‘ਸਕੂਪ’ ਦੀ ਸਫਲਤਾ ਤੋਂ ਬਾਅਦ ਨੈੈੱਟਫਲਿਕਸ ਨਾਲ ਲੰਬੇ ਸਮੇਂ ਤੱਕ ਕੰਮ ਕਰਨਗੇ ਹੰਸਲ ਮਹਿਤਾ
ਮੁੰਬਈ: ਫਿਲਮਸਾਜ਼ ਹੰਸਲ ਮਹਿਤਾ ਦੀ ਵੈੱਬ ਸੀਰੀਜ਼ ‘ਸਕੂਪ’ ਲਈ ਸ਼ਲਾਘਾ ਕੀਤੀ ਜਾ ਰਹੀ ਹੈ, ਜਿਸ ‘ਚ ਕਰਿਸ਼ਮਾ ਤੰਨਾ ਮੁੱਖ ਭੂਮਿਕਾ ‘ਚ ਹੈ। ਹੰਸਲ ਮਹਿਤਾ ਨੇ ਨੈੱਟਫਲਿਕਸ ਨਾਲ ਲੰਬੇ ਸਮੇਂ ਦਾ ਕਰਾਰ ਕੀਤਾ ਹੈ ਜਿਸ ਤਹਿਤ ਉਹ ਨੈੱਟਫਲਿਕਸ ਲਈ ਸੀਰੀਜ਼ ਦਾ ਨਿਰਮਾਣ ਕਰਨਗੇ। ‘ਸਕੂਪ’ ਇੱਕ ਪਾਤਰ ਆਧਾਰਿਤ ਡਰਾਮਾ ਹੈ ਜੋ ਜਿਗਨਾ ਵੋਰਾ ਦੀ ਕਿਤਾਬ ‘ਬਿਹਾਈਂਡ ਬਾਰਜ਼ ਇਨ ਬਾਇਕੁਲਾ: ਮਾਈ ਡੇਜ਼ ਇਨ ਪ੍ਰਿਜ਼ਨ’ ਤੋਂ ਪ੍ਰੇਰਿਤ ਹੈ। ਇਸ ਵੈਬ ਸੀਰੀਜ਼ ਵਿਚ ਪੱਤਰਕਾਰ ਜਾਗ੍ਰਿਤੀ ਪਾਠਕ ਅੱਗੇ ਵਧਣ ਦੀ ਚਾਹਵਾਨ ਹੈ ਪਰ ਉਸ ਦੀ ਜ਼ਿੰਦਗੀ ਇੱਕ ਨਾਟਕੀ ਮੋੜ ਲੈਂਦੀ ਹੈ, ਜਦੋਂ ਉਸ ‘ਤੇ ਸਾਥੀ ਪੱਤਰਕਾਰ ਜੈਦੇਵ ਸੇਨ ਦੇ ਕਤਲ ਦਾ ਦੋਸ਼ ਲਗਦਾ ਹੈ ਤੇ ਉਸ ਨੂੰ ਜੇਲ੍ਹ ਵਿਚ ਭੇਜ ਦਿੱਤਾ ਜਾਂਦਾ ਹੈ। ਜਾਗ੍ਰਿਤੀ ਇਸ ਜੇਲ੍ਹ ਦੀ ਉਸ ਸੈੱਲ ਵਿਚ ਹੁੰਦੀ ਹੈ ਜਿਸ ਵਿਚਲੇ ਕਈ ਅਪਰਾਧੀਆਂ ਬਾਰੇ ਜਾਗ੍ਰਿਤੀ ਨੇ ਖਬਰਾਂ ਨਸ਼ਰ ਕੀਤੀਆਂ ਹੁੰਦੀਆਂ ਹਨ। ਹੰਸਲ ਮਹਿਤਾ ਨੇ ਕਿਹਾ, ‘ਇੱਕ ਫਿਲਮ ਨਿਰਮਾਤਾ ਦੇ ਤੌਰ ‘ਤੇ ਮੈਂ ਵੱਖ-ਵੱਖ ਅਤੇ ਗਤੀਸ਼ੀਲ ਕਹਾਣੀਆਂ ਬਣਾਉਣ ਲਈ ਤਿਆਰ ਰਹਿੰਦਾ ਹੈ। ਮੈਂ ਇਸ ਪ੍ਰਾਜੈਕਟ ਨੂੰ ਲੈ ਕੇ ਉਤਸ਼ਾਹਿਤ ਹਾਂ ਕਿਉਂਕਿ ਨੈੱਟਫਲਿਕਸ ਜ਼ਰੀੲੇ ਮੇਰਾ ਕੰਮ ਵਿਸ਼ਵ ਭਰ ਦੇ ਦਰਸ਼ਕਾਂ ਤੱਕ ਪੁੱਜੇਗਾ। -ਏਐੱਨਆਈ