ਹਲਕਾ ਡੇਰਾਬੱਸੀ ’ਚ ਤਿੰਨ ਦਹਾਕਿਆਂ ਮਗਰੋਂ ਮੁੜ ਪਈ ਹੜ੍ਹਾਂ ਦੀ ਮਾਰ
ਹਰਜੀਤ ਸਿੰਘ
ਡੇਰਾਬੱਸੀ, 20 ਜੁਲਾਈ
ਹਲਕਾ ਡੇਰਾਬੱਸੀ ਵਿੱਚੋਂ ਲੰਘਦੇ ਘੱਗਰ ਦਰਿਆ ਨੇ ਇਸ ਇਲਾਕੇ ਵਿੱਚ ਵੱਡੀ ਮਾਰ ਮਾਰੀ ਹੈ। ਹਲਕੇ ਦੇ ਪੁਰਾਣੇ ਬਜ਼ੁਰਗਾਂ ਨਾਲ ਗੱਲਬਾਤ ਕਰਨ ’ਤੇ ਸਾਹਮਣੇ ਆਇਆ ਕਿ ਅੱਜ ਤੋਂ 30 ਸਾਲ ਪਹਿਲਾਂ ਸਾਲ 1993 ਹਲਕੇ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਸੀ ਜਿਸ ਦੌਰਾਨ ਸਾਰੇ ਖੇਤਰ ਵਿੱਚ ਪਾਣੀ ਭਰਨ ਕਾਰਨ ਵੱਡਾ ਨੁਕਸਾਨ ਝਲਣਾ ਪਿਆ ਸੀ। ਇਲਾਕੇ ਵਿੱਚ ਸਭ ਤੋਂ ਵੱਡੀ ਮਾਰ ਘੱਗਰ ਦਰਿਆ ਦੀ ਪੈਂਦੀ ਹੈ। ਇਸ ਦੇ ਬੰਨ੍ਹ ਸਾਰੇ ਕੱਚੇ ਹੋਣ ਹਨ ਜੋ ਵੱਧ ਪਾਣੀ ਕਾਰਨ ਇਹ ਥਾਂ ਥਾਂ ਤੋਂ ਟੁੱਟ ਜਾਂਦੇ ਹਨ ਅਤੇ ਨੇੜਲੇ ਪਿੰਡਾਂ ਨੂੰ ਨੁਕਸਾਨ ਪਹੁੰਚਾ ਜਾਂਦਾ ਹੈ। ਇਸ ਵਾਰ ਵੀ ਘੱਗਰ ਦਰਿਆ ਨੇ ਡੇਰਾਬੱਸੀ ਦੇ ਪਿੰਡ ਅਮਲਾਲਾ ਅਤੇ ਲਾਲੜੂ ਦੇ ਪਿੰਡ ਟਿਵਾਣਾ ਵਿਖੇ ਬੰਨ ਨੂੰ ਤੋੜ ਕੇ ਅੰਦਰ ਵੜ ਗਿਆ ਅਤੇ ਸੱਤ ਪਿੰਡ ਜਨਿ੍ਹਾਂ ਵਿੱਚ ਟਿਵਾਣਾ, ਡੈਹਰ, ਆਲਮਗੀਰ, ਖਜ਼ੂਰ ਮੰਡੀ, ਸਰਸੀਣੀ ਵਿੱਚ ਭਾਰੀ ਤਬਾਹੀ ਮਚਾਈ। ਇਨ੍ਹਾਂ ਪਿੰਡਾਂ ਵਿੱਚ ਘੱਗਰ ਦੇ ਨਾਲ ਜੁੜਦੇ ਖੇਤਾਂ ਵਿੱਚ ਹੁਣ ਫਸਲ ਦੀ ਥਾਂ ਹੁਣ ਰੇਤ ਦੀ ਚਾਦਰ ਦਿਖਾਈ ਦਿੰਦੀ ਹੈ। ਪਿੰਡਾਂ ਤੋਂ ਇਲਾਵਾ ਜ਼ੀਰਕਪੁਰ, ਡੇਰਾਬੱਸੀ ਅਤੇ ਲਾਲੜੂ ਦੀ ਕਈ ਸੁਸਾਇਟੀਆਂ ਵਿੱਚ ਪਾਣੀ ਭਰ ਗਿਆ ਅਤੇ ਸੜਕਾਂ ਟੁੱਟ ਗਈਆਂ। ਤਿੰਨੇ ਸ਼ਹਿਰਾਂ ਵਿੱਚ ਕਈ ਕੱਚੇ ਘਰਾਂ ਦੀ ਛੱਤਾਂ ਡਿੱਗ ਗਈਆਂ। ਲੋਕ ਬੇਘਰ ਹੋ ਗਏ ਹਨ ਜੋ ਸਰਕਾਰ ਤੋਂ ਰਾਹਤ ਦੀ ਆਸ ਲਾਈ ਬੈਠੇ ਹਨ। 1993 ਵਿੱਚ ਆਏ ਹੜ੍ਹ ਤੋਂ ਸਮੇਂ ਦੀ ਸਰਕਾਰਾਂ ਨੇ ਕੋਈ ਸਬਕ ਨਹੀਂ ਲਿਆ। ਸਰਕਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਾਪ੍ਰਵਾਹੀ ਦੇ ਚਲਦੇ ਹਲਕੇ ਦੇ ਸਾਰੇ ਬਰਸਾਤੀ ਚੋਅ ਅਤੇ ਨਾਲੇ ਜਾਂ ਤਾਂ ਬੰਦ ਹੋ ਚੁੱਕੇ ਹਨ ਜਾਂ ਇਨ੍ਹਾਂ ’ਤੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕਰ ਲਏ ਹਨ। ਮੀਂਹ ਦੌਰਾਨ ਪਾਣੀ ਨੂੰ ਨਿਕਾਸੀ ਨਹੀਂ ਮਿਲਦੀ ਅਤੇ ਇਹ ਮਾਰ ਕਰਦਾ ਹੈ। ਹਲਕਾ ਡੇਰਾਬੱਸੀ ਦਾ ਸਾਰਾ ਪਾਣੀ ਘੱਗਰ ਦਰਿਆ ਵਿੱਚ ਨਿਕਾਸ ਹੁੰਦਾ ਹੈ ਪਰ ਘੱਗਰ ਦਰਿਆ ਵਿੱਚ ਪਹਾੜ੍ਹਾਂ, ਚੰਡੀਗੜ੍ਹ ਅਤੇ ਪੰਚਕੂਲਾ ਦਾ ਪਾਣੀ ਆਉਣ ਕਾਰਨ ਇਹ ਭਰ ਗਿਆ ਅਤੇ ਇਲਾਕੇ ਦਾ ਪਾਣੀ ਇਸ ਵਿੱਚ ਨਿਕਾਸ ਨਹੀਂ ਹੋਇਆ ਜਿਸ ਕਾਰਨ ਹਲਕੇ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ।
ਹਲਕਾ ਡੇਰਾਬੱਸੀ ’ਚ ਆਇਆ ਲੀਡਰਾਂ ਦਾ ਹੜ੍ਹ
ਹੜ੍ਹਾਂ ਕਾਰਨ ਹੋਏ ਨੁਕਸਾਨ ਮਗਰੋਂ ਹਲਕਾ ਡੇਰਾਬੱਸੀ ਸਿਆਸੀ ਆਗੂਆਂ ਦੀ ਹੜ੍ਹ ਆਈ ਹੋਈ ਹੈ। ਹੁਣ ਤੱਕ ਹਲਕੇ ਵਿੱਚ ਸੱਤਾਧਾਰੀ ਵੱਲੋਂ ਦੋ ਕੈਬਨਿਟ ਮੰਤਰੀ ਮੀਤ ਹੇਅਰ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਰਾਜ ਸਭਾ ਮੈਂਬਰ ਰਾਘਵ ਚੱਢਾ, ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ, ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਣੇ ਹੋਰ ਆਗੂ ਹਲਕੇ ਦਾ ਦੌਰਾ ਕਰਕੇ ਗਏ। ਆਗੂਆਂ ਦੇ ਦੌਰੇ ਕਥਿਤ ਤੌਰ ’ਤੇ ਫੋਟੋਆਂ ਖਿਚਵਾਉਣ ਅਤੇ ਵੱਡੀ ਵੱਡੀ ਬਿਆਨਬਾਜ਼ੀ ਤੱਕ ਹੀ ਸੀਮਤ ਹਨ ਜਦਕਿ ਪੀੜਤ ਲੋਕਾਂ ਲਈ ਕਿਸੇ ਨੇ ਕੁਝ ਨਹੀਂ ਕੀਤਾ।