ਤਿੰਨ ਸਾਲ ਦੀ ਖ਼ੁਸ਼ੀ ਤੇ ਸਦਮੇ ਮਗਰੋਂ ਤਗ਼ਮੇ ਦਾ ਰੰਗ ਬਦਲਣ ਦੀ ਕੋਸ਼ਿਸ਼ ’ਚ ਹੈ ਮਨਪ੍ਰੀਤ ਸਿੰਘ
ਅਕਾਂਕਸ਼ਾ ਐੱਨ ਭਾਰਦਵਾਜ
ਜਲੰਧਰ, 21 ਜੁਲਾਈ
ਭਾਰਤੀ ਹਾਕੀ ਟੀਮ ਦਾ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਜਦੋਂ ਵੀ ਆਪਣੀ ਮਾਂ ਮਨਜੀਤ ਕੌਰ ਨੂੰ ਫੋਨ ਕਰਦਾ ਹੈ, ਇਹੀ ਕਹਿੰਦਾ ਹੈ ‘ਅਰਦਾਸ ਕੋਰ, ਸਾਡੇ ਲਈ ਅਰਦਾਸ ਕਰੋ’। ਮਨਪ੍ਰੀਤ ਨੂੰ ਰੱਬ ’ਤੇ ਭਰੋਸਾ ਹੈ ਅਤੇ ਉਸ ਨੂੰ ਆਪਣੇ ਪਰਿਵਾਰ, ਖ਼ਾਸ ਕਰ ਕੇ ਆਪਣੀ ਧੀ ਜੈਸਮੀਨ ਤੋਂ ਪ੍ਰੇਰਣਾ ਮਿਲਦੀ ਹੈ। ਜੈਸਮੀਨ ਦਾ ਜਨਮ ਟੋਕੀਓ ਓਲੰਪਿਕ ਖੇਡਾਂ ਤੋਂ ਤੁਰੰਤ ਬਾਅਦ ਹੋਇਆ ਸੀ। ਮਨਪ੍ਰੀਤ ਨੇ ਇਨ੍ਹਾਂ ਖੇਡਾਂ ਵਿੱਚ ਇਤਿਹਾਸਕ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਹਾਕੀ ਟੀਮ ਦੀ ਅਗਵਾਈ ਕੀਤੀ ਸੀ। ਮਨਪ੍ਰੀਤ 41 ਸਾਲਾਂ ਦੇ ਸੋਕੇ ਤੋਂ ਬਾਅਦ ਟੋਕੀਓ ਓਲੰਪਿਕ ਖੇਡਾਂ ’ਚ ਜਿੱਤੇ ਇਸ ਕਾਂਸੀ ਦੇ ਤਗ਼ਮੇ ਨੂੰ ਹੁਣ ਪੈਰਿਸ ਖੇਡਾਂ ’ਚ ਸੁਨਹਿਰੀ ਰੰਗ ਵਿਚ ਰੰਗਣ ਦਾ ਸੁਫਨਾ ਦੇਖ ਰਿਹਾ ਹੈ।
ਮਨਪ੍ਰੀਤ (29) ਜਾਣਦਾ ਹੈ ਕਿ ਉਸ ਦੀ ਇਹ ਚੌਥੀ ਤੇ ਆਖ਼ਰੀ ਓਲੰਪਿਕ ਹੋਵੇਗੀ। ਭਾਵੇਂਕਿ, ਟੀਮ ਦੀ ਵਾਗਡੋਰ ਹੁਣ ਹਰਮਨਪ੍ਰੀਤ ਸਿੰਘ ਸੰਭਾਲ ਰਿਹਾ ਹੈ ਪਰ ਇਸ ਨਾਲ ਮਨਪ੍ਰੀਤ ਨੂੰ ਕੋਈ ਫ਼ਰਕ ਨਹੀਂ ਪੈਂਦਾ। ਮਨਪ੍ਰੀਤ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕਿਹਾ ਸੀ, ‘‘ਭਾਵੇਂ ਮੈਂ ਹੁਣ ਕਪਤਾਨ ਨਹੀਂ ਹਾਂ ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਹਾਕੀ ਵਿੱਚ ਹਰੇਕ ਖਿਡਾਰੀ ਦੀ ਆਪਣੀ ਭੂਮਿਕਾ ਹੁੰਦੀ ਹੈ। ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਹੈ। ਸੀਨੀਅਰ ਖਿਡਾਰੀ ਹੋਣ ਦੇ ਨਾਤੇ, ਸਾਨੂੰ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰਨਾ ਹੈ।’’
ਤਿੰਨ ਸਾਲਾਂ ਦੀ ਖ਼ੁਸ਼ੀ ਤੇ ਸਦਮੇ ਨੇ ਉਸ ਨੂੰ ਟੀਮ ਦਾ ਸਭ ਤੋਂ ਤਜਰਬੇਕਾਰ ਖਿਡਾਰੀ ਬਣਾ ਦਿੱਤਾ ਹੈ। 2022 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਟੀਮ ਦੀ ਅਗਵਾਈ ਕਰਨ ਤੋਂ ਬਾਅਦ ਉਸ ਨੇ ਕਪਤਾਨੀ ਛੱਡ ਦਿੱਤੀ ਸੀ। 2022 ਵਿੱਚ ਇਕ ਪੁਸਤਕ ਰਿਲੀਜ਼ ਸਮਾਰੋਹ ਦੌਰਾਨ ਸਾਬਕਾ ਕੋਚ ਸ਼ੋਰਡ ਮਰਾਇਨ ਵੱਲੋਂ ਉਸ ’ਤੇ ਇਕ ਖਿਡਾਰੀ ਨੂੰ ਆਸ ਨਾਲੋਂ ਘੱਟ ਪ੍ਰਦਰਸ਼ਨ ਕਰਨ ਲਈ ਪ੍ਰਭਾਵਿਤ ਕਰਨ ਦੇ ਦੋਸ਼ ਲਗਾਏ ਗਏ ਸਨ। ਉਸ ਤੋਂ ਬਾਅਦ ਮਨਪ੍ਰੀਤ ਦਾ ਲੋਕਾਂ ਤੋਂ ਭਰੋਸਾ ਉੱਠ ਗਿਆ ਸੀ। ਮਨਪ੍ਰੀਤ ਨੇ ਕਿਹਾ, ‘‘ਮੈਂ ਪੂਰੀ ਤਰ੍ਹਾਂ ਟੁੱਟ ਗਿਆ ਸੀ ਅਤੇ ਹਰੇਕ ਵਿੱਚ ਭਰੋਸਾ ਗੁਆ ਬੈਠਾ ਸੀ। ਮੇਰੀ ਮਾਂ ਨੇ ਮੈਨੂੰ ਮੇਰੇ ਪਿਤਾ ਦਾ ਸੁਫਨਾ ਪੂਰਾ ਕਰਨ ਲਈ ਖੇਡਣ ਵਾਸਤੇ ਪ੍ਰੇਰਿਤ ਕੀਤਾ ਅਤੇ ਮੇਰੀ ਸਾਰੀ ਟੀਮ ਨੇ ਮੈਨੂੰ ਸਹਿਯੋਗ ਦਿੱਤਾ।’’ ਮਨਪ੍ਰੀਤ ਦੇ ਪਿਤਾ ਦੀ ਬਿਮਾਰੀ ਕਾਰਨ ਮੌਤ ਹੋਣ ਮਗਰੋਂ ਉਸ ਦੀ ਮਾਂ ਨੇ ਕਾਫੀ ਮਿਹਨਤ ਕੀਤੀ। ਲੋਕਾਂ ਦੇ ਕੱਪੜੇ ਸਿਊਂ ਕੇ ਦਿੱਤੇ। ਉਸ ਦੀ ਮਾਂ ਮਨਜੀਤ ਕੌਰ ਕਹਿੰਦੀ ਹੈ ਕਿ ਮਨਪ੍ਰੀਤ ਦੀ ਚੰਗੀ ਸਿਹਤ ਯਕੀਨੀ ਬਣਾਉਣ ਲਈ ਉਹ ਉਸ ਨੂੰ ਦੇਸੀ ਅੰਡੇ, ਘਰ ਦਾ ਦੁੱਧ ਤੇ ਖਰੋੜੇ ਦਾ ਸੂਪ ਦੇਣਾ ਯਕੀਨੀ ਬਣਾਉਂਦੀ ਸੀ। ਮਨਪ੍ਰੀਤ ਕਹਿੰਦਾ ਹੈ ਕਿ ਉਸ ਦੀ ਮਾਂ ਦੇ ਸੰਘਰਸ਼ ਤੇ ਪਰਿਵਾਰ ਦੀ ਗ਼ਰੀਬੀ ਨੇ ਹਮੇਸ਼ਾ ਉਸ ਨੂੰ ਖੇਡਣ ਲਈ ਪ੍ਰੇਰਿਤ ਕੀਤਾ। ਮਨਪ੍ਰੀਤ ਦੇ ਆਰਦਸ਼ ਪਰਗਟ ਸਿੰਘ ਵੀ ਮਿੱਠਾਪੁਰ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਮਨਪ੍ਰੀਤ ਨੇ ਬਚਪਨ ਵਿੱਚ ਜਿਹੜਾ ਮੁਸ਼ਕਲ ਸਮਾਂ ਦੇਖਿਆ, ਉਸ ਨਾਲ ਉਸ ਵਿੱਚ ਤਾਕਤ ਤੇ ਦ੍ਰਿੜ੍ਹਤਾ ਆਈ। ਉਸ ਦੀ ਲਗਨ ਕਾਰਨ ਉਹ ਐਨਾ ਲੰਬਾ ਪੈਂਡਾ ਤੈਅ ਕਰ ਸਕਿਆ। ਉਹ ਮਨਪ੍ਰੀਤ ਤੋਂ ਪੈਰਿਸ ਓਲੰਪਿਕ ਵਿੱਚ ਇਕ ਹੋਰ ਤਗ਼ਮੇ ਦੀ ਆਸ ਕਰਦੇ ਹਨ।
ਮਨਪ੍ਰੀਤ ਬੜੀ ਹੈਰਾਨੀ ਨਾਲ ਆਪਣੇ ਓਲੰਪਿਕ ਦੇ ਪਿਛਲੇ ਸਫ਼ਰ ਨੂੰ ਦੇਖਦਾ ਹੈ। ਉਸ ਨੇ ਇਕ ਨੌਜਵਾਨ ਖਿਡਾਰੀ ਵਜੋਂ ਲੰਡਨ 2012 ਓਲੰਪਿਕ ਤੋਂ ਸ਼ੁਰੂਆਤ ਕੀਤੀ। ਉਸ ਤੋਂ ਬਾਅਦ ਅਗਲੀਆਂ ਦੋ ਓਲੰਪਿਕ ਖੇਡਾਂ ਵਿੱਚ ਉਹ ਟੀਮ ਦਾ ਅਹਿਮ ਹਿੱਸਾ ਬਣਿਆ। ਕੋਚ ਅਵਤਾਰ ਸਿੰਘ ਨੇ ਮਨਪ੍ਰੀਤ ਨੂੰ ਸਭ ਤੋਂ ਪਹਿਲਾਂ 2008 ਵਿੱਚ ਦੇਖਿਆ ਸੀ। ਉਨ੍ਹਾਂ ਪੈਰਿਸ ਲਈ ਰਵਾਨਾ ਹੋਣ ਤੋਂ ਪਹਿਲਾਂ ਮਨਪ੍ਰੀਤ ਨਾਲ ਹੋਈ ਗੱਲਬਾਤ ਨੂੰ ਚੇਤੇ ਕੀਤਾ। ਮਨਪ੍ਰੀਤ ਨੇ ਅਵਤਾਰ ਨੂੰ ਕਿਹਾ, ‘‘ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। ਅਸੀਂ ਸਿਰਫ਼ ਇਕ ਸੋਨ ਤਗ਼ਮਾ ਚਾਹੁੰਦੇ ਹਾਂ।’’
ਟੀਮ ਵਿੱਚ ਇਸ ਵਾਰ ਪੰਜਾਬ ਤੋਂ ਅੱਠ ਖਿਡਾਰੀ
ਟੋਕੀਓ ਓਲੰਪਿਕ ਖੇਡਾਂ ਵਿੱਚ ਕਾਂਸੀ ਤਗ਼ਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ’ਚ ਪੰਜਾਬ ਤੋਂ 11 ਖਿਡਾਰੀ ਸਨ ਪਰ ਇਸ ਵਾਰ ਦੀਆਂ ਪੈਰਿਸ ਓਲੰਪਿਕ ਖੇਡਾਂ ਲਈ ਚੁਣੀ ਗਈ 16 ਮੈਂਬਰੀ ਟੀਮ ਵਿੱਚ ਪੰਜਾਬ ਤੋਂ ਅੱਠ ਖਿਡਾਰੀ ਹਨ। ਇਨ੍ਹਾਂ ਵਿੱਚੋਂ ਚਾਰ ਖਿਡਾਰੀ ਅੰਮ੍ਰਿਤਸਰ ਤੋਂ ਹਨ ਜਿਨ੍ਹਾਂ ਵਿੱਚ ਸਕਿੱਪਰ ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਗੁਰਜੰਟ ਸਿੰਘ ਅਤੇ ਸ਼ਮਸ਼ੇਰ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਬਾਕੀ ਚਾਰ ਖਿਡਾਰੀ ਜਲੰਧਰ ਤੋਂ ਹਨ ਜਿਨ੍ਹਾਂ ਵਿੱਚ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਸੁਖਜੀਤ ਸਿੰਘ ਅਤੇ ਉਪ ਕਪਤਾਨ ਹਾਰਦਿਕ ਸਿੰਘ ਸ਼ਾਮਲ ਹਨ।