ਹਨੇਰੀ ਤੇ ਤੇਜ਼ ਮੀਂਹ ਮਗਰੋਂ ਤਾਪਮਾਨ ਡਿੱਗਿਆ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 27 ਅਗਸਤ
ਸਨਅਤੀ ਸ਼ਹਿਰ ਵਿੱਚ ਬੀਤੀ ਰਾਤ ਪਏ ਮੀਂਹ ਮਗਰੋਂ ਤਾਪਮਾਨ ਡਿੱਗ ਗਿਆ ਅਤੇ ਅੱਜ ਲੋਕਾਂ ਨੇ ਗਰਮੀ ਤੇ ਹੁੰਮਸ ਤੋਂ ਰਾਹਤ ਮਹਿਸੂਸ ਕੀਤੀ। ਬੀਤੀ ਦੇਰ ਰਾਤ ਸ਼ਹਿਰ ਵਿੱਚ ਕਾਫ਼ੀ ਤੇਜ਼ ਹਨੇਰੀ ਤੇ ਮੀਂਹ ਆਇਆ। ਤੇਜ਼ ਮੀਂਹ ਤੇ ਹਨੇਰੀ ਕਾਰਨ ਸ਼ਹਿਰ ਵਿੱਚ ਕਈ ਥਾਵਾਂ ’ਤੇ ਬਿਜਲੀ ਦੀਆਂ ਤਾਰਾਂ ਤੇ ਦਰੱਖਤ ਵੀ ਟੁੱਟ ਗਏ। ਸ਼ਹਿਰ ਵਿੱਚ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਸ਼ਹਿਰ ਦੀਆਂ ਕਈ ਸੜਕਾਂ ’ਤੇ ਸਵੇਰ ਤੱਕ ਪਾਣੀ ਖੜ੍ਹਾ ਰਿਹਾ। ਮੌਸਮ ਵਿਭਾਗ ਮੁਤਾਬਕ ਸ਼ਹਿਰ ਵਿੱਚ ਬੀਤੇ 24 ਘੰਟਿਆਂ ਦੌਰਾਨ 26 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਦੋ ਦਿਨ ਦਾ ਮੀਂਹ ਸਬੰਧੀ ਅਲਰਟ ਜਾਰੀ ਕੀਤਾ ਸੀ।
ਮੌਸਮ ਵਿਭਾਗ ਨੇ ਦੱਸਿਆ ਸੀ ਕਿ 25 ਤੇ 26 ਅਗਸਤ ਨੂੰ ਤੇਜ਼ ਹਨੇਰੀ ਤੇ ਮੀਂਹ ਪੈਣ ਦੇ ਆਸਾਰ ਹਨ ਜਿਸ ਤੋਂ ਬਾਅਦ ਅੱਜ ਸਵੇਰੇ ਤੇ ਰਾਤ ਦੋਵੇਂ ਸਮੇਂ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਤੇਜ਼ ਮੀਂਹ ਪਿਆ। ਮੀਂਹ ਕਾਰਨ ਸ਼ਹਿਰ ਵਿੱਚ ਬਿਜਲੀ ਦੀ ਸਪਲਾਈ ਵੀ ਬੰਦ ਰਹੀ। ਉਥੇ ਹੀ ਤੇਜ਼ ਹਨੇਰੀ ਕਾਰਨ ਕਈ ਇਲਾਕਿਆਂ ਵਿੱਚ ਦਰੱਖਤ ਟੁੱਟ ਗਏ। ਸ਼ਹਿਰ ਵਿੱਚ ਮੀਂਹ ਤੋਂ ਬਾਅਦ ਗਰਮੀ ਤੋਂ ਵੀ ਰਾਹਤ ਮਿਲੀ ਹੈ। ਸ਼ਹਿਰ ਦਾ ਤਾਪਮਾਨ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਘੱਟੋ-ਘੱਟ ਤਾਪਮਾਨ 25 ਡਿਗਰੀ ਦਰਜ ਰਿਹਾ। ਮੌਸਮ ਵਿਭਾਗ ਮੁਤਾਬਕ 29 ਤੇ 30 ਅਗਸਤ ਨੂੰ ਵੀ ਕਈ ਇਲਾਕਿਆਂ ਵਿਚ ਮੁੜ ਮੀਂਹ ਪੈਣ ਦੇ ਆਸਾਰ ਹਨ। ਉਧਰ, ਮੀਂਹ ਕਾਰਨ ਸ਼ਹਿਰ ਦੀਆਂ ਕਈ ਸੜਕਾਂ ’ਤੇ ਪਾਣੀ ਖੜ੍ਹਾ ਰਿਹਾ। ਜਨਮ ਅਸ਼ਟਮੀ ਦਾ ਤਿਉਹਾਰ ਹੋਣ ਕਾਰਨ ਮੰਦਰਾਂ ਤੋਂ ਵਾਪਸ ਆਉਣ ਵਾਲੇ ਲੋਕਾਂ ਨੂੰ ਪਾਣੀ ਤੇ ਮੀਂਹ ਕਾਰਨ ਪ੍ਰੇਸ਼ਾਨੀ ਝੱਲਣੀ ਪਈ। ਸਵੇਰ ਤੱਕ ਵੀ ਕਈ ਨੀਵੇਂ ਇਲਾਕਿਆਂ ਵਿੱਚ ਪਾਣੀ ਸੜਕਾਂ ’ਤੇ ਖੜ੍ਹਾ ਰਿਹਾ।
ਤੇਜ਼ ਮੀਂਹ ਤੇ ਝੱਖੜ ਕਾਰਨ ਲੁਧਿਆਣਾ-ਬਠਿੰਡਾ ਸੜਕ ’ਤੇ ਦਰੱਖਤ ਡਿੱਗੇ
ਗੁਰੂਸਰ ਸੁਧਾਰ (ਸੰਤੋਖ ਗਿੱਲ): ਬੀਤੀ ਦੇਰ ਰਾਤ ਤੇਜ਼ ਮੀਂਹ ਅਤੇ ਝੱਖੜ ਕਾਰਨ ਲੁਧਿਆਣਾ-ਬਠਿੰਡਾ ਰਾਜ ਮਾਰਗ ’ਤੇ ਪਿੰਡ ਅਕਾਲਗੜ੍ਹ ਕਲਾਂ ਅਤੇ ਭਾਰਤੀ ਹਵਾਈ ਸੈਨਾ ਹਲਵਾਰਾ ਦੇ ਇਲਾਕੇ ਵਿੱਚ ਕਈ ਥਾਵਾਂ ’ਤੇ ਵੱਡੇ-ਵੱਡੇ ਦਰੱਖਤ ਡਿੱਗਣ ਕਾਰਨ ਆਵਾਜਾਈ ਵਿੱਚ ਵਿਘਨ ਪਿਆ ਅਤੇ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਝੱਖੜ ਕਾਰਨ ਉੱਖੜੇ ਦਰਖਤਾਂ ਕਾਰਨ ਬਿਜਲੀ ਦੀਆਂ ਮੁੱਖ ਲਾਈਨਾਂ ਦੀਆਂ ਤਾਰਾਂ ਟੁੱਟ ਗਈਆਂ ਅਤੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ।
ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੁਧਾਰ ਪੁਲੀਸ ਨੇ ਹਲਵਾਰਾ ਮੁੱਖ ਚੌਕ ਤੋਂ ਆਵਾਜਾਈ ਨੂੰ ਬਦਲਵੇਂ ਰਸਤੇ ਵਾਇਆ ਸਰਾਭਾ-ਜੋਧਾਂ-ਲੁਧਿਆਣਾ ਚਲਾਇਆ ਗਿਆ। ਇਸ ਕਾਰਨ ਰੋਜ਼ਮੱਰਾ ਦੇ ਕੰਮਕਾਰ ਵਾਲੇ ਅਤੇ ਨੌਕਰੀਪੇਸ਼ਾ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ। ਸੁਧਾਰ, ਮੁੱਲਾਂਪੁਰ, ਰਾਏਕੋਟ ਦੇ ਕਈ ਸਕੂਲਾਂ ਵਿੱਚ ਪੜ੍ਹਨ ਵਾਲੇ ਸਕੂਲੀ ਵਿਦਿਆਰਥੀਆਂ ਦੀਆਂ ਬੱਸਾਂ ਵੀ ਬਦਲਵੇਂ ਰਸਤਿਆਂ ਤੋਂ ਭੇਜੀਆਂ ਗਈਆਂ। ਸੁਧਾਰ ਬਜ਼ਾਰ, ਰਾਏਕੋਟ, ਹਲਵਾਰਾ, ਮੁੱਲਾਂਪੁਰ ਇਲਾਕੇ ਵਿੱਚ ਕਈ ਦੁਕਾਨਾਂ ਦੇ ਬੋਰਡ ਅਤੇ ਰਾਹਾਂ ਵਿੱਚ ਲੱਗੇ ਵੱਡੇ ਹੋਰਡਿੰਗ ਵੀ ਹਨੇਰੀ ਨੇ ਉਖਾੜ ਦਿੱਤੇ ਗਏ। ਹਵਾਈ ਸੈਨਾ ਅਤੇ ਜੰਗਲਾਤ ਵਿਭਾਗ ਦੇ ਕਰਮਚਾਰੀ ਸੜਕਾਂ ਉਪਰ ਡਿੱਗੇ ਦਰਖਤਾਂ ਨੂੰ ਸਮੇਟਣ ਵਿੱਚ ਦਿਨ ਭਰ ਲੱਗੇ ਰਹੇ।