ਅਮੇਠੀ ’ਚ ਜਿੱਤ ਮਗਰੋਂ ਪਹਿਲੀ ਵਾਰ ਲੁਧਿਆਣਾ ਪੁੱਜੇ ਕਿਸ਼ੋਰੀ ਲਾਲ
ਗਗਨਦੀਪ ਅਰੋੜਾ
ਲੁਧਿਆਣਾ, 17 ਜੂਨ
ਉੱਤਰ ਪ੍ਰਦੇਸ਼ ਦੀ ਬਹੁਚਰਚਿਤ ਲੋਕ ਸਭਾ ਸੀਟ ਅਮੇਠੀ ਤੋਂ ਭਾਜਪਾ ਦੀ ਸਮ੍ਰਿਤੀ ਇਰਾਨੀ ਨੂੰ ਹਰਾਉਣ ਵਾਲੇ ਕਾਂਗਰਸ ਆਗੂ ਕਿਸ਼ੋਰੀ ਲਾਲ ਅੱਜ ਲੁਧਿਆਣਾ ਸਥਿਤ ਆਪਣੇ ਘਰ ਪੁੱਜੇ। ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੈ ਤਲਵਾੜ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਉਨ੍ਹਾਂ ਦੇ ਸਵਾਗਤ ਲਈ ਉੱਥੇ ਪਹੁੰਚੇ ਹੋਏ ਸਨ। ਇਸ ਮਗਰੋਂ ਸਰਕਟ ਹਾਊਸ ਵਿੱਚ ਕਾਂਗਰਸੀ ਆਗੂਆਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸ਼ੋਰੀ ਲਾਲ ਨੇ ਕਿਹਾ ਕਿ ਪੰਜਾਬ ਵਿੱਚ ਸਿੱਖਾਂ ਤੇ ਹਿੰਦੂਆਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਜਿਸ ਨੂੰ ਕਦੇ ਵੀ ਵੱਖ ਨਹੀਂ ਕੀਤਾ ਜਾ ਸਕਦਾ। ਕਾਂਗਰਸ ਆਗੂ ਨੇ ਦੱਸਿਆ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਲੁਧਿਆਣਾ ਵਿੱਚ ਹੈ ਪਰ ਉਹ ਪਿਛਲੇ 40 ਸਾਲਾਂ ਤੋਂ ਰਾਏ ਬਰੇਲੀ ਤੇ ਅਮੇਠੀ ਦੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ ਜਿੱਥੇ ਦੇ ਲੋਕਾਂ ਨੇ ਹੁਣ ਉਨ੍ਹਾਂ ਨੂੰ ਜਿਤਾ ਕੇ ਸੰਸਦ ਵਿੱਚ ਭੇਜਿਆ ਹੈ। ਉਨ੍ਹਾਂ ਦੱਸਿਆ ਕਿ ਅਮੇਠੀ ਵਿੱਚ ਯੂਪੀਏ ਸਰਕਾਰ ਦੇ ਸਮੇਂ ਕਈ ਪ੍ਰਾਜੈਕਟ ਸ਼ੁਰੂ ਕੀਤੇ ਗਏ ਸਨ ਜਿਸ ਨੂੰ ਬਾਅਦ ਵਿੱਚ ਸੱਤਾ ਬਦਲਦੇ ਹੀ ਠੰਢੇ ਬਸਤੇ ਵਿੱਚ ਪਾ ਦਿੱਤਾ ਗਿਆ। ਹੁਣ ਦੁਬਾਰਾ ਜਨਤਾ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਹੈ ਜਿਸ ਲਈ ਉਹ ਪੂਰੀ ਤਰ੍ਹਾਂ ਤਿਆਰ ਹਨ।
ਉਹ ਆਪਣੇ ਸਾਰੇ ਪ੍ਰਾਜੈਕਟ ਮੁੜ ਸ਼ੁਰੂ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਅਮੇਠੀ ਦੀ ਚੋਣ ਬਹੁਤ ਵਧੀਆ ਰਹੀ। ਉੱਥੋਂ ਦੀ ਜਨਤਾ ਨੇ ਖੁਦ ਆਪਣੇ ਮੋਢਿਆ ’ਤੇ ਜ਼ਿੰਮੇਵਾਰੀ ਚੁੱਕੀ। ਜ਼ਿਕਰਯੋਗ ਹੈ ਕਿ ਕਿਸ਼ੋਰੀ ਲਾਲ ਗਾਂਧੀ ਪਰਿਵਾਰ ਦੇ ਕਰੀਬੀ ਮੰਨੇ ਜਾਂਦੇ ਹਨ। ਉਨ੍ਹਾਂ ਨੇ ਅਮੇਠੀ ’ਚ ਚੋਣਾਂ ਦੌਰਾਨ ਭਾਜਪਾ ਦੀ ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ। ਕਿਸ਼ੋਰੀ ਲਾਲ ਕਰੀਬ 40 ਸਾਲ ਤੋਂ ਗਾਂਧੀ ਪਰਿਵਾਰ ਦੇ ਨਾਲ ਹਨ। ਉਨ੍ਹਾਂ ਨੂੰ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਰਾਜੀਵ ਗਾਂਧੀ ਲੁਧਿਆਣਾ ਤੋਂ ਅਮੇਠੀ ਲੈ ਗਏ ਸਨ। ਉਸ ਸਮੇਂ ਤੋਂ ਹੀ ਉਹ ਅਮੇਠੀ ਰਹਿ ਰਹੇ ਹਨ।
ਭਾਜਪਾ ’ਤੇ ਲੋਕਾਂ ਨੂੰ ਭਗਵਾਨ ਰਾਮ ਦੇ ਨਾਮ ’ਤੇ ਗੁਮਰਾਹ ਕਰਨ ਦਾ ਦੋਸ਼
ਕਿਸ਼ੋਰੀ ਲਾਲ ਨੇ ਕਿਹਾ ਕਿ ਭਾਜਪਾ ਨੇ ਭਗਵਾਨ ਰਾਮ ਦੇ ਨਾਮ ’ਤੇ ਲੋਕਾਂ ਨੂੰ ਗੁਮਰਾਹ ਕਰਨਾ ਚਾਹਿਆ ਪਰ ਯੂਪੀ ਦਾ ਵੋਟਰ ਬਹੁਤ ਸਮਝਦਾਰ ਹੈ। ਲੋਕ ਜਾਣਦੇ ਸਨ ਕਿ ਮੰਦਰ ਦੀ ਉਸਾਰੀ ਅਦਾਲਤੀ ਹੁਕਮਾਂ ’ਤੇ ਹੋਈ ਹੈ। ਲੋਕਾਂ ਨੂੰ ਇਹ ਵੀ ਪਤਾ ਸੀ ਕਿ 4 ਸ਼ੰਕਰਾਚਾਰੀਆ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ’ਚ ਸ਼ਾਮਲ ਨਹੀਂ ਸਨ। ਰਾਸ਼ਟਰਪਤੀ ਦਰੋਪਦੀ ਮੁਰਮੂ ਵੀ ਪੂਜਾ ’ਚ ਸ਼ਾਮਲ ਨਹੀਂ ਸਨ। ਰਾਜਸੀ ਤੌਰ ’ਤੇ ਰਾਸ਼ਟਰਪਤੀ ਦਾ ਤੇ ਧਾਰਮਿਕ ਤੌਰ ’ਤੇ ਚਾਰ ਸ਼ੰਕਰਾਚਾਰੀਆ ਦਾ ਪੂਜਾ ’ਚ ਸ਼ਾਮਲ ਹੋਣਾ ਜ਼ਰੂਰੀ ਸੀ। ਭਗਵਾਨ ਰਾਮ ਨੇ ਭਾਜਪਾ ਨੂੰ ਅਯੁੱਧਿਆ ’ਚ ਹੀ ਹਰਾ ਦਿੱਤਾ।