ਮਾਲਵੇ ਵਿੱਚ ਮੀਂਹ ਤੋਂ ਬਾਅਦ ਝੋਨਾ ਲਾਉਣ ਦੀ ਰਫ਼ਤਾਰ ਵਧੀ
ਜੋਗਿੰਦਰ ਸਿੰਘ ਮਾਨ
ਮਾਨਸਾ, 7 ਜੁਲਾਈ
ਮਾਲਵਾ ਖੇਤਰ ਵਿੱਚ ਮੀਂਹ ਪੈਣ ਮਗਰੋਂ ਝੋਨਾ ਲਾਉਣ ਦੀ ਰਫ਼ਤਾਰ ਵੱਧ ਗਈ ਹੈ। ਜਿਹੜੇ ਕਿਸਾਨ ਝੋਨਾ ਲਾਉਣ ਲਈ ਮੀਂਹ ਦੀ ਉਡੀਕ ਕਰ ਰਹੇ ਸਨ, ਉਹ ਹੁਣ ਦਿਨ-ਰਾਤ ਖੇਤਾਂ ਵਿੱਚ ਪਨੀਰੀ ਲਾਉਣ ਲਈ ਲਗਾਤਾਰ ਜੁੱਟੇ ਹੋਏ ਹਨ। ਮੀਂਹ ਦੇ ਪਾਣੀ ਨਾਲ ਖੇਤਾਂ ਦੇ ਕਿਆਰੇ ਭਰੇ ਖੜ੍ਹੇ ਹਨ, ਜਦੋਂਕਿ ਅੰਬਰੀ ਪਾਣੀ ਡਿੱਗਣ ਤੋਂ ਬਾਅਦ ਕਿਸਾਨਾਂ ਵੱਲੋਂ ਖੇਤਾਂ ਦੇ ਟਿਊਬਵੈਲ ਅਤੇ ਮੋਟਰਾਂ ਨੂੰ ਬੰਦ ਕਰ ਰੱਖਿਆ ਹੈ। ਖੇਤੀਬਾੜੀ ਵਿਭਾਗ ਨੇ ਇਸ ਮੀਂਹ ਨੂੰ ਝੋਨੇ ਲਈ ਸਭ ਤੋਂ ਵਧੀਆ ਕਰਾਰ ਦਿੱਤਾ ਹੈ। ਮਹਿਕਮੇ ਦਾ ਕਹਿਣਾ ਹੈ ਕਿ ਅਜਿਹੇ ਮੌਸਮ ਵਿਚ ਲੱਗਣਸਾਰ ਹੀ ਝੋਨੇ ਨੇ ਚੱਲ ਪੈਣਾ ਹੈ। ਉਂਝ ਮਹਿਕਮੇ ਨੇ ਇਸ ਮੀਂਹ ਦਾ ਸਭ ਤੋਂ ਵੱਧ ਮੁਨਾਫ਼ਾ ਨਰਮੇ ਦੀ ਫ਼ਸਲ ਸਮੇਤ ਪਸ਼ੂਆਂ ਦੇ ਹਰੇ-ਚਾਰੇ ਅਤੇ ਸਬਜ਼ੀਆਂ ਨੂੰ ਵੀ ਦੱਸਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਨੇ ਇਸ ਮੀਂਹ ਨੂੰ ਸਾਉਣੀ ਦੀਆਂ ਸਾਰੀਆਂ ਫਸਲਾਂ ਲਈ ਸ਼ੁਭ-ਸ਼ੁਰੂਆਤ ਆਖਦਿਆਂ ਕਿਹਾ ਕਿ ਹੁਣ ਫ਼ਸਲਾਂ ਮੱਚਣ ਤੋਂ ਰੁੱਕ ਜਾਵੇਗੀ ਅਤੇ ਕੱਲ੍ਹ ਤੱਕ ਹੀ ਉਹ ਵੱਧਣ ਵਾਲੇ ਪਾਸੇ ਚਾਲੇ ਪਾ ਲਵੇਗੀ। ਉਨ੍ਹਾਂ ਕਿਹਾ ਕਿ ਮੀਂਹ ਦੇ ਇਸ ਨਿਰਮਲ ਪਾਣੀ ਨਾਲ ਫਸਲਾਂ ਦੇ ਕੋਏ ਧੋਤੇ ਜਾਣੇ ਹਨ ਅਤੇ ਬੁਸੀਆਂ ਖੜ੍ਹੀਆਂ ਫਸਲਾਂ ’ਤੇ ਨੂਰ ਬਹਿਣਾ ਆਰੰਭ ਹੋ ਜਾਣਾ ਹੈ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਹਿਕਾਰੀ ਸਭਾਵਾਂ ਵਿੱਚ ਤੁਰੰਤ ਯੂਰੀਆ ਖਾਦ ਅਤੇ ਫ਼ਸਲਾਂ ਲਈ ਲੋੜੀਂਦੇ ਕੀਟਨਾਸ਼ਕ ਨੂੰ ਭੇਜਿਆ ਜਾਵੇ ਤਾਂ ਕਿ ਕਿਸਾਨ ਆਪਣੀ ਫ਼ਸਲ ਨੂੰ ਵਾਧੇ ਵਾਲੇ ਪਾਸੇ ਤੋਰਨ ਲਈ ਉਪਰਾਲੇ ਆਰੰਭ ਕਰ ਦੇਣ।