ਕਾਂਗਰਸੀਆਂ ਦੀ ਘਰ ਵਾਪਸੀ ਮਗਰੋਂ ਪੰਜਾਬ ਭਾਜਪਾ ਦੀਆਂ ਸਰਗਰਮੀਆਂ ਘਟੀਆਂ
ਦਵਿੰਦਰ ਪਾਲ
ਚੰਡੀਗੜ੍ਹ, 24 ਨਵੰਬਰ
ਭਾਰਤੀ ਜਨਤਾ ਪਾਰਟੀ ਵੱਲੋਂ ਅਗਾਮੀ ਸੰਸਦੀ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਜਨ ਅਧਾਰ ਮਜ਼ਬੂਤ ਕਰਨ ਦੇ ਏਜੰਡੇ ਤਹਿਤ ਚੱਲ ਰਹੀਆਂ ਸਰਗਰਮੀਆਂ ਇੱਕਦਮ ਮੱਠੀਆਂ ਪੈ ਗਈਆਂ ਹਨ।
ਪਾਰਟੀ ਸੂਤਰਾਂ ਦਾ ਦੱਸਣਾ ਹੈ ਕਿ ਇਸ ਦਾ ਇੱਕ ਕਾਰਨ ਤਾਂ ਕਾਂਗਰਸ ਨਾਲ ਸਬੰਧਤ ਸਾਬਕਾ ਮੰਤਰੀਆਂ ਦੀ ਘਰ ਵਾਪਸੀ ਹੈ ਜਦੋਂਕਿ ਦੂਜਾ ਕਾਰਨ ਪਾਰਟੀ ’ਚ ਚੱਲ ਰਹੀ ਅੰਦਰੂਨੀ ਖਾਨਾਜੰਗੀ ਹੈ। ਪਾਰਟੀ ਦੀਆਂ ਮੱਧਮ ਪਈਆਂ ਸਰਗਰਮੀਆਂ ਵਿੱਚ ਸਭ ਤੋਂ ਵੱਡਾ ਮਾਮਲਾ ਕੇਂਦਰੀ ਮੰਤਰੀਆਂ ਦੀਆਂ ਇਸ ਸਰਹੱਦੀ ਤੇ ਘੱਟ ਗਿਣਤੀ ਦੇ ਪ੍ਰਭਾਵ ਵਾਲੇ ਖੇਤਰ ’ਚ ਫੇਰੀਆਂ ਦਾ ਘਟਣਾ ਹੈ। ਹਰਦੀਪ ਪੁਰੀ, ਗਜੇਂਦਰ ਸਿੰਘ ਸ਼ੇਖਾਵਤ, ਅਨੁਰਾਗ ਠਾਕੁਰ, ਮੀਨਾਕਸ਼ੀ ਲੇਖੀ, ਮਨਸੁਖ ਮਾਂਡਵੀਆ ਸਣੇ ਅੱਧੀ ਦਰਜਨ ਤੋਂ ਵੱਧ ਮੰਤਰੀਆਂ ਦੀਆਂ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਸਰਗਰਮੀਆਂ ਲਈ ਪੱਕੀਆਂ ਡਿਊਟੀਆਂ ਲਾਈਆਂ ਗਈਆਂ ਸਨ। ਕੇਂਦਰੀ ਮੰਤਰੀਆਂ ਵੱਲੋਂ ਹਫ਼ਤੇ ਦੇ ਅੰਤਲੇ ਦਿਨਾਂ ਦੌਰਾਨ ਸੂਬੇ ਦੇ ਕਿਸੇ ਨਾ ਕਿਸੇ ਜ਼ਿਲ੍ਹੇ ਵਿੱਚ ਰਾਜਸੀ ਸਰਗਰਮੀ ਕਰ ਕੇ ਪਾਰਟੀ ਕਾਡਰ ਨੂੰ ਜਿੱਥੇ ਹੱਲਾਸ਼ੇਰੀ ਦਿੱਤੀ ਜਾਂਦੀ ਸੀ ਉਥੇ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਦਲਬਦਲੀ ਲਈ ਵੀ ਪ੍ਰੇਰਿਆ ਜਾਂਦਾ ਸੀ। ਇਨ੍ਹਾਂ ਮੰਤਰੀਆਂ ਸਣੇ ਪਾਰਟੀ ਦੇ ਸੀਨੀਅਰ ਕੇਂਦਰੀ ਆਗੂਆਂ ਦੀਆਂ ਮੱਠੀਆਂ ਪਈਆਂ ਸਰਗਰਮੀਆਂ ਨੇ ਪਾਰਟੀ ਕਾਡਰ ਅੰਦਰ ਵੀ ਨਿਰਾਸ਼ਾ ਫੈਲਾ ਦਿੱਤੀ ਹੈ।
ਪਾਰਟੀ ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਪਾਰਟੀ ਵਿੱਚ ਇਸ ਸਮੇਂ ਅੰਦਰੂਨੀ ਧੜੇਬੰਦੀ ਸਿਖਰਾਂ ’ਤੇ ਹੈ। ਇੱਕ ਪਾਸੇ ਜਿੱਥੇ ਪੁਰਾਣਾ ਤੇ ਟਕਸਾਲੀ ਕਾਡਰ ਨੁੱਕਰੇ ਲੱਗਿਆ ਮਹਿਸੂਸ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਲ ਬਦਲੀ ਕਰਕੇ ਪਾਰਟੀ ਵਿੱਚ ਆਏ ਆਗੂ ਆਪੋ-ਆਪਣੀ ਡਫਲੀ ਵਜਾ ਰਹੇ ਹਨ। ਪੰਜਾਬ ਵਿੱਚ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੂੰ ਭਾਵੇਂ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਦੋ ਸੰਸਦੀ ਚੋਣਾਂ ਸੰਗਰੂਰ ਅਤੇ ਜਲੰਧਰ ਵਿੱਚ ਉਮੀਦ ਨਾਲੋਂ ਵੱਧ ਵੋਟ ਬੈਂਕ ਮਿਲਣ ਕਰਕੇ ਪਾਰਟੀ ਆਗੂਆਂ ਦੇ ਹੌਸਲੇ ਵਧੇ ਸਨ। ਇਸੇ ਕਰਕੇ ਕਾਂਗਰਸ ਦੇ ਕਈ ਸਾਬਕਾ ਮੰਤਰੀ ਦਲ ਬਦਲ ਕੇ ਭਾਜਪਾ ’ਚ ਸ਼ਾਮਲ ਹੋ ਗਏ ਸਨ। ਪਿਛਲੇ ਦਿਨਾਂ ਦੌਰਾਨ ਭਾਰਤ ਸਰਕਾਰ ਦੇ ਕੈਨੇਡਾ ਨਾਲ ਟਕਰਾਅ ਤੇ ਹੋਰਨਾਂ ਸਿਆਸੀ ਗਤੀਵਿਧੀਆਂ ਦੌਰਾਨ ਜਦੋਂ ਕਾਂਗਰਸ ਦੇ ਆਗੂਆਂ ਨੇ ਘਰ ਵਾਪਸੀ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਤਾਂ ਪਾਰਟੀ ਦੀਆਂ ਗਤੀਵਿਧੀਆਂ ਨੂੰ ਸੱਟ ਵੱਜੀ। ਦੂਜੇ ਪਾਸੇ ਆਰਐੱਸਐੱਸ ਨਾਲ ਸਬੰਧਿਤ ਰਹੇ ਪਾਰਟੀ ਦੇ ਇੱਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਕਾਂਗਰਸੀਆਂ ਦੀ ਦਲਬਦਲੀ ਕਾਰਨ ਹੋਰਨਾਂ ਪਾਰਟੀਆਂ ਦੇ ਜੋ ਆਗੂ ਭਾਜਪਾ ਵਿੱਚ ਸ਼ਾਮਲ ਹੋ ਰਹੇ ਸਨ, ਉਸ ਰਣਨੀਤੀ ਨੂੰ ਸੱਟ ਵੱਜੀ ਹੈ।
ਇੱਕ ਧੜਾ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦਾ ਇੱਛੁਕ
ਬਦਲੇ ਹੋਏ ਸਿਆਸੀ ਸਮੀਕਰਨਾਂ ਦੌਰਾਨ ਪਾਰਟੀ ਦਾ ਇੱਕ ਧੜਾ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਤੋਂ ਸਿਆਸੀ ਗੱਠਜੋੜ ਦਾ ਵੀ ਇੱਛੁਕ ਹੈ। ਇਸ ਆਗੂ ਦਾ ਕਹਿਣਾ ਹੈ ਕਿ ਕੇਂਦਰੀ ਲੀਡਰਸ਼ਿਪ ਤੇ ਕੇਂਦਰੀ ਮੰਤਰੀ ਹਾਲ ਦੀ ਘੜੀ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਅਮਲ ਵਿੱਚ ਰੁੱਝੇ ਹੋਏ ਹਨ। ਚੋਣਾਂ ਦਾ ਅਮਲ ਪੂਰਾ ਹੋਣ ਤੋਂ ਬਾਅਦ ਪੰਜਾਬ ਬਾਰੇ ਨਵੀਂ ਰਣਨੀਤੀ ’ਤੇ ਵਿਚਾਰ ਕੀਤਾ ਜਾਵੇਗਾ। ਇਸ ਆਗੂ ਦਾ ਕਹਿਣਾ ਹੈ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਦੀ ਨਿਯੁਕਤੀ ਸਣੇ ਹੋਰ ਕਈ ਅਹਿਮ ਨਿਯੁਕਤੀਆਂ ਦਾ ਅਮਲ ਵੀ ਰੁਕਿਆ ਪਿਆ ਹੈ। ਉਧਰ, ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਪੰਜ ਰਾਜਾਂ ਦੀਆਂ ਚੋਣਾਂ ’ਚ ਰੁੱਝੇ ਹੋਣ ਕਾਰਨ ਕੇਂਦਰੀ ਮੰਤਰੀ ਪੰਜਾਬ ਦੇ ਦੌਰਿਆਂ ’ਤੇ ਨਹੀਂ ਆ ਸਕੇ।