ਸ਼ੋਰਾਨੂਰ ਹਾਦਸੇ ਤੋਂ ਬਾਅਦ ਦੱਖਣੀ ਰੇਲਵੇ ਨੇ ਠੇਕੇਦਾਰ ਦੀਆਂ ਸੇਵਾਵਾਂ ਖ਼ਤਮ ਕੀਤੀਆਂ
ਪਲੱਕੜ, 3 ਨਵੰਬਰ
ਦੱਖਣੀ ਰੇਲਵੇ ਨੇ ਸ਼ਨਿਚਰਵਾਰ ਨੂੰ ਸ਼ੋਰਾਨੂਰ ਸਟੇਸ਼ਨ ਨੇੜੇ ਵਾਪਰੀ ਘਟਨਾ ਤੋਂ ਬਾਅਦ ਉਸ ਠੇਕੇਦਾਰ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਹਨ, ਜਿਸ ਨੂੰ ਰੇਲਵੇ ਪਟੜੀਆਂ ਦੀ ਸਫਾਈ ਦਾ ਕੰਮ ਦਿੱਤਾ ਗਿਆ ਸੀ। ਇਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਇਕ ਵਿਅਕਤੀ ਲਾਪਤਾ ਹੋ ਗਿਆ। ਰੇਲਵੇ ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ, ‘‘ਠੇਕਾ ਖ਼ਤਮ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੀਆਂ ਰੇਲਗੱਡੀਆਂ ਬਾਰੇ ਜਾਣਕਾਰੀ ਦੇ ਕੇ ਮਜ਼ਦੂਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਅਸਫ਼ਲ ਰਹਿਣ ਲਈ ਠੇਕੇਦਾਰ ਖ਼ਿਲਾਫ਼ ਅਪਰਾਧਿਕ ਕੇਸ ਵੀ ਦਰਜ ਕੀਤਾ ਜਾ ਰਿਹਾ ਹੈ।’’
ਸ਼ੋਰਾਨੂਰ ਯਾਰਡ ਅਤੇ ਆਸ-ਪਾਸ ਦੇ ਮਾਰਗ ਵਿੱਚ ਕੂੜਾ ਚੁਗਣ ਦਾ ਠੇਕਾ ਮਲੱਪੁਰਮ ਦੇ ਮੁਨੰਵਰ ਨੂੰ ਦਿੱਤਾ ਗਿਆ ਸੀ। ਰੇਲਵੇ ਮੁਤਾਬਕ, ਸ਼ਨਿਚਰਵਾਰ ਨੂੰ ਬਾਅਦ ਦੁਪਹਿਰ 3.05 ਵਜੇ ਤਿਰੂਵਨੰਤਪੁਰਮ ਜਾਣ ਵਾਲੀ ਕੇਰਲ ਐਕਸਪ੍ਰੈੱਸ ਨੇ ਰੇਲਵੇ ਪਟੜੀ ਤੋਂ ਕੂੜਾ ਇਕੱਠਾ ਕਰਨ ਦਾ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਕਰ ਕੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਕ ਅਜੇ ਵੀ ਲਾਪਤਾ ਹੈ। ਰੇਲਵੇ ਨੇ ਤਾਮਿਲਨਾਡੂ ਦੀਆਂ ਦੋ ਔਰਤਾਂ ਸਣੇ ਮ੍ਰਿਤਕ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। -ਪੀਟੀਆਈ