ਅੱਗ ਦੀ ਅਫ਼ਵਾਹ ਮਗਰੋਂ ਛੇ ਮੁਸਾਫ਼ਰਾਂ ਨੇ ਰੇਲ ਗੱਡੀ ’ਚੋਂ ਛਾਲਾਂ ਮਾਰੀਆਂ
ਸ਼ਾਹਜਹਾਂਪੁਰ/ਨਵੀਂ ਦਿੱਲੀ, 11 ਅਗਸਤ
ਉੱਤਰ ਪ੍ਰਦੇਸ਼ ਦੇ ਬਿਲਪੁਰ ਨੇੜੇ ਚਲਦੀ ਰੇਲ ਗੱਡੀ ’ਚ ਅੱਗ ਦੀ ਅਫ਼ਵਾਹ ਫੈਲਣ ਮਗਰੋਂ ਛੇ ਮੁਸਾਫ਼ਰਾਂ ਨੇ ਉਸ ’ਚੋਂ ਛਾਲਾਂ ਮਾਰ ਦਿੱਤੀਆਂ। ਇਨ੍ਹਾਂ ਮੁਸਾਫ਼ਰਾਂ ਨੂੰ ਸ਼ਾਹਜਹਾਂਪੁਰ ਮੈਡੀਕਲ ਕਾਲਜ ’ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ’ਚ ਦੋ ਔਰਤਾਂ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਨਾਰਦਰਨ ਰੇਲਵੇ ਦੇ ਤਰਜਮਾਨ ਕੁਲਤਾਰ ਸਿੰਘ ਨੇ ਕਿਹਾ ਸੀ ਕਿ 12 ਮੁਸਾਫ਼ਰ ਜ਼ਖ਼ਮੀ ਹੋਏ ਹਨ। ਇਹ ਘਟਨਾ ਮੁਰਾਦਾਬਾਦ ਡਿਵੀਜ਼ਨ ਤਹਿਤ ਪੈਂਦੇ ਬਿਲਪੁਰ ਸਟੇਸ਼ਨ ਨੇੜੇ ਐਤਵਾਰ ਸਵੇਰੇ ਹਾਵੜਾ-ਅੰਮ੍ਰਿਤਸਰ ਮੇਲ ਦੇ ਜਨਰਲ ਡੱਬੇ ’ਚ ਵਾਪਰੀ। ਜੀਆਰਪੀ ਸਟੇਸ਼ਨ ਇੰਚਾਰਜ ਰੇਹਾਨ ਖ਼ਾਨ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਕਿਸੇ ਨੇ ਰੇਲ ਗੱਡੀ ਦੀ ਐਮਰਜੈਂਸੀ ਚੇਨ ਖਿੱਚ ਦਿੱਤੀ ਸੀ ਅਤੇ ਕੁਝ ਮੁਸਾਫ਼ਰਾਂ ਨੇ ਚਲਦੀ ਗੱਡੀ ’ਚੋਂ ਛਾਲਾਂ ਮਾਰ ਦਿੱਤੀਆਂ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਅੱਗ ਬੁਝਾਊ ਯੰਤਰ ਦੀ ਵਰਤੋਂ ਕੀਤੀ ਸੀ ਜਿਸ ਤੋਂ ਪ੍ਰਭਾਵ ਗਿਆ ਕਿ ਅੱਗ ਲੱਗ ਗਈ ਹੈ ਅਤੇ ਡਰ ਕਾਰਨ ਮੁਸਾਫ਼ਰਾਂ ਨੇ ਰੇਲ ਗੱਡੀ ’ਚੋਂ ਛਾਲਾਂ ਮਾਰ ਦਿੱਤੀਆਂ। -ਪੀਟੀਆਈ