ਬਾਕਸਿੰਗ ਕੋਚ ਦੀ ਰਿਹਾਈ ਮਗਰੋਂ ਨਸ਼ਾ ਵਿਰੋਧੀ ਮੁਹਿੰਮ ਕਮੇਟੀ ਵੱਲੋਂ ਫ਼ਤਹਿ ਮਾਰਚ
ਜੋਗਿੰਦਰ ਸਿੰਘ ਮਾਨ
ਮਾਨਸਾ, 6 ਜੂਨ
ਜਨਤਕ ਅੰਦੋਲਨ ਦੇ ਦਬਾਅ ਹੇਠ ਮਾਨਸਾ ਪੁਲੀਸ ਵੱਲੋਂ ਬਾਕਸਿੰਗ ਕੋਚ ਪਰਵਿੰਦਰ ਉਰਫ ਝੋਟਾ ਤੇ ਹੋਰ ਨੌਜਵਾਨਾਂ ਖ਼ਿਲਾਫ਼ ਦਰਜ ਇਰਾਦਾ ਕਤਲ ਦੇ ਕੇਸ ਨੂੰ ਵਾਪਸ ਲੈਣ ਤੋਂ ਬਾਅਦ ਅੱਜ ‘ਨਸ਼ੇ ਨਹੀਂ, ਰੁਜ਼ਗਾਰ ਦਿਓ’ ਮੁਹਿੰਮ ਕਮੇਟੀ ਦੀ ਅਗਵਾਈ ਹੇਠ ਸ਼ਹਿਰ ਵਿਚ ਫਤਹਿ ਮਾਰਚ ਕੀਤਾ ਗਿਆ। ਇਹ ਮਾਰਚ ਜ਼ਿਲ੍ਹਾ ਕਚਿਹਰੀ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸਿੰਘ ਸਭਾ ਵਿੱਚ ਪਹੁੰਚ ਕੇ ਸਮਾਪਤ ਹੋਇਆ। ਇਸ ਤੋਂ ਪਹਿਲਾਂ ਬਾਲ ਭਵਨ ਪਾਰਕ ਵਿਖੇ ਜੇਤੂ ਰੈਲੀ ਕਰਨ ਤੋਂ ਬਾਅਦ ਵਿਖਾਵੇ ਦੇ ਰੂਪ ਵਿਚ ਜ਼ਿਲ੍ਹਾ ਸਕੱਤਰੇਤ ਪਹੁੰਚਕੇ ਇਕ ਸਾਂਝੇ ਵਫ਼ਦ ਵਲੋਂ ਸੀਪੀਆਈ (ਐਮ.ਐਲ) ਲਿਬਰੇਸ਼ਨ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਦੀ ਅਗਵਾਈ ਵਿਚ ਇਸ ਅੰਦੋਲਨ ਦੀਆਂ ਬਾਕੀ ਮੰਗਾਂ ਬਾਰੇ ਡਿਪਟੀ ਕਮਿਸ਼ਨਰ ਨੂੰ ਮਿਲਕੇ ਮੁੱਖ ਮੰਤਰੀ ਤੱਕ ਪਹੁੰਚਾਉਣ ਲਈ ਇਕ ਮੰਗ ਪੱਤਰ ਦਿੱਤਾ ਗਿਆ। ਬੁਲਾਰਿਆਂ ਨੇ ਐਲਾਨ ਕੀਤਾ ਕਿ ਝੂਠੇ ਕੇਸ ਨੂੰ ਰੱਦ ਕੀਤੇ ਜਾਣ ਦੇ ਬਾਵਜੂਦ ਨਸ਼ਾ ਵੇਚਣ ਵਾਲਿਆਂ, ਭ੍ਰਿਸ਼ਟ ਪੁਲੀਸ ਅਫਸਰਾਂ ਤੇ ਸੱਤਾਧਾਰੀਆਂ ਦੇ ਅਪਵਿੱਤਰ ਗੱਠਜੋੜ ਖਿਲਾਫ਼ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਹ ਮੰਗ ਵੀ ਉਠਾਈ ਗਈ ਕਿ ਆਮ ਨਸ਼ੇੜੀਆਂ ਨੂੰ ਕੇਸ ਬਣਾ ਕੇ ਜੇਲ੍ਹਾਂ ‘ਚ ਡੱਕਣਾ ਬੰਦ ਕੀਤਾ ਜਾਵੇ, ਕਿਉਂਕਿ ਉਹ ਤਸਕਰ ਨਹੀਂ, ਬਲਕਿ ਮਾਨਸਿਕ ਰੋਗੀ ਹਨ। ਉਨ੍ਹਾਂ ਕਿਹਾ ਕਿ ਥੋਕ ‘ਚ ਨਸ਼ੇ ਵੇਚਣ ਵਾਲੇ ਮੈਡੀਕਲ ਸਟੋਰ ਮਾਲਕਾਂ ਦੇ ਲਾਇਸੈਂਸ ਰੱਦ ਕੀਤੇ ਜਾਣ। ਇਸ ਮੌਕੇ ਪਰਵਿੰਦਰ ਸਿੰਘ ਝੋਟਾ, ਕਾਮਰੇਡ ਜਸਬੀਰ ਕੌਰ ਨੱਤ, ਕ੍ਰਿਸ਼ਨ ਚੌਹਾਨ, ਧੰਨਾ ਮੱਲ ਗੋਇਲ, ਬਲਜੀਤ ਸਿੰਘ ਸੇਠੀ ਆਦਿ ਨੇ ਸੰਬੋਧਨ ਕੀਤਾ।
ਮਾਮਲੇ ਦੀ ਤਫ਼ਤੀਸ਼ ਜਾਰੀ: ਐੱਸਐੱਸਪੀ
ਮਾਨਸਾ: ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਾਨਕ ਸਿੰਘ ਨੇ ਦੱਸਿਆ ਕਿ ਪਰਮਿੰਦਰ ਸਿੰਘ ਉਰਫ ਝੋਟਾ ਨੂੰ 3 ਜੂਨ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਤਫਤੀਸ਼ ਦੌਰਾਨ ਨੌਜਵਾਨ ਖਿਲਾਫ ਮੁਕੱਦਮੇ ਵਿੱਚ ਪੁਖਤਾ ਸਬੂਤ ਨਾ ਆਉਣ ਕਰਕੇ ਉਸ ਨੂੰ ਕੱਲ੍ਹ 5 ਜੂਨ ਨੂੰ ਭਾਵੇਂ ਮੁਕੱਦਮੇ ਵਿੱਚ ਡਿਸਚਾਰਜ ਕੀਤਾ ਗਿਆ ਹੈ, ਪਰ ਇਸ ਮੁਕੱਦਮੇ ਦੀ ਤਫਤੀਸ਼ ਅਜੇ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੜਤਾਲ ਦੌਰਾਨ ਕਿਸੇ ਦੀ ਸ਼ੱਕੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਦੁਬਾਰਾ ਤਫਤੀਸ਼ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਉਹ ਅੱਜ ਇਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।