ਮਹਿਲਾ ਮੁਸਲਿਮ ਵਿਧਾਇਕਾ ਦੇ ਦੌਰੇ ਮਗਰੋਂ ਮੰਦਰ ਨੂੰ ‘ਗੰਗਾ ਜਲ ਨਾਲ ਸ਼ੁੱਧ’ ਕੀਤਾ
ਸਿਧਾਰਥਨਗਰ (ਉੱਤਰ ਪ੍ਰਦੇਸ਼), 28 ਨਵੰਬਰ
ਇੱਥੋਂ ਦੇ ਸਿਧਾਰਥਨਗਰ ਜ਼ਿਲ੍ਹੇ ਵਿੱਚ ਇੱਕ ਮੰਦਿਰ ਵਿੱਚ ਸਮਾਜਵਾਦੀ ਪਾਰਟੀ (ਸਪਾ) ਦੀ ਮੁਸਲਿਮ ਵਿਧਾਇਕਾ ਦੇ ਦੌਰੇ ਮਗਰੋਂ ਧਾਰਮਿਕ ਅਸਥਾਨ ਨੂੰ ‘ਗੰਗਾਜਲ ਨਾਲ ਸ਼ੁੱਧ’ ਕੀਤਾ ਗਿਆ। ਡੁਮਰੀਆਗੰਜ ਵਿਧਾਨ ਸਭਾ ਹਲਕੇ ਦੀ ਵਿਧਾਇਕਾ ਸਈਦਾ ਖ਼ਾਤੂਨ ਐਤਵਾਰ ਨੂੰ ‘ਸ਼ਤਚੰਡੀ ਮਹਾਯੱਗ’ ਵਿੱਚ ਹਿੱਸਾ ਲੈਣ ਲਈ ਸਥਾਨਕ ਲੋਕਾਂ ਦੇ ਬੁਲਾਉਣ ’ਤੇ ਸਮਯ ਮਾਤਾ ਮੰਦਿਰ ਵਿੱਚ ਗਈ ਸੀ। ਖਾਤੂਨ ਦੇ ਜਾਣ ਮਗਰੋਂ ਉਸ ਦੇ ਵਿਰੋਧੀਆਂ ਨੇ ਮੰਦਿਰ ਨੂੰ ਗੰਗਾਜਲ ਨਾਨ ਸ਼ੁੱਧ ਕੀਤਾ। ਮੰਦਿਰ ਨੂੰ ਸ਼ੁੱਧ ਕਰਨ ਵਾਲਿਆਂ ਦੀ ਅਗਵਾਈ ਕਰਨ ਵਾਲੇ ਬਦਾਨੀ ਚਾਫ਼ਾ ਦੇ ਨਗਰ ਪੰਚਾਇਤ ਮੁਖੀ ਧਰਮਰਾਜ ਵਰਮਾ ਨੇ ਕਿਹਾ ਕਿ ਵਿਧਾਇਕਾ ਇੱਕ ਮੁਸਲਿਮ ਹੈ ਅਤੇ ਗਾਂ ਦਾ ਮਾਸ ਖਾਂਦੀ ਹੈ, ਇਸ ਲਈ ਇਹ ਪਵਿੱਤਰ ਸਥਾਨ ਉਨ੍ਹਾਂ ਦੇ ਆਉਣ ਕਾਰਨ ਅਸ਼ੁੱਧ ਹੋ ਗਿਆ ਹੈ। ਸੰਪਰਕ ਕਰਨ ’ਤੇ ਵਿਧਾਇਕ ਸਈਦਾ ਖ਼ਾਤੂਨ ਨੇ ਦੱਸਿਆ ਕਿ ਇਲਾਕੇ ਦੇ ਕਈ ਬ੍ਰਾਹਮਣ ਅਤੇ ਸੰਤ ਮੇਰੇ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਨੇ ਉਸ ਨੂੰ ਦਸ ਦਿਨ ਪਹਿਲਾਂ ਇਸ ਲਈ ਸੱਦਾ ਦਿੱਤਾ ਸੀ। ਆਪਣੇ ਦੌਰੇ ਦੇ ਵਿਰੋਧ ਬਾਰੇ ਉਸ ਨੇ ਕਿਹਾ ਕਿ ਨਗਰ ਪੰਚਾਇਤ ਮੁਖੀ ਵਰਮਾ ਭਾਜਪਾ ਅਤੇ ਹਿੰਦੂ ਯੁਵਾ ਸੰਗਠਨ ਨਾਲ ਜੁੜੇ ਹੋਏ ਹਨ। ਉਸ ਨੇ ਕਿਹਾ ਕਿ ਉਹ ਅਜਿਹੇ ਲੋਕਾਂ ਤੋਂ ਡਰਨ ਵਾਲੀ ਨਹੀਂ ਹੈ। -ਪੀਟੀਆਈ