ਸ਼ੇਰਗੜ੍ਹ ਵਿੱਚ ਉਮੀਦਵਾਰਾਂ ਦੀਆਂ ਵੋਟਾਂ ਬਰਾਬਰ ਰਹਿਣ ਮਗਰੋਂ ਪਰਚੀ ਨਾਲ ਹੋਇਆ ਫ਼ੈਸਲਾ
ਪੱਤਰ ਪ੍ਰੇਰਕ
ਪਾਤੜਾਂ, 18 ਅਕਤੂਬਰ
ਪਿੰਡ ਸ਼ੇਰਗੜ੍ਹ ਦੀਆਂ ਪੰਚਾਇਤੀ ਚੋਣਾਂ ਦੌਰਾਨ ਸਰਪੰਚ ਦੀ ਚੋਣ ਲੜਦੇ ਚਾਰ ਉਮੀਦਵਾਰਾਂ ਵਿੱਚੋਂ ਦੋਵਾਂ ਵਿਚਾਲੇ ਹੋਏ ਰੌਚਕ ਮੁਕਾਬਲੇ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਦੋ ਪ੍ਰਮੁੱਖ ਉਮੀਦਵਾਰਾਂ ਦੀਆਂ ਵੋਟਾਂ ਬਰਾਬਰ ਬਰਾਬਰ ਰਹਿਣ ਮਗਰੋਂ ਪਰਚੀ ਪਾ ਕੇ ਅੰਤਿਮ ਫ਼ੈਸਲਾ ਕੀਤਾ ਗਿਆ। ਇਸੇ ਦੌਰਾਨ ਸਰਪੰਚ ਦਾ ਤਾਜ ਮਾਲਕ ਸਿੰਘ ਦੇ ਸਿਰ ਸਜਿਆ। ਪਿੰਡ ਸ਼ੇਰਗੜ੍ਹ ਦੇ ਸਰਪੰਚ ਦੇ ਵੱਕਾਰੀ ਅਹੁਦੇ ਲਈ ਚਾਰ ਉਮੀਦਵਾਰ ਮੈਦਾਨ ਵਿੱਚ ਸਨ।
ਵੋਟਾਂ ਦੀ ਗਿਣਤੀ ਵਕਤ ਸਥਿਤੀ ਉਸ ਸਮੇਂ ਹੈਰਾਨੀਜਨਕ ਹੋ ਗਈ ਜਦੋਂ ਸਰਪੰਚੀ ਦੇ ਅਹੁਦੇ ਦੇ ਦਾਅਵੇਦਾਰ ਹਰਭਜਨ ਸਿੰਘ ਸੰਧੂ ਅਤੇ ਮਾਲਕ ਸਿੰਘ ਨੂੰ ਬਰਾਬਰ-ਬਰਾਬਰ 531 ਵੋਟਾਂ ਹਾਸਲ ਹੋਈਆਂ। ‘ਆਪ’ ਆਗੂ ਜਸਵਿੰਦਰ ਸਿੰਘ ਸ਼ੇਰਗੜ੍ਹ 311 ਵੋਟਾਂ ਨਾਲ ਤੀਸਰੇ ਜਦਕਿ ਲਖਵਿੰਦਰ ਸਿੰਘ 178 ਵੋਟਾਂ ਨਾਲ ਚੌਥੇ ਸਥਾਨ ’ਤੇ ਰਿਹਾ। ਇਸ ਤਰ੍ਹਾਂ ਸਰਪੰਚੀ ਦੇ ਪ੍ਰਮੁੱਖ ਦੋਵਾਂ ਦਾਅਵੇਦਾਰਾਂ ਦੀਆਂ ਪਰਚੀਆਂ ਪਾਉਣ ’ਤੇ ਫ਼ਤਵਾ ਮਾਲਕ ਸਿੰਘ ਦੇ ਹੱਕ ਵਿੱਚ ਚਲਾ ਗਿਆ। ਸਰਪੰਚ ਚੁਣੇ ਜਾਣ ਉਪਰੰਤ ਮਾਲਕ ਸਿੰਘ ਨੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਗੁਰੂ ਘਰ ਜਾ ਕੇ ਮੱਥਾ ਟੇਕਿਆ ਅਤੇ ਪਿੰਡ ਵਿੱਚ ਧੰਨਵਾਦੀ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਉਹ ਪਿੰਡ ਦੇ ਸਰਬਪੱਖੀ ਵਿਕਾਸ ਲਈ ਬਿਨਾਂ ਕਿਸੇ ਧੜੇਬੰਦੀ ਤੋਂ ਕੰਮ ਕਰਨਗੇ।