ਦਹਿਸ਼ਤੀ ਹਮਲੇ ਮਗਰੋਂ ਚੀਨ ਦੀ ਇਕ ਹੋਰ ਕੰਪਨੀ ਨੇ ਪਾਕਿ ’ਚ ਕੰਮ ਬੰਦ ਕੀਤਾ
ਇਸਲਾਮਾਬਾਦ, 28 ਮਾਰਚ
ਪਾਕਿਸਤਾਨ ਦੇ ਖ਼ੈਬਰ ਪਖਤੂਨਖ਼ਵਾ ’ਚ ਇਕ ਹਾਈਡਰੋਪਾਵਰ ਪ੍ਰਾਜੈਕਟ ’ਤੇ ਫਿਦਾਈਨ ਹਮਲੇ ’ਚ ਪੰਜ ਚੀਨੀ ਨਾਗਰਿਕਾਂ ਦੇ ਮਾਰੇ ਜਾਣ ਦੇ ਦੋ ਦਿਨਾਂ ਬਾਅਦ ਚੀਨ ਦੀ ਇਕ ਕੰਪਨੀ ਨੇ ਇਸੇ ਅਸ਼ਾਂਤ ਸੂਬੇ ’ਚ ਆਪਣੇ ਪ੍ਰਾਜੈਕਟ ਦਾ ਕੰਮ ਰੋਕ ਦਿੱਤਾ ਹੈ। ਕੰਪਨੀ ਨੇ ਸੈਂਕੜੇ ਵਰਕਰਾਂ ਨੂੰ ਕੰਮ ਤੋਂ ਵੀ ਹਟਾ ਦਿੱਤਾ ਹੈ। ਉਧਰ ਪਾਕਿਸਤਾਨ ਨੇ ਕਿਹਾ ਹੈ ਕਿ ਚੀਨ ਨਾਲ ਉਸ ਦੀ ਦੋਸਤੀ ਦੇ ਦੁਸ਼ਮਣ ਚੀਨੀ ਨਾਗਰਿਕਾਂ ’ਤੇ ਹਮਲੇ ਲਈ ਜ਼ਿੰਮੇਵਾਰ ਹਨ।
ਵਿਦੇਸ਼ ਦਫ਼ਤਰ ਦੀ ਤਰਜਮਾਨ ਮੁਮਤਾਜ਼ ਜ਼ਾਹਰਾ ਬਲੋਚ ਨੇ ਕਿਹਾ ਕਿ ਪਾਕਿਸਤਾਨ ਘਿਨਾਉਣੇ ਹਮਲੇ ਦੇ ਸਬੰਧ ’ਚ ਚੀਨੀ ਸਰਕਾਰ ਦੇ ਸੰਪਰਕ ’ਚ ਹੈ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦਾਂ ਅਤੇ ਉਨ੍ਹਾਂ ਦੇ ਆਕਾਵਾਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਪਾਕਿਸਤਾਨ ਵਚਨਬੱਧ ਹੈ। ਖ਼ੈਬਰ ਪਖਤੂਨਖ਼ਵਾ ਦੇ ਬਿਸ਼ਮ ਜ਼ਿਲ੍ਹੇ ’ਚ ਮੰਗਲਵਾਰ ਨੂੰ ਧਮਾਕਾਖੇਜ਼ ਸਮੱਗਰੀ ਨਾਲ ਲੱਦਿਆ ਇਕ ਵਾਹਨ ਇਕ ਬੱਸ ਨਾਲ ਟਕਰਾਇਆ ਸੀ ਜਿਸ ’ਚ ਸਵਾਰ ਦਾਸੂ ਹਾਈਡਰੋਪਾਵਰ ਪ੍ਰਾਜੈਕਟ ’ਚ ਕੰਮ ਕਰਨ ਵਾਲੇ ਪੰਜ ਚੀਨੀ ਨਾਗਰਿਕਾਂ ਸਮੇਤ ਛੇ ਵਿਅਕਤੀਆਂ ਦੀ ਮੌਤ ਹੋ ਗਈ ਸੀ। ਕਿਸੇ ਵੀ ਦਹਿਸ਼ਤੀ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
‘ਡਾਅਨ’ ਅਖ਼ਬਾਰ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਚੀਨੀ ਕੰਪਨੀ ਪਾਵਰ ਕੰਸਟਰੱਕਸ਼ਨ ਕਾਰਪੋਰੇਸ਼ਨ ਆਫ਼ ਚੀਨ ਨੇ ਸ਼ਾਂਗਲਾ ਜ਼ਿਲ੍ਹੇ ’ਚ ਫਿਦਾਈਨ ਹਮਲੇ ’ਚ ਚੀਨੀ ਨਾਗਰਿਕਾਂ ਦੀ ਮੌਤ ਤੋਂ ਬਾਅਦ ਸੂਬੇ ਦੇ ਸਵਾਬੀ ਜ਼ਿਲ੍ਹੇ ’ਚ ਤਾਰਬੇਲਾ ਹਾਈਡਰੋਪਾਵਰ ਐਕਸਟੈਂਸ਼ਨ ਪ੍ਰਾਜੈਕਟ ’ਚ ਨਿਰਮਾਣ ਸਬੰਧੀ ਕੰਮਾਂ ਨੂੰ ਰੋਕ ਦਿੱਤਾ ਹੈ। ਇਥੇ 2 ਹਜ਼ਾਰ ਤੋਂ ਵਧ ਵਰਕਰਾਂ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਹੈ। ਕੰਪਨੀ ਦੇ ਪ੍ਰਾਜੈਕਟ ਦੇ ਮੈਨੇਜਰ ਨੇ ਹੁਕਮ ਜਾਰੀ ਕਰਕੇ ਕੰਮ ਮੁਲਤਵੀ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਅਗਲੇ ਹੁਕਮਾਂ ਤੱਕ ਸਾਰੇ ਮੁਲਾਜ਼ਮਾਂ ਅਤੇ ਮਜ਼ਦੂਰਾਂ ਨੂੰ ਹਟਾਇਆ ਗਿਆ ਹੈ। ਅਵਾਮੀ ਲੇਬਰ ਯੂਨੀਅਨ ਦੇ ਜਨਰਲ ਸਕੱਤਰ ਅਸਲਮ ਆਦਿਲ ਨੇ ਕਿਹਾ ਕਿ ਮੁਲਾਜ਼ਮਾਂ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਗਈ ਹੈ ਅਤੇ ਜਿਨ੍ਹਾਂ ਨੂੰ ਕੰਮ ’ਤੇ ਆਉਣ ਤੋਂ ਰੋਕਿਆ ਗਿਆ ਹੈ, ਉਨ੍ਹਾਂ ਨੂੰ ਅੱਧੇ ਮਹੀਨੇ ਦੀ ਤਨਖ਼ਾਹ ਮਿਲੇਗੀ। -ਪੀਟੀਆਈ