For the best experience, open
https://m.punjabitribuneonline.com
on your mobile browser.
Advertisement

ਢਾਈ ਦਹਾਕਿਆਂ ਮਗਰੋਂ ਪ੍ਰਦੂਸ਼ਣ ਮੁਕਤ ਹੋਈ ਬਾਬੇ ਨਾਨਕ ਦੀ ਵੇਈਂ

10:20 AM Apr 13, 2024 IST
ਢਾਈ ਦਹਾਕਿਆਂ ਮਗਰੋਂ ਪ੍ਰਦੂਸ਼ਣ ਮੁਕਤ ਹੋਈ ਬਾਬੇ ਨਾਨਕ ਦੀ ਵੇਈਂ
ਪਵਿੱਤਰ ਕਾਲੀ ਵੇਈਂਂ ’ਚ ਵਗਦਾ ਹੋਇਆ ਪਾਣੀ।
Advertisement

ਪਾਲ ਸਿੰਘ ਨੌਲੀ
ਜਲੰਧਰ, 12 ਅਪਰੈਲ
ਪਲੀਤ ਹੋਈ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ 24 ਸਾਲਾਂ ਬਾਅਦ ਸਾਫ਼ ਵਗਣ ਲੱਗ ਪਈ ਹੈ। ਕਾਲੀ ਵੇਈਂ ਦੇ ਨਾਂਅ ਨਾਲ ਜਾਣੀ ਜਾਂਦੀ ਇਹ 165 ਕਿਲੋਮੀਟਰ ਲੰਮੀ ਨਦੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਧਨੋਆ ਤੋਂ ਸ਼ੁਰੂ ਹੁੰਦੀ ਹੈ ਤੇ ਸੁਲਤਾਨਪੁਰ ਲੋਧੀ ਨੇੜੇ ਹਰੀਕੇ ਪੱਤਣ ਵਿੱਚ ਬਿਆਸ ਦਰਿਆ ਵਿੱਚ ਜਾ ਸਮਾਉਂਦੀ ਹੈ। ਇਸ ਦੇ ਕਿਨਾਰਿਆਂ `ਤੇ 100 ਫੀਸਦ ਟਰੀਟਮੈਂਟ ਪਲਾਂਟ ਲੱਗ ਗਏ ਹਨ। ਪਵਿੱਤਰ ਵੇਈਂ ਹੁਣ ਦੇਸ਼ ਦੀ ਪਹਿਲੀ ਨਦੀ ਬਣ ਗਈ ਹੈ ਜਿਸ ਨੂੰ ਲੋਕਾਂ ਦੇ ਸਹਿਯੋਗ ਨਾਲ ਸਾਫ਼ ਕੀਤਾ ਗਿਆ ਹੈ। ਇਸ ਵਾਰ ਪਵਿੱਤਰ ਵੇਈਂ ਦੇ ਪੱਤਣਾਂ ’ਤੇ 5 ਥਾਈਂ ਵਿਸਾਖੀ ਮਨਾਈ ਜਾਵੇਗੀ।
ਵਿਸਾਖੀ ਦੀ ਪੂਰਵ ਸੰਧਿਆ ’ਤੇ ਵਧਾਈ ਦਿੰਦਿਆਂ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸੰਗਤਾਂ ਵੱਲੋਂ ਦਹਾਕਿਆਂ ਬੱਧੀ ਕੀਤੀ ਗਈ ਸੇਵਾ ਰੰਗ ਲਿਆਈ ਹੈ। ਸਾਲ 2024 ਵਿੱਚ ਇਹ ਪਹਿਲੀ ਵਿਸਾਖੀ ਹੈ ਜਦੋਂ ਇਸ ਵੇਈਂ ਵਿੱਚ ਗੰਦਾ ਪਾਣੀ ਨਹੀਂ ਪੈ ਰਿਹਾ ਤੇ ਇਹ ਪੂਰੀ ਭਰ ਕੇ ਵਗ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੇਈਂ ਵਿੱਚ 350 ਕਿਊਸਿਕ ਪਾਣੀ ਵੀ ਛੱਡਿਆ ਗਿਆ ਹੈ। ਜ਼ਿਕਰਯੋਗ ਹੈ ਕਿ ਵੇਈਂ ਵਿੱਚ 43 ਪਿੰਡਾਂ ਤੇ 11 ਕਸਬਿਆਂ ਦਾ 54 ਥਾਵਾਂ ਤੋਂ ਗੰਦਾ ਪਾਣੀ ਪੈਂਦਾ ਸੀ। ਪਿਛਲੇ 24 ਸਾਲਾਂ ਤੋਂ ਲਗਾਤਾਰ ਵੇਈਂ ਦੀ ਕੀਤੀ ਜਾ ਰਹੀ ਸਫਾਈ ਤੇ ਇਸ ਵਿੱਚ ਪੈ ਰਹੇ ਗੰਦੇ ਪਾਣੀਆਂ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਸਨ। ਇਸ ਦੇ ਸਿੱਟੇ ਵਜੋਂ ਹੁਣ ਵੇਈਂ ਵਿੱਚ ਪਿੰਡਾਂ ਤੇ ਸ਼ਹਿਰਾਂ ਦੇ ਪੈ ਰਹੇ ਗੰਦੇ ਪਾਣੀਆਂ ਨੂੰ ਸਾਫ਼ ਕਰਨ ਲਈ ਸਾਰੇ ਟਰੀਟਮੈਂਟ ਪਲਾਂਟ ਲੱਗ ਗਏ ਹਨ ਤੇ ਸੈਦੋਭੁਲਾਣੇ ਦੀਆਂ ਕਲੋਨੀਆਂ ਨੇੜੇ ਆਖਰੀ ਟਰੀਟਮੈਂਟ ਪਲਾਂਟ ਵੀ ਲੱਗ ਗਿਆ ਹੈ। ਬਾਬੇ ਨਾਨਕ ਦੀ ਪਵਿੱਤਰ ਵੇਈਂ ਪਿਛਲੇ ਢਾਈ ਦਹਾਕਿਆਂ ਤੋਂ ਗੰਦੇ ਨਾਲੇ ਦੇ ਰੂਪ ਵਿੱਚ ਬਦਲੀ ਹੋਈ ਸੀ। ਇਸ ’ਚ ਹੁਸ਼ਿਆਰਪੁਰ ਤੇ ਕਪੂਰਥਲੇ ਜ਼ਿਲ੍ਹਿਆਂ ਦਾ ਗੰਦਾ ਪਾਣੀ ਪੈ ਰਿਹਾ ਸੀ ਤੇ ਇਹ ਸੰਨ 2000 ਦੌਰਾਨ ਇਹ ਪਲੀਤ ਸੀ। ਤਕਰੀਬਨ 24 ਸਾਲ ਪਹਿਲਾਂ ਵਾਤਾਵਰਨ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਇਲਾਕੇ ਦੀ ਸੰਗਤ ਨੂੰ ਨਾਲ ਲੈ ਕੇ ਇਸ ਦੀ ਸਫਾਈ ਦੀ ਸੇਵਾ ਆਰੰਭ ਕੀਤੀ ਸੀ। ਲੰਮੀ ਜੱਦੋਜਹਿਦ ਤੋਂ ਬਾਅਦ ਇਹ ਪਵਿੱਤਰ ਵੇਈਂ ਹੁਣ ਜਿੱਥੇ ਨਿਰੰਤਰ ਵਗ ਰਹੀ ਹੈ ਉੱਥੇ ਹੀ ਇਸ ਦਾ ਪਾਣੀ ਆਮ ਮੋਟਰਾਂ ਦੇ ਪੀਣ ਵਾਲੇ ਪਾਣੀ ਤੋਂ ਵੀ ਸਾਫ਼ ਹੈ।

Advertisement

Advertisement
Author Image

joginder kumar

View all posts

Advertisement
Advertisement
×