ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧਾਰਾ 370 ਹਟਣ ਮਗਰੋਂ ਜੰਮੂ ਕਸ਼ਮੀਰ ਦਾ ਵਿਕਾਸ ਹੋਇਆ: ਮੋਦੀ

07:21 AM May 19, 2024 IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਨਮਾਨਿਤ ਕਰਦੇ ਹੋਏ ਨਵੀਨ ਜਿੰਦਲ। -ਫੋਟੋ: ਏਐੱਨਆਈ

ਰਤਨ ਸਿੰਘ ਢਿੱਲੋਂ/ਪੀਟੀਆਈ
ਅੰਬਾਲਾ/ਸੋਨੀਪਤ/ਨਵੀਂ ਦਿੱਲੀ, 18 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਹਮਲੇ ਤੇਜ਼ ਕਰਦਿਆਂ ਅੱਜ ਕਿਹਾ ਕਿ ਇਹ ਉਨ੍ਹਾਂ (ਭਾਜਪਾ) ਦੀ ‘ਧੱਕੜ’ ਸਰਕਾਰ ਸੀ ਜਿਸ ਨੇ ਧਾਰਾ 370 ਹਟਾਈ ਅਤੇ ਇਸ ਮਗਰੋਂ ਕਸ਼ਮੀਰ ਵਿਕਾਸ ਦੇ ਰਾਹ ’ਤੇ ਪਿਆ। ਮੋਦੀ ਨੇ ‘ਜੀਪ ਘੁਟਾਲੇ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਭਾਰਤ ਦੀਆਂ ਸੈਨਾਵਾਂ ਤੇ ਸੈਨਿਕਾਂ ਨੂੰ ਧੋਖਾ ਦੇਣ ਦਾ ਰਿਹਾ ਹੈ।
ਉਨ੍ਹਾਂ ਅੰਬਾਲਾ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਕੀ ਇੱਕ ਕਮਜ਼ੋਰ ਸਰਕਾਰ ਜੰਮੂ ਕਸ਼ਮੀਰ ’ਚ ਹਾਲਾਤ ਬਦਲ ਸਕਦੀ ਸੀ?’ ਭਾਰਤੀ ਫੌਜ ’ਚ ਹਰਿਆਣਾ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਸੱਤਾ ’ਚ ਸੀ ਤਾਂ ਹਰਿਆਣਾ ਦੀਆਂ ਮਾਵਾਂ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਰਹਿੰਦੀਆਂ ਸਨ। ਉਨ੍ਹਾਂ ਕਿਹਾ, ‘ਮੈਂ ਭਾਰਤ ਦੀਆਂ ਸੈਨਾਵਾਂ ਨੂੰ ਆਤਮ ਨਿਰਭਰ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਅਤੇ ਅੱਜ ਸੈਨਾ ਨੂੰ ਮੇਡ ਇਨ ਇੰਡੀਆ ਹਥਿਆਰ ਮਿਲ ਰਹੇ ਹਨ ਅਤੇ ਦੂਜੇ ਦੇਸ਼ਾਂ ਨੂੰ ਵੇਚੇ ਵੀ ਜਾ ਰਹੇ ਹਨ।’

Advertisement

ਅੰਬਾਲਾ ਵਿੱਚ ਪਾਰਟੀ ਉਮੀਦਵਾਰ ਬੰਤੋ ਕਟਾਰੀਆ ਦੇ ਹੱਕ ’ਚ ਰੈਲੀ ਕਰਨ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ ਭਾਜਪਾ ਆਗੂ। -ਫੋਟੋ: ਏਐੱਨਆਈ

ਮੋਦੀ ਨੇ ਕਿਹਾ ਕਿ 4 ਜੂਨ ਨੂੰ ਸਿਰਫ਼ 17 ਦਿਨ ਰਹਿ ਗਏ ਹਨ ਜਦੋਂ ਲੋਕ ਸਭਾ ਚੋਣਾਂ ਦਾ ਨਤੀਜਾ ਐਲਾਨਿਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਤੇ ਇੰਡੀਆ ਗੱਠਜੋੜ ’ਚ ਉਸ ਦੇ ਭਾਈਵਾਲਾਂ ਨੂੰ ਵੋਟਿੰਗ ਦੇ ਪਹਿਲੇ ਚਾਰ ਗੇੜਾਂ ’ਚ ਕੋਈ ਵੀ ਸੀਟ ਨਹੀਂ ਮਿਲੀ ਹੈ। ਉਨ੍ਹਾਂ ਕਿਹਾ, ‘ਦੇਸ਼ ਵਿੱਚ ਜਦੋਂ ਧੱਕੜ ਸਰਕਾਰ ਹੋਵੇ ਤਾਂ ਦੁਸ਼ਮਣ ਕੁਝ ਵੀ ਕਰਨ ਤੋਂ ਪਹਿਲਾਂ ਸੌ ਵਾਰੀ ਸੋਚਦੇ ਹਨ। ਪਾਕਿਸਤਾਨ ਜਿਸ ਦੇ ਹੱਥ ’ਚ ਪਹਿਲਾਂ ਬੰਬ ਹੁੰਦੇ ਸੀ, ਹੁਣ ਉਸ ਦੇ ਹੱਥ ਵਿੱਚ ਭੀਖ ਦਾ ਕਟੋਰਾ’ ਹੈ। ਇਸ ਤੋਂ ਪਹਿਲਾਂ ਮੋਦੀ ਨੇ ਸਾਬਕਾ ਕੇਂਦਰੀ ਮੰਤਰੀ ਰਤਨ ਨਾਲ ਕਟਾਰੀਆ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਕਿਸਾਨਾਂ ਦੇ ਨਾਂ ’ਤੇ ਰਾਜਨੀਤੀ ਕਰਦੀ ਹੈ। ਕਾਂਗਰਸ ਨੇ 10 ਸਾਲਾਂ ਵਿੱਚ ਸਿਰਫ਼ ਸਾਢੇ 7 ਲੱਖ ਕਰੋੜ ਦਾ ਅਨਾਜ ਐੱਮਐੱਸਪੀ ’ਤੇ ਖ਼ਰੀਦਿਆ ਸੀ ਜਦਕਿ ਮੋਦੀ ਸਰਕਾਰ ਨੇ 10 ਸਾਲਾਂ ਵਿੱਚ 20 ਲੱਖ ਕਰੋੜ ਦਾ ਅਨਾਜ ਖ਼ਰੀਦਿਆ ਹੈ। ਉਨ੍ਹਾਂ ਕਿਹਾ ਅੱਜ ਹਰਿਆਣਾ ਦੇ ਕਿਸਾਨਾਂ ਵੱਲੋਂ ਪੈਦਾ ਕੀਤਾ ਜਾ ਰਿਹਾ ਮੋਟਾ ਅਨਾਜ ਸੁਪਰ ਫੂਡ ਬਣ ਚੁੱਕਾ ਹੈ ਜਿਸ ਨੂੰ ਸਰਕਾਰ ਵਿਦੇਸ਼ਾਂ ਤੱਕ ਲਿਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਮਹਿਲਾਵਾਂ, ਨੌਜਵਾਨਾਂ ਅਤੇ ਕਿਸਾਨਾਂ ਨਾਲ ਕੋਈ ਮਤਲਬ ਨਹੀਂ, ਉਸ ਨੂੰ ਸਿਰਫ਼ ਵੋਟ ਨਾਲ ਮਤਲਬ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੇ ਸਵਾਗਤੀ ਭਾਸ਼ਣ ਦਿੱਤਾ। ਇਸੇ ਦੌਰਾਨ ਹਰਿਆਣਾ ਦੇ ਸੋਨੀਪਤ ਦੇ ਗੋਹਾਨਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕਾਂਗਰਸ ਨੂੰ ਧਾਰਾ 370 ਵਾਪਸ ਲਿਆਉਣ ਦਾ ਸੁਫ਼ਨਾ ਭੁੱਲ ਜਾਣਾ ਚਾਹੀਦਾ ਹੈ ਕਿਉਂਕਿ ਇਸ ਨੂੰ ਕਬਰਸਤਾਨ ’ਚ ਦਫਨਾ ਦਿੱਤਾ ਗਿਆ ਹੈ। ਮੋਦੀ ਨੇ ਲੋਕ ਸਭਾ ਚੋਣਾਂ ਨੂੰ ‘ਕੁਰੂਕਸ਼ੇਤਰ’ ਕਿਹਾ ਜਿਸ ਵਿੱਚ ਇੱਕ ਪਾਸੇ ਵਿਕਾਸ ਹੈ ਤੇ ਦੂਜੇ ਪਾਸੇ ਵੋਟ ਜਹਾਦ ਹੈ। ਸਥਾਨਕ ਲੋਕਾਂ ਨਾਲ ਤਾਲਮੇਲ ਬਿਠਾਉਂਦਿਆਂ ਉਨ੍ਹਾਂ ਗੋਹਾਨਾ ਦੀ ਮਸ਼ਹੂਰ ਮਾਤੂਰਾਮ ਹਲਵਾਈ ਦੀ ਜਲੇਬੀ ਦਾ ਵੀ ਜ਼ਿਕਰ ਕੀਤਾ। ਇਸੇ ਤਰ੍ਹਾਂ ਦਿੱਲੀ ’ਚ ਪਾਰਟੀ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ-‘ਆਪ’ ਦਾ ਭ੍ਰਿਸ਼ਟ ਪਾਰਟੀਆਂ ਦਾ ਗੱਠਜੋੜ ਹੈ। -ਪੀਟੀਆਈ

 

Advertisement

Advertisement