ਬਠਿੰਡਾ ’ਚ ਮੀਂਹ ਮਗਰੋਂ ਮੌਸਮ ਖੁਸ਼ਗਵਾਰ
ਮਨੋਜ ਸ਼ਰਮਾ
ਬਠਿੰਡਾ, 20 ਸਤੰਬਰ
ਇੱਥੇ ਅੱਜ ਪਏ ਭਰਵੇਂ ਮੀਂਹ ਕਾਰਨ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਮੌਸਮ ਖੁਸ਼ਗਵਾਰ ਹੋ ਗਿਆ। ਕਰੀਬ ਅੱਧੇ ਘੰਟੇ ਤੱਕ ਪਏ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਜਲ-ਥਲ ਹੋ ਗਈਆਂ। ਗੌਰਤਲਬ ਹੈ ਕਿ ਬੀਤੇ ਕੁੱਝ ਦਿਨਾਂ ਤੋਂ ਇੱਕ ਅੱਧਾ ਦਿਨ ਛੱਡ ਕੇ ਇਲਾਕੇ ਵਿੱਚ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਦੀ ਪੇਸ਼ੀਨਗੋਈ ਅਨੁਸਾਰ ਮੌਸਮ ਦਾ ਮਿਜਾਜ਼ ਬਦਲਿਆ ਹੋਇਆ ਹੈ ਅਤੇ ਇਲਾਕੇ ਵਿੱਚ ਲਗਾਤਾਰ ਮੀਂਹ ਪੈ ਰਿਹਾ ੲੈ। ਮੀਂਹ ਕਾਰਨ ਮੌਸਮ ਵਿੱਚ ਠੰਢਕ ਹੋਣ ਮਗਰੋਂ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਖੇਤੀ ਮਾਹਿਰਾਂ ਅਨੁਸਾਰ ਭਾਵੇਂ ਮੀਂਹ ਦਾ ਕੋਈ ਖ਼ਾਸ ਨੁਕਸਾਨ ਨਹੀਂ ਪਰ ਅਗੇਤੇ ਝੋਨੇ ਨੂੰ ਪਿਆ ਬੂਰ ਅਤੇ ਖਿੜੇ ਨਰਮਿਆਂ ਨੂੰ ਜ਼ਰੂਰ ਥੋੜ੍ਹਾ ਨੁਕਸਾਨ ਹੋਇਆ ਹੈ।
ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਇੱਥੋਂ ਦੀ ਦਾਣਾ ਮੰਡੀ ਵਿੱਚ ਖ਼ਰੀਦ ਪ੍ਰਬੰਧਾਂ ਦੀ ਘਾਟ ਕਾਰਨ ਅੱਜ ਪਏ ਮੋਹਲੇਧਾਰ ਮੀਂਹ ਕਾਰਨ ਦੋਵੇਂ ਬਲਾਕਾਂ ਦੇ ਸ਼ੈੱਡਾਂ ਥੱਲੇ ਪਈ ਕਿਸਾਨਾਂ ਦੀ ਸੈਂਕੜੇ ਕੁਇੰਟਲ ਨਰਮੇ, ਗੁਆਰੇ ਅਤੇ ਸਰ੍ਹੋਂ ਦੀ ਫ਼ਸਲ ਭਿੱਜ ਗਈ। ਦਾਣਾ ਮੰਡੀ ਦੇ ਖਸਤਾ ਹਾਲ ਸ਼ੈੱਡ ਲੀਕ ਹੋਣ ਅਤੇ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਮੰਡੀ ਵਿੱਚ ਪਾਣੀ ਭਰ ਗਿਆ। ਨਰਮੇ ਦੀ ਫ਼ਸਲ ਪਾਣੀ ਦੇ ਉੱਤੇ ਤੈਰਦੀ ਦਿਖਾਈ ਦਿੱਤੀ। ਜਾਣਕਾਰੀ ਦੁਕਾਨ ਨੰਬਰ 32 ਤੋਂ 52 ਤੱਕ ਫ਼ਸਲ ਦਾ ਜ਼ਿਆਦਾ ਨੁਕਸਾਨ ਹੋਇਆ ਹੈ, ਜਿੱਥੇ ਸੱਤ-ਅੱਠ ਸੌ ਕੁਇੰਟਲ ਨਰਮਾ, ਚਾਰ-ਪੰਜ ਸੌ ਕੁਇੰਟਲ ਗੁਆਰਾ ਤੇ ਸਰ੍ਹੋਂ ਦੀ ਫ਼ਸਲ ਪਈ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਮਾਰਕਟਿੰਗ ਬੋਰਡ ਨੇ ਕਾਫ਼ੀ ਸਮੇਂ ਤੋਂ ਦਾਣਾ ਮੰਡੀ ਦੇ ਸ਼ੈੱਡਾਂ ਨੂੰ ਕੰਡਮ ਕਰਾਰ ਦਿੱਤਾ ਹੋਇਆ ਹੈ। ਮੱਠੀ ਸਰਕਾਰੀ ਰਫ਼ਤਾਰ ਕਰਕੇ ਅਜੇ ਤੱਕ ਨਵੇਂ ਸ਼ੈੱਡ ਬਣਾਉਣ ਦਾ ਕਾਰਜ ਸ਼ੁਰੂ ਨਹੀਂ ਹੋ ਸਕਿਆ।
ਪੀੜਤ ਕਿਸਾਨਾਂ ਨੇ ਮਾਰਕਟਿੰਗ ਬੋਰਡ ਤੋਂ ਫ਼ਸਲ ਖ਼ਰਾਬੇ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਹਰਿਆਣਾ ਅਨਾਜ ਮੰਡੀ ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਗੁਰਦੀਪ ਕਾਮਰਾ ਨੇ ਕਿਹਾ ਕਿ ਸਰਕਾਰ ਵੱਲੋਂ ਬਦਲਵੇਂ ਪ੍ਰਬੰਧ ਨਾ ਕੀਤੇ ਜਾਣ ਕਰਕੇ ਕਿਸਾਨਾਂ ਨੂੰ ਮਜਬੂਰੀ ਵਿੱਚ ਕੰਡਮ ਸ਼ੈੱਡਾਂ ਹੇਠਾਂ ਫ਼ਸਲ ਰੱਖਣੀ ਪੈ ਰਹੀ ਹੈ।
ਵਿਧਾਇਕ ਅਮਿਤ ਸਿਹਾਗ ਦੇ ਪਿਤਾ ਤੇ ਸੀਨੀਅਰ ਕਾਂਗਰਸ ਆਗੂ ਡਾ. ਕੇ.ਵੀ. ਸਿੰਘ ਨੇ ਦਾਣਾ ਮੰਡੀ ਵਿੱਚ ਮੀਂਹ ਨਾਲ ਖ਼ਰਾਬ ਫ਼ਸਲ ਦਾ ਜਾਇਜ਼ਾ ਲਿਆ। ਮਾਰਕੀਟ ਕਮੇਟੀ ਦੇ ਮੰਡੀ ਸੁਪਰਾਵਾਈਜ਼ਰ ਨੇ ਦੱਸਿਆ ਕਿ ਬੋਰਡ ਨੇ ਕੰਡਮ ਸ਼ੈੱਡਾਂ ਦੀ 29 ਸਤੰਬਰ ਨੂੰ ਈ-ਬੋਲੀ ਰੱਖੀ ਹੈ।
ਪਾਣੀ ਭਰਨ ਕਰਕੇ ਰੇਲਵੇ ਅੰਡਰ ਪਾਸ ’ਤੇ ਆਵਾਜਾਈ ਬੰਦ
ਡੱਬਵਾਲੀ ਵਿੱਚ ਅੱਜ ਕਰੀਬ 40 ਮਿੰਟ ਤੱਕ ਪਏ ਤੇਜ਼ ਮੀਂਹ ਅੱਗੇ ਸੀਵਰੇਜ ਸਿਸਟਮ ਫੇਲ੍ਹ ਸਾਬਿਤ ਹੋ ਗਿਆ। ਸਰਕਾਰੀ ਅੰਕੜਿਆਂ ਅਨੁਸਾਰ ਕਰੀਬ 32 ਐੱਮਐੱਮ ਮੀਂਹ ਪਿਆ। ਰੇਲਵੇ ਅੰਡਰ ਪਾਸ ਵਿੱਚ ਪਾਣੀ ਭਰਨ ਕਰਕੇ ਨਗਰ ਪਰਿਸ਼ਦ ਨੇ ਇੱਥੇ ਆਵਾਜਾਈ ਬੰਦ ਕਰ ਦਿੱਤੀ, ਜਿਸ ਕਾਰਨ ਸ਼ਹਿਰ ਦੇ ਅੰਦਰੂਨੀ ਦੋਵੇਂ ਹਿੱਸੇ ਇੱਕ-ਦੂਜੇ ਤੋਂ ਕੱਟੇ ਗਏ। ਮੁੱਖ ਗੋਲ ਚੌਕ, ਨੈਸ਼ਨਲ ਹਾਈਵੇ-9 ਅਤੇ ਸਬਜ਼ੀ ਮੰਡੀ ਖੇਤਰ ਤੇ ਕਾਲੋਨੀ ਰੋਡ ਸਮੇਤ ਸਾਰੇ ਬਾਜ਼ਾਰਾਂ ਅਤੇ ਗਲੀ ਮੁਹੱਲਿਆਂ ’ਚ ਬਰਸਾਤੀ ਪਾਣੀ ਨੇ ਮਾਰੂ ਰੰਗ ਵਿਖਾਏ। ਮੀਂਹ ਦੇ ਪਾਣੀ ਨੇ ਕਾਫ਼ੀ ਦੁਕਾਨਾਂ ਤੇ ਘਰਾਂ ਵਿੱਚ ਦਾਖ਼ਲ ਹੋ ਕੇ ਸਾਮਾਨ ਨੂੰ ਨੁਕਸਾਨ ਪਹੁੰਚਾਇਆ। ਜਨਸਿਹਤ ਵਿਭਾਗ ਦੇ ਐੱਸਡੀਓ ਵਿਸ਼ਾਲ ਜਯਾਣੀ ਨੇ ਕਿਹਾ ਕਿ ਵਿਭਾਗ ਕੋਲ ਪ੍ਰਤੀ ਛੇ ਮਿੰਟ ਵਿੱਚ ਇੱਕ ਐੱਮਐੱਮ ਅਤੇ ਪ੍ਰਤੀ ਘੰਟੇ ਵਿੱਚ 10-12 ਐੱਮਐੱਮ ਬਰਾਬਰ ਮਿਕਦਾਰ ਵਾਲੀ ਬਰਸਾਤ ਨਾਲ ਨਜਿੱਠਣ ਦੀ ਸਮੱਰਥਾ ਹੈ। ਅੱਜ ਜ਼ਿਆਦਾ ਤੇਜ਼ ਬਰਸਾਤ ਕਾਰਨ ਪਾਣੀ ਭਰਿਆ ਹੈ। ਦੋ ਵੱਖਰੇ ਪੰਪ ਸੈੱਟ ਲਗਾ ਦਿੱਤੇ ਹਨ ਅਤੇ ਜਲਦੀ ਪਾਣੀ ਦੀ ਨਿਕਾਸੀ ਹੋ ਜਾਵੇਗੀ।