ਸੁਖਬੀਰ ਬਾਦਲ ਦੇ ਅਸਤੀਫ਼ੇ ਮਗਰੋਂ ਅਕਾਲੀ ਆਗੂਆਂ ਦੇ ਸੁਰ ਬਦਲੇ
ਖੇਤਰੀ ਪ੍ਰਤੀਨਿਧ
ਪਟਿਆਲਾ, 19 ਨਵਬੰਰ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਦਿੱਤੇ ਗਏ ਅਸਤੀਫੇ ਮਗਰੋਂ ਅਕਾਲੀ ਆਗੂਆਂ ਦੇ ਸੁਰ ਬਦਲਣੇ ਸ਼ੁਰੂ ਹੋ ਗਏ ਹਨ। ਇਸ ਅਸਤੀਫ਼ੇ ਮਗਰੋਂ ਅਕਾਲੀ ਦਲ ’ਚ ਮੁੜ ਤੋਂ ਏਕਤਾ ਦੀਆਂ ਗੱਲਾਂ ਹੋਣ ਲੱਗੀਆਂ ਹਨ। ਅੱਜ ਇਥੇ ਰੱਖੜਾ ਪਿੰਡ ਕਰਵਾਏ ਗਏ ਬਰਸੀ ਸਮਾਗਮ ’ਤੇ ਪੁੱਜੇ ਅਕਾਲੀ ਦਲ ਸੁਧਾਰ ਲਹਿਰ ਦੇ ਬਹੁਤੇ ਆਗੂਆਂ ਨੇ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਅਕਾਲੀ ਦਲ ਦੀ ਏਕਤਾ ਦਾ ਹੀ ਰਾਗ ਅਲਾਪਿਆ। ਇਨ੍ਹਾਂ ਆਗੂਆਂ ਦੀ ਸੁਰ ਤਾਂ ਭਾਵੇਂ ਕਿ ਅਜੇ ਵੀ ਸੁਖਬੀਰ ਬਾਦਲ ਵਿਰੋਧੀ ਹੀ ਰਹੀ ਪਰ ਪਹਿਲਾਂ ਨਾਲੋਂ ਨਰਮ ਪਈ ਜ਼ਰੂਰ ਨਜ਼ਰ ਆਈ। ਇਸ ਮੌਕੇ ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਸੀ ਕਿ ਸੁਖਬੀਰ ਬਾਦਲ ਨੇ ਤਿਆਗ ਵਿਖਾ ਕੇ ਪੰਥ ਅਤੇ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਹੈ। ਅਸਤੀਫੇ ਦੇ ਹਵਾਲੇ ਨਾਲ ਚੰਦੂਮਾਜਰਾ ਨੇ ਕਿਹਾ ਕਿ ਹੁਣ ਅਕਾਲੀ ਦਲ ’ਚ ਪੈਦਾ ਹੋਇਆ ਖਲਾਅ ਭਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਿੰਘ ਸਾਹਿਬਾਨ ਅਜਿਹੀ ਇਤਿਹਾਸਕ ਭੂਮਿਕਾ ਨਿਭਾਉਣ ਅਚੇ ਇੱਕ ਧਾਗੇ ’ਚ ਪਰੋਅ ਕੇ ਪੰਥ ਅਤੇ ਅਕਾਲੀ ਦਲ ਨੂੰ ਮੁੜ ਸ਼ਕਤੀਸ਼ਾਲੀ ਧਿਰ ਵਜੋਂ ਉਭਾਰ ਕੇ ਖੜ੍ਹਾ ਕਰਨ। ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਸੀ ਕਿ ਜੇ ਸਾਲ 2027 ’ਚ ਰਾਜ ਕਰਨਾ ਹੈ ਤਾਂ ਗਿਲੇ ਸ਼ਿਕਵੇ ਭੁਲਾ ਕੇ ਸਾਰੇ ਅਕਾਲੀ ਆਗੂਆਂ ਨੂੰ ਇੱਕ ਮੰਚ ’ਤੇ ਇਕੱਠੇ ਹੋਣਾ ਹੀ ਪਵੇਗਾ ਤੇ ਭਾਜਪਾ ਨਾਲ ਵੀ ਸਮਝੌਤਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਦਿੱਤਾ ਅਸਤੀਫ਼ਾ ਨਾਪ੍ਰਵਾਨ ਕਰਨਾ ਵਰਕਿੰਗ ਕਮੇਟੀ ਦੀ ਬੱਜਰ ਗਲਤੀ ਹੈ। ਇਸੇ ਤਰ੍ਹਾਂ ਹੀ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਜਿੱਥੇ ਅਸਤੀਫਾ ਨਾ ਪ੍ਰਵਾਨ ਹੋਣ ਪਿੱਛੇ ਸੁਖਬੀਰ ਬਾਦਲ ਦਾ ਹੱਥ ਦੱਸਿਆ, ਉਥੇ ਹੀ ਇਹ ਵੀ ਕਿਹਾ ਕਿ ਕੱਲ੍ਹ ਹੀ ਇਹ ਅਸਤੀਫਾ ਪ੍ਰਵਾਨ ਵੀ ਕਰ ਲੈਣਾ ਚਾਹੀਦਾ ਸੀ। ਅਕਾਲੀ ਦਲ ਸੁਧਾਰ ਲਹਿਰ ਦੇ ਕੁਝ ਹੋਰ ਆਗੂਆਂ ਨੇ ਵੀ ਜਿੱਥੇ ਅਸਤੀਫੇ ਨੂੰ ਦੇਰ ਆਏ ਦਰੁਸਤ ਆਏ ਕਹਿ ਕੇ ਚੰਗਾ ਸ਼ਗਨ ਕਰਾਰ ਦਿੱਤਾ, ਉਥੇ ਹੀ ਹੁਣ ਪ੍ਰ੍ਰਵਾਨ ਕਰਵਾ ਲੈਣ ਦੇ ਸੁਝਾਅ ਵੀ ਦਿੱਤੇ।