ਲੁੱਟ ਦੀਆਂ ਵਾਰਦਾਤਾਂ ਮਗਰੋਂ ਸਨਅਤੀ ਸ਼ਹਿਰ ਦੇ ਕਾਰੋਬਾਰੀ ਸਹਿਮੇ
ਗਗਨਦੀਪ ਅਰੋੜਾ
ਲੁਧਿਆਣਾ, 18 ਨਵਬੰਰ
ਸੂਬੇ ਦੀ ਆਰਥਿਕ ਰਾਜਧਾਨੀ ਵੱਜੋਂ ਜਾਣੇ ਜਾਂਦੇ ਲੁਧਿਆਣਾ ’ਚ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਲੁੱਟ-ਖੋਹ ਦੀਆਂ ਵਾਰਦਾਤਾਂ ਨਾਲ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਹੈ। ਸਨਅਤੀ ਸ਼ਹਿਰ ’ਚ ਸਨਅਤਕਾਰ ਹੀ ਸੁਰੱਖਿਅਤ ਨਹੀਂ ਹਨ। ਦੱਸਣਯੋਗ ਹੈ ਕਿ ਲੁਧਿਆਣਾ ਪੁਲੀਸ ਪਿਛਲੇ ਇੱਕ ਹਫ਼ਤੇ ਤੋਂ ਨਸ਼ਿਆਂ ਖ਼ਿਲਾਫ਼ ਸਾਈਕਲ ਰੈਲੀ ਨੂੰ ਸਫ਼ਲ ਕਰਨ ’ਚ ਲੱਗੀ ਰਹੀ। ਇੱਕ ਹਫ਼ਤੇ ’ਚ ਦੂਸਰੀ ਵੱਡੀ ਵਾਰਦਾਤ ਤੋਂ ਬਾਅਦ ਸ਼ਹਿਰ ਦੇ ਲੋਕਾਂ ’ਚ ਡਰ ਦਾ ਮਾਹੌਲ ਹੈ। ਪਹਿਲਾਂ ਸ਼ਹੀਦ ਸੁਖਦੇਵ ਥਾਪਰ ਦੇ ਵਾਰਸਾਂ ਤੋਂ ਲੁੱਟ ਅਤੇ ਹੁਣ ਸ਼ਹਿਰ ਦੇ ਵੱਡੇ ਕਾਰੋਬਾਰੀ ਨੂੰ ਅਗਵਾ ਕਰਨ ਤੋਂ ਬਾਅਦ ਫਿਰੌਤੀ ਲੈਣ ਦੀ ਕੋਸ਼ਿਸ਼ ਨੇ ਹੋਰ ਡਰਾ ਦਿੱਤਾ ਹੈ। ਕਾਰੋਬਾਰੀ ਨੂੰ ਜਾਲ ਵਿਛਾ ਕੇ ਅਗਵਾ ਕੀਤਾ ਗਿਆ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਕਾਰੋਬਾਰੀ ਨੂੰ ਅਗਵਾ ਕਰ ਕੇ ਫਿਰੌਤੀ ਮੰਗੀ ਗਈ, ਉਸ ਨਾਲ ਕੋਈ ਵੀ ਸੁਰੱਖਿਅਤ ਨਹੀਂ ਹੈ।ਹਾਲੇ ਸ਼ਹੀਦ ਸੁਖਦੇਵ ਥਾਪਰ ਦੇ ਵਾਰਸਾਂ ਤੋਂ ਲੁੱਟ ਮਾਮਲੇ ਨੂੰ ਪੁਲੀਸ ਹੱਲ ਨਹੀਂ ਕਰ ਸਕੀ ਕਿ ਹੁਣ ਕਾਰੋਬਾਰੀ ਸੰਭਵ ਜੈਨ ਨੂੰ ਉਨ੍ਹਾਂ ਦੀ ਗੱਡੀ ’ਚ ਹੀ ਅਗਵਾ ਕਰ ਕੇ ਫਿਰੌਤੀ ਲੈਣ ਦੀ ਕੋਸ਼ਿਸ਼ ਕੀਤੀ ਗਈ। ਮੋਟਰਸਾਈਕਲ ਸਵਾਰ ਲੁਟੇਰਾ ਗਰੋਹ ਨੇ ਪੁਲੀਸ ਦੀ ਨੱਕ ’ਚ ਦਮ ਕਰ ਦਿੱਤਾ ਹੈ। ਮੋਟਰਸਾਈਕਲ ਸਵਾਰ ਕਰੀਬ 5 ਤੋਂ 6 ਲੁਟੇਰਿਆਂ ਨੇ ਸ਼ਹੀਦ ਸੁਖਦੇਵ ਥਾਪਰ ਦੇ ਵਾਰਸ ਤੇ ਕਾਰੋਬਾਰੀ ਅਸ਼ੋਕ ਥਾਪਰ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ 5 ਤੋਂ 6 ਮੋਟਰਸਾਈਕਲ ਸਵਾਰਾਂ ਨੇ ਹੀ ਕਾਰੋਬਾਰੀ ਸੰਭਵ ਜੈਨ ਨੂੰ ਅਗਵਾ ਕੀਤਾ ਹੈ। ਪੁਲੀਸ ਹੁਣ ਇਨ੍ਹਾਂ ਦੋਹਾਂ ਮਾਮਲਿਆਂ ਨੂੰ ਜੋੜ ਕੇ ਜਾਂਚ ਕਰਨ ’ਚ ਲੱਗੀ ਹੈ। ਦੋਵਾਂ ਧੜਿਆਂ ਨੇ ਵਾਰਦਾਤ ਚਾਹੇ ਵੱਖ-ਵੱਖ ਇਲਾਕਿਆਂ ’ਚ ਕੀਤੀ, ਪਰ ਫ਼ਰਾਰ ਹੋਣ ਦਾ ਰਸਤਾ ਇੱਕ ਹੀ ਹੈ। ਲੁਟੇਰੇ ਅਸ਼ੋਕ ਥਾਪਰ ਤੋਂ ਵਾਰਦਾਤ ਨੰ ਅੰਜਾਮ ਦਿੱਤਾ ਸੀ, ਉਦੋਂ ਵੀ ਚਾਂਦ ਸਿਨੇਮਾ ਤੋਂ ਹੁੰਦੇ ਹੋਏ ਐਲੀਵੇਟਡ ਰੋਡ ਦੇ ਥੱਲੇ ਘੰਟਾ ਘਰ ਵੱਲ ਫ਼ਰਾਰ ਹੋਏ ਸਨ ਤੇ ਸੰਭਵ ਜੈਨ ਨੂੰ ਅਗਵਾ ਕਰਨ ਵਾਲੇ ਲੁਟੇਰੇ ਵੀ ਉਸਦੀ ਕਾਰ ਲੈ ਕੇ ਐਲੀਵੇਟਡ ਰੋਡ ਤੋਂ ਹੁੰਦੇ ਹੋਏ ਜਗਰਾਉਂ ਪੁਲ ਦੇ ਥੱਲੇ ਵਾਲੀ ਸਾਈਡ ਤੋਂ ਫ਼ਰਾਰ ਹੋ ਗਏ। ਏਸੀਪੀ ਨਾਰਥ ਸੁਮਿਤ ਸੂਦ ਨੇ ਕਿਹਾ ਕਿ ਪੁਲੀਸ ਇਨ੍ਹਾਂ ਦੋਹਾਂ ਮਾਮਲਿਆਂ ’ਚ ਲਗਾਤਾਰ ਜਾਂਚ ਕਰ ਰਹੀ ਹੈ। ਦੋਹਾਂ ਮਾਮਲਿਆਂ ’ਚ ਵਾਰਦਾਤ ਨੂੰ ਅੰਜਾਮ ਦੇਣ ਅਤੇ ਇੱਕ ਹੀ ਰਸਤੇ ਤੋਂ ਫ਼ਰਾਰ ਹੋਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਪੁਲੀਸ ਦੋਹਾਂ ਮਾਮਲਿਆਂ ਨੂੰ ਜੋੜ ਕੇ ਜਾਂਚ ਕਰ ਰਹੀ ਹੈ ਤੇ ਜਲਦੀ ਹੀ ਹੱਲ ਸਾਰਿਆਂ ਦੇ ਸਾਹਮਣੇ ਹੋਵੇਗਾ।