ਮੁਟਿਆਰਾਂ ਲਈ ਪਿੰਕ ਮਿੰਨੀ ਬੱਸ ਤੇ ਪਿੰਕ ਈ-ਰਿਕਸ਼ਾ ਦੀ ਮੁਫ਼ਤ ਸਹੂਲਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਿੱਖਿਅਤ ਔਰਤਾਂ ਨੂੰ ਸਵੈ-ਰੁਜ਼ਗਾਰ ਲਈ 20 ਲੱਖ ਰੁਪਏ ਦਾ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ।

Advertisement

ਹਰਿਆਣਾ ਵਿਚ ‘ਦਸ ਸਾਲਾਂ ਦਾ ਦਰਦ’ ਮਿਟਾਵਾਂਗੇ: ਰਾਹੁਲ

ਨਵੀਂ ਦਿੱਲੀ: ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਹਰਿਆਣਾ ਵਿਚ ‘ਆਉਣ ਵਾਲੀ’ ਕਾਂਗਰਸ ਦੀ ਅਗਲੀ ਸਰਕਾਰ ‘ਪਿਛਲੇ ਦਸ ਸਾਲਾਂ ਦੇ ਦੁੱਖ ਦਰਦਾਂ’ ਨੂੰ ਦੂਰ ਕਰੇਗੀ ਤੇ ਪਾਰਟੀ ਨੇ ਸੂਬੇ ਦੇ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਪੂਰੀਆਂ ਕਰਨ ਦਾ ਅਹਿਦ ਲਿਆ ਹੈ। ਗਾਂਧੀ ਹਰਿਆਣਾ ਕਾਂਗਰਸ ਵੱਲੋਂ 5 ਅਕਤੂੁਬਰ ਦੀਆਂ ਅਸੈਂਬਲੀ ਚੋਣਾਂ ਲਈ ਜਾਰੀ ਚੋਣ ਮੈਨੀਫੈਸਟੋ ਦੇ ਹਵਾਲੇ ਨਾਲ ਬੋਲ ਰਹੇ ਸਨ। ਗਾਂਧੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਭਾਜਪਾ ਨੇ ਪਿਛਲੇ ਇਕ ਦਹਾਕੇ ਵਿਚ ਹਰਿਆਣਾ ਦੀ ਖ਼ੁਸ਼ਹਾਲੀ, ਸੁਪਨੇ ਤੇ ਤਾਕਤ ਖੋਹ ਲਈ ਹੈ। ਗਾਂਧੀ ਨੇ ਦਾਅਵਾ ਕੀਤਾ ਕਿ ਅਗਨੀਵੀਰ ਸਕੀਮ ਨੇ ਵਤਨਪ੍ਰਸਤ ਨੌਜਵਾਨਾਂ ਦੀਆਂ ਖਾਹਿਸ਼ਾਂ ਖੋਹ ਲਈਆਂ, ਬੇਰੁਜ਼ਗਾਰੀ ਨੇ ਪਰਿਵਾਰਾਂ ਦੀ ਮੁਸਕਾਨ ਤੇ ਮਹਿੰਗਾਈ ਨੇ ਮਹਿਲਾਵਾਂ ਤੋਂ ਸਵੈ-ਵਿਸ਼ਵਾਸ ਖੋਹ ਲਿਆ। ਉਨ੍ਹਾਂ ਕਿਹਾ, ‘ਕਾਲੇ ਕਾਨੂੰਨ ਲਿਆ ਕੇ ਉਨ੍ਹਾਂ ਕਿਸਾਨਾਂ ਦੇ ਹੱਕ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਨੋਟਬੰਦੀ ਤੇ ਗ਼ਲਤ ਜੀਐੱਸਟੀ ਜ਼ਰੀਏ ਉਨ੍ਹਾਂ ਲੱਖਾਂ ਵਪਾਰੀਆਂ ਤੋਂ ਲਾਭ ਖੋਹ ਲਏ। ਭਾਜਪਾ ਨੇ ਆਪਣੇ ‘ਦੋਸਤਾਂ’ ਨੂੰ ਲਾਹਾ ਦੇਣ ਲਈ ਹਰਿਆਣਾ ਦਾ ਸਵੈ-ਮਾਣ ਵੀ ਖੋਹ ਲਿਆ।’ ਉਧਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪੀਰੀਓਡਿਕ ਲੇਬਰ ਫੋਰਸ ਸਰਵੇ ਦੇ ਹਵਾਲੇ ਨਾਲ ਕਿਹਾ ਕਿ ਅੱਜ ਦੇਸ਼ ਵਿਚ ਬੇਰੁਜ਼ਗਾਰੀ ਤੋਂ ਵੱਡਾ ਕੋਈ ਮੁੱਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਾਦ ਰੱਖਣ ਕਿ ਹਰੇਕ ਨੌਜਵਾਨ, ਜਿਸ ਤੋਂ ਉਨ੍ਹਾਂ ਦੀ ਸਰਕਾਰ ਨੇ ਰੁਜ਼ਗਾਰ ‘ਖੋਹਿਆ’ ਹੈ, ਹਰੇਕ ਚੋਣ ਵਿਚ ਭਾਜਪਾ ਦੀ ਹਾਰ ਯਕੀਨੀ ਬਣਾਏਗਾ। -ਪੀਟੀਆਈ

ਕਿਸਾਨ ਭਲਾਈ ਕਮਿਸ਼ਨ ਤੇ ਸ਼ਹੀਦੀ ਸਮਾਰਕ ਬਣਾਉਣ ਦਾ ਵਾਅਦਾ

ਕਾਂਗਰਸ ਪਾਰਟੀ ਨੇ ਕਿਸਾਨਾਂ ਦੀ ਭਲਾਈ ਲਈ ਕਿਸਾਨ ਭਲਾਈ ਕਮਿਸ਼ਨ ਬਣਾਉਣ ਦਾ ਵਾਅਦਾ ਕੀਤਾ ਹੈ। ਇਹ ਕਮਿਸ਼ਨ ਕਿਸਾਨਾਂ ਦੀ ਕਰਜ਼ਾ ਮੁਆਫੀ ਬਾਰੇ ਕੰਮ ਕਰੇਗਾ। ਕਿਸਾਨਾਂ ਦੀ ਫਸਲ ਐੱਮਐੱਸਪੀ ’ਤੇ ਖਰੀਦੀ ਜਾਵੇਗੀ ਅਤੇ ਫਸਲਾ ਦਾ ਮੁਆਵਜ਼ਾ 30 ਦਿਨਾਂ ਦੇ ਅੰਦਰ ਦਿੱਤਾ ਜਾਵੇਗਾ। ਖੇਤ ਵਿੱਚ ਕਿਸਾਨ ਤੇ ਮਜ਼ਦੂਰ ਦੀ ਮੌਤ ਹੋਣ ’ਤੇ 10 ਲੱਖ ਰੁਪਏ ਦੀ ਮਦਦ ਦਿੱਤੀ ਜਾਵੇਗੀ। ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਵਿੱਚ ਸਿੰਘੂ ਤੇ ਟਿਕਰੀ ਬਾਰਡਰ ’ਤੇ ਸ਼ਹੀਦੀ ਸਮਾਰਕ ਬਣਾਉਣ ਤੇ ਸ਼ਹੀਦ ਹੋਏ ਕਿਸਾਨਾਂ ਦੇ ਵਾਰਿਸਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ। ਭਾਜਪਾ ਵੱਲੋਂ ਕਿਸਾਨਾਂ ਵਿਰੁੱਧ ਦਰਜ ਕੀਤੇ ਕੇਸ ਰੱਦ ਕੀਤੇ ਜਾਣਗੇ।

Advertisement
Author Image

sukhwinder singh

View all posts

Advertisement