ਅਗਰਤਲਾ ਹਮਲਾ ਭਾਰਤ ਦੀ ‘ਨਾਕਾਮੀ’: ਨਜ਼ਰੁਲ
ਢਾਕਾ:
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਵਿਚ ਪ੍ਰਭਾਵਸ਼ਾਲੀ ਸਲਾਹਕਾਰ ਨੇ ਅਗਰਤਲਾ ਵਿਚ ਬੰਗਲਾਦੇਸ਼ ਦੇ ਕੂਟਨੀਤਕ ਮਿਸ਼ਨ ਵਿਚ ਭੰਨਤੋੜ ਨੂੰ ਭਾਰਤ ਦੀ ‘ਨਾਕਾਮੀ’ ਕਰਾਰ ਦਿੰਦਿਆਂ ਨਵੀਂ ਦਿੱਲੀ ਨੂੰ ਸ਼ੇਖ ਹਸੀਨਾ ਸਰਕਾਰ ਦੇ ਤਖ਼ਤਾ ਪਲਟ ਮਗਰੋਂ ਆਪਣੇ ਗੁਆਂਢੀ (ਬੰਗਲਾਦੇਸ਼) ਦਾ ਨਵੇਂ ਸਿਰੇ ਤੋਂ ਮੁਲਾਂਕਣ ਕਰਨ ਲਈ ਕਿਹਾ ਹੈ। ਕਾਨੂੰਨ ਮਾਮਲਿਆਂ ਬਾਰੇ ਸਲਾਹਾਕਾਰ ਆਸਿਫ਼ ਨਜ਼ਰੁਲ ਨੇ ਫੇਸਬੁੱਕ ਪੋਸਟ ਉੱਤੇ ਲਿਖਿਆ, ‘‘ਅਸੀਂ ਬਰਾਬਰੀ ਤੇ ਪਰਸਪਰ ਸਤਿਕਾਰ ਉੱਤੇ ਆਧਾਰਿਤ ਦੋਸਤੀ ਵਿਚ ਯਕੀਨ ਰੱਖਦੇ ਹਾਂ। ਸ਼ੇਖ ਹਸੀਨਾ ਸਰਕਾਰ ਨੇ ਬਿਨਾਂ ਚੋਣਾਂ ਦੇ ਸੱਤਾ ਹਾਸਲ ਕਰਨ ਲਈ ਭਾਰਤ ਪੱਖੀ ਨੀਤੀ ਅਪਣਾਈ, ਪਰ ਭਾਰਤ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਸੇਖ਼ ਹਸੀਨਾ ਦਾ ਬੰਗਲਾਦੇਸ਼ ਨਹੀਂ ਹੈ।’’ ਸਰਕਾਰੀ ਨੌਕਰੀਆਂ ਵਿਚ ਵਿਵਾਦਿਤ ਰਾਖਵਾਂਕਰਨ ਨੂੰ ਲੈ ਕੇ ਅਵਾਮੀ ਲੀਗ ਦੀ ਅਗਵਾਈ ਵਾਲੀ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨਾਂ ਮਗਰੋਂ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ 5 ਅਗਸਤ ਨੂੰ ਅਹੁਦਾ ਛੱਡ ਕੇ ਭਾਰਤ ਭੱਜਣਾ ਪੈ ਗਿਆ ਸੀ। ਨਜ਼ਰੁਲ ਨੇ ਕਿਹਾ ਕਿ ਅਗਰਤਲਾ ਵਿਚ ਬੰਗਲਾਦੇਸ਼ ਦੇ ਸਹਾਇਕ ਹਾਈ ਕਮਿਸ਼ਨ ਵਿਚ ਜੋ ਕੁਝ ਹੋਇਆ, ਉਸ ਲਈ ਹਿੰਦੂ ਸੰਘਰਸ਼ ਸਮਿਤੀ ਜ਼ਿੰਮੇਵਾਰ ਸੀ। ਉਨ੍ਹਾਂ ਕਿਹਾ ਕਿ ‘ਜੇ ਬੰਗਲਾਦੇਸ਼ ਵਿਚ ਅਜਿਹੀ ਘਟਨਾ ‘ਮੁਸਲਿਮ ਸੰਘਰਸ਼ ਸਮਿਤੀ’ ਦੇ ਨਾਂ ਹੇਠ ਹੁੰਦੀ ਤਾਂ ਭਾਰਤ ਕਿੰਨੇ ਹਮਲਾਵਰ ਤਰੀਕੇ ਨਾਲ ਪ੍ਰਤੀਕਿਰਿਆ ਦਿੰਦਾ?’’ ਕਾਨੂੰਨੀ ਮਾਮਲਿਆਂ ਬਾਰੇ ਸਲਾਹਕਾਰ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਬੰਗਲਾਦੇਸ਼ ਵਿਚ ਕੌਮਾਂਤਰੀ ਸ਼ਾਂਤੀਦੂਤਾਂ ਦੀ ਤਾਇਨਾਤੀ ਬਾਰੇ ਟਿੱਪਣੀ ਦੀ ਵੀ ਨੁਕਤਾਚੀਨੀ ਕੀਤੀ। ਨਜ਼ਰੁਲ ਨੇ ਕਿਹਾ ਕਿ ਭਾਰਤ ਨੂੰ ਇਸ ਦੀ ਥਾਂ ਆਪਣੀਆਂ ਸਰਹੱਦਾਂ ਅੰਦਰ ਘੱਟਗਿਣਤੀਆਂ ਅਤੇ ਦਲਿਤਾਂ ਵਿਰੁੱਧ ਜ਼ੁਲਮ ਦੀਆਂ ਘਟਨਾਵਾਂ ’ਤੇ ਵਿਚਾਰ ਕਰਨਾ ਚਾਹੀਦਾ ਹੈ। ਨਜ਼ਰੁਲ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਅਜੇ ਇਕ ਦਿਨ ਪਹਿਲਾਂ ਢਾਕਾ ਨੇ ਅਗਰਤਲਾ ਹਮਲੇ ਬਾਰੇ ਨਵੀਂ ਦਿੱਲੀ ਕੋਲ ਜ਼ੋਰਦਾਰ ਢੰਗ ਨਾਲ ਰੋਸ ਜਤਾਇਆ ਹੈ।। -ਪੀਟੀਆਈ