‘ਅਗਨੀ’ ਫ਼ਿਲਮ ਆਪਣੀ ਤਰ੍ਹਾਂ ਦਾ ਪਹਿਲਾ ਪ੍ਰਾਜੈਕਟ: ਪ੍ਰਤੀਕ ਗਾਂਧੀ
ਮੁੰਬਈ: ਅਦਾਕਾਰ ਪ੍ਰਤੀਕ ਗਾਂਧੀ ਜੋ ਕਿ ਫ਼ਿਲਮ ‘ਅਗਨੀ’ ਵਿੱਚ ਇੱਕ ਫਾਇਰਫਾਈਟਰ (ਫਾਇਰ ਬ੍ਰਿਗੇਡ ਮੈਂਬਰ) ਦੀ ਭੂਮਿਕਾ ਨਿਭਾਅ ਰਿਹਾ ਹੈ, ਨੇ ਕਿਹਾ ਕਿ ਜਦੋਂ ਡਾਇਰੈਕਟਰ ਰਾਹੁਲ ਢੋਲਕੀਆ ਨੇ ਉਸ ਨੂੰ ਇਸ ਫ਼ਿਲਮ ਦੀ ਸਕ੍ਰਿਪਟ ਸੁਣਾਈ ਤਾਂ ਉਸ ਨੇ ਝੱਟ ਹੀ ਇਹ ਪੇਸ਼ਕਸ਼ ਕਬੂਲ ਕਰ ਲਈ ਕਿਉਂਕ ਇਹ ਆਪਣੀ ਤਰ੍ਹਾਂ ਦਾ ਅਜਿਹਾ ਪਹਿਲਾ ਪ੍ਰਾਜੈਕਟ ਹੈ। ਇਸ ਨੂੰ ਭਾਰਤ ’ਚ ਫਾਇਰ ਬ੍ਰਿਗੇਡ ਅਮਲੇ ’ਤੇ ਆਧਾਰਿਤ ਪਹਿਲੀ ਫ਼ਿਲਮ ਦੱਸਿਆ ਜਾ ਰਿਹਾ ਹੈ ਅਤੇ ਆਉਣ ਵਾਲੀ ਇਸ ਫ਼ਿਲਮ ਦੀ ਕਹਾਣੀ ਇੱਕ ਫਾਇਰ ਬ੍ਰਿਗੇਡ ਮੁਲਾਜ਼ਮ (ਪ੍ਰਤੀਕ ਗਾਂਧੀ) ਅਤੇ ਇੱਕ ਪੁਲੀਸ ਮੁਲਾਜ਼ਮ (ਦਿਵਯੇਂਦੂ) ਜੋ ਕਿ ਸ਼ਹਿਰ ’ਚ ਭੇਤ-ਭਰੇ ਢੰਗ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਵਧਣ ਦੀ ਜਾਂਚ ਕਰਦੇ ਹਨ, ਦੁਆਲੇ ਘੁੰਮਦੀ ਹੈ। ਗਾਂਧੀ ਤੇ ਦਿਵੇਂਦੂ ਪਹਿਲਾਂ ਵੀ ਕਾਮੇਡੀ ਫ਼ਿਲਮ ‘ਮਡਗਾਓਂ ਐਕਸਪ੍ਰੈੱਸ’ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਪ੍ਰਤੀਕ ਗਾਂਧੀ ਨੇ ਇੱਕ ਇੰਟਰਵਿਊ ’ਚ ਕਿਹਾ, ‘‘ਰਾਹੁਲ ਢੋਲਕੀਆ ਨੇ ਫ਼ਿਲਮ ਦੀ ਕਹਾਣੀ ਸੁਣਾਈ ਸੀ ਅਤੇ ਮੈਂ ਪਹਿਲਾਂ ਵੀ ਉਨ੍ਹਾਂ ਦਾ ਕੰਮ ਦੇਖਿਆ ਹੈ। ਉਨ੍ਹਾਂ ਨੂੰ ਮਿਲ ਕੇ ਤੇ ਫ਼ਿਲਮ ਪ੍ਰਤੀ ਉਨ੍ਹਾਂ ਦੇ ਨਜ਼ਰੀਏ ਨਾਲ ਮੇਰਾ ਉਤਸ਼ਾਹ ਕਾਫੀ ਵਧਿਆ। ਇਹ ਅਜਿਹਾ ਪ੍ਰਾਜੈਕਟ ਹੈ ਜਿਹੜਾ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ।’’ ਅਦਾਕਾਰ ਨੇ ਕਿਹਾ ਕਿ ‘ਮਡਗਾਓਂ ਐਕਸਪ੍ਰੈੱਸ’ ਦੇ ਸਾਥੀ ਅਦਾਕਾਰ ਦਿਵਯੇਂਦੂ ਨਾਲ ਮੁੜ ਕੰਮ ਕਰਨ ਲਈ ਉਤਸ਼ਾਹਿਤ ਹਾਂ। ਫ਼ਿਲਮ ‘ਅਗਨੀ’ ਵਿੱਚ ਸਿਆਮੀ ਖੇਰ, ਸਾਈ ਤਮਹਾਂਕਰ, ਜਿਤੇਂਦਰ ਜੋਸ਼ੀ, ਉਦਿਤ ਅਰੋੜਾ ਅਤੇ ਕਬੀਰ ਸ਼ਾਹ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। -ਪੀਟੀਆਈ