ਵਿਧਾਇਕਾ ਅਨਮੋਲ ਦੇ ਮੰਤਰੀ ਵਜੋਂ ਅਸਤੀਫ਼ੇ ਮਗਰੋਂ ਲੋਕਾਂ ਨੇ ਕੰਮਾਂ-ਕਾਰਾਂ ਲਈ ਕੰਗ ਵੱਲ ਰੁਖ਼ ਕੀਤਾ
ਸ਼ਸ਼ੀ ਪਾਲ ਜੈਨ
ਖਰੜ, 24 ਸਤੰਬਰ
ਸਥਾਨਕ ਵਿਧਾਇਕਾ ਅਨਮੋਲ ਗਗਨ ਮਾਨ ਵੱਲੋਂ ਕੈਬਨਿਟ ਮੰਤਰੀ ਵਜੋਂ ਅਸਤੀਫ਼ਾ ਦੇਣ ਉਪਰੰਤ ਸ਼ਹਿਰ ਦੇ ਲੋਕਾਂ ’ਚ ਜੋ ਵਿਕਾਸ ਦੀ ਥੋੜ੍ਹੀ ਬਹੁਤ ਆਸ ਪੈਦਾ ਹੋਈ ਸੀ, ਉਹ ਵੀ ਖ਼ਤਮ ਹੋ ਗਈ ਹੈ। ਇਸ ਅਸਤੀਫ਼ੇ ਨਾਲ ਜਿੱਥੇ ਅਨਮੋਲ ਗਗਨ ਮਾਨ ਦਾ ਸਿਆਸੀ ਕੱਦ ਘਟਿਆ ਹੈ, ਉੱਥੇ ਸ੍ਰੀ ਆਨੰਦਪੁਰ ਸਾਹਿਬ ਚੋਣ ਹਲਕੇ ਤੋਂ ਲੋਕ ਸਭਾ ਦੇ ਮੈਂਬਰ ਮਾਲਵਿੰਦਰ ਸਿੰਘ ਕੰਗ ਦਾ ਸਿਆਸੀ ਕੱਦ ਵਧ ਗਿਆ ਹੈ ਅਤੇ ਲੋਕ ਇਕਦਮ ਆਪਣੇ ਕੰਮਾਂ-ਕਾਰਾਂ ਲਈ ਉਨਾਂ ਵੱਲ ਦੇਖਣ ਲੱਗ ਪਏ ਹਨ।
ਭਾਵੇਂ ਅਨਮੋਲ ਗਗਨ ਮਾਨ ਵਲੋਂ ਪਿਛਲੇ ਦਿਨਾਂ ਵਿੱਚ ਕਾਫ਼ੀ ਸਰਗਰਮੀ ਖਰੜ ਖੇਤਰ ਵਿੱਚ ਦਿਖਾਈ ਗਈ ਸੀ ਪਰ ਉਨਾਂ ਦੇ ਕਹਿਣ ਅਨੁਸਾਰ ਜੋ ਕੰਮ ਉਨ੍ਹਾਂ ਸ਼ੁਰੂ ਕੀਤੇ ਸਨ, ਉਹ ਹਲਕੇ ਵਿਚ ਨਜ਼ਰ ਆਉਣੇ ਅਜੇ ਸ਼ੁਰੂ ਨਹੀਂ ਹੋਏ ਸਨ। ਭਾਵੇਂ ਅਨਮੋਲ ਗਗਨ ਮਾਨ ਨਾਲ ਵੀ ਸੰਪਰਕ ਸੌਖਾ ਨਹੀਂ ਸੀ ਪਰ ਫਿਰ ਵੀ ਉਨ੍ਹਾਂ ਦੇ ਪਿਤਾ ਲੋਕਾਂ ਨੂੰ ਮਿਲਦੇ ਸਨ ਅਤੇ ਮੁਸ਼ਕਲਾਂ ਹੱਲ ਕਰਨ ਲਈ ਕੋਸ਼ਿਸ਼ਾਂ ਕਰਦੇ ਸਨ।
ਹੁਣ ਲੋਕਾਂ ਨੇ ਲੋਕ ਸਭਾ ਦੇ ਮੈਂਬਰ ਮਲਵਿੰਦਰ ਸਿੰਘ ਕੰਗ ਵੱਲ ਦੇਖਣਾ ਸ਼ੁਰੂ ਕਰ ਦਿੱਤਾ ਹੈ ਅਤੇ ਲੋਕ ਚਰਚਾ ਕਰਨ ਲੱਗ ਪਏ ਹਨ ਕਿ ਕੰਮਾਂ ਲਈ ਕੰਗ ਨਾਲ ਸੰਪਰਕ ਕੀਤਾ ਜਾਵੇ। ਕੰਗ ਦੇ ਨਜ਼ਦੀਕੀ ਸੂਤਰਾਂ ਅਨੁਸਾਰ ਉਸ ਵਲੋਂ ਵੀ ਇੱਥੇ ਸਰਗਰਮੀਆਂ ਵਧਾਈਆਂ ਜਾ ਰਹੀਆਂ ਹਨ ਅਤੇ ਉਹ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਜ਼ੋਰਦਾਰ ਕੰਮ ਕਰਨਗੇ। ਇਸ ਤਰੀਕੇ ਨਾਲ ਸ੍ਰੀ ਕੰਗ ਦਾ ਸਿਆਸੀ ਕੱਦ ਇਸ ਇਲਾਕੇ ਵਿਚ ਇਕਦਮ ਵਧ ਗਿਆ ਹੈ।