ਮੀਂਹ ਮਗਰੋਂ ਸ਼ਾਹੀ ਸ਼ਹਿਰ ਪਟਿਆਲਾ ਹੋਇਆ ਜਲ-ਥਲ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 3 ਸਤੰਬਰ
ਅੱਜ ਇੱਥੇ ਪਏ ਭਰਵੇਂ ਮੀਂਹ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਇਸ ਮੀਂਹ ਕਾਰਨ ਪਹਿਲਾਂ ਦੀ ਤਰ੍ਹਾਂ ਹੀ ਸ਼ਾਹੀ ਸ਼ਹਿਰ ਪਟਿਆਲਾ ਦੇ ਕਈ ਹਿੱਸਿਆਂ ਨੂੰ ਜਲ-ਥਲ ਕਰ ਦਿੱਤਾ। ਇਸ ਦੌਰਾਨ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਸਮੇਤ ਬਾਹਰੀ ਖੇਤਰਾਂ ਦੀਆਂ ਵੀ ਕਈ ਸੜਕਾਂ ’ਤੇ ਪਾਣੀ ਭਰ ਗਿਆ। ਇਸ ਮੌਕੇ ਛੁੱਟੀ ਦੌਰਾਨ ਘਰ ਪਰਤਣ ਵੇਲੇ ਵਿਦਿਅਰਥੀਆਂ ਸਣੇ ਹੋਰ ਲੋਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕੁਝ ਥਾਈਂ ਤਾਂ ਮੀਂਹ ਦੇ ਭਰੇ ਪਾਣੀ ਕਾਰਨ ਸੜਕਾਂ ਤੋਂ ਲੰਘ ਰਹੇ ਦੋਪਹੀਆ ਵਾਹਨ ਬੰਦ ਹੋ ਗਏ। ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆਂ ਤਿੰਨ ਸਾਲ ਹੋਣ ਨੂੰ ਹਨ ਪਰ ਸ਼ਾਹੀ ਸ਼ਹਿਰ ’ਚ ਕੁਝ ਸੜਕਾਂ ਨੂੰ ਛੱਡ ਕੇ ਬਾਕੀ ਸੜਕਾਂ ’ਤੇ ਗਲੀਆਂ ਦਾ ਅੱਜ ਵੀ ਪਹਿਲਾਂ ਵਾਲਾ ਹੀ ਹਾਲ ਹੈ।
ਸ਼ਹਿਰਵਾਸੀਆਂ ਦਾ ਕਹਿਣਾ ਹੈ ਕਿ ਜੇ ਪਟਿਆਲਾ ਸ਼ਹਿਰ ਦੇ ਵਸਨੀਕ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਹੁੰਦਿਆਂ ਇਸ ਵਾਰ ਵੀ ਸ਼ਹਿਰ ਦਾ ਸੁਧਾਰ ਨਾ ਹੋ ਸਕਿਆ ਤਾਂ ਫੇਰ ਕਦੇ ਵੀ ਸ਼ਹਿਰ ਦੇ ਨਿਕਾਸੀ ਪ੍ਰਬੰਧਾਂ ’ਚ ਸੁਧਾਰ ਦੀ ਆਸ ਨਹੀਂ ਰੱਖੀ ਜਾ ਸਕਦੀ। ਸ਼ਹਿਰ ਦੇ ਮੁੱਖ ਬੱਸ ਅੱਡੇ ਸਣੇ ਚਾਂਦਨੀ ਚੌਕ, ਅਰਨਾ-ਬਰਨਾ ਚੌਕ, ਕਿਤਾਬਾਂ ਵਾਲਾ ਬਾਜ਼ਾਰ ਤੇ ਸਬਜ਼ੀ ਮੰਡੀ, ਮਾਡਲ ਟਾਊਨ, 22 ਨੰਬਰ ਫਾਟਕ, ਪੰਜਾਬੀ ਬਾਗ, ਨਾਭਾ ਗੇਟ, ਪੁਰਾਣਾ ਬੱਸ ਸਟੈਂਡ, ਤ੍ਰਿਪੜੀ ਆਦਿ ਖੇਤਰਾਂ ਵਿਚਲੀਆਂ ਸੜਕਾਂ ’ਤੇ ਪਾਣੀ ਭਰ ਗਿਆ ਸੀ। ਪਟਿਆਲਾ ਵਿੱਚ ਭਾਖੜਾ ਨਹਿਰ ਦਾ ਪਾਣੀ ਸੋਧ ਕੇ ਸ਼ਹਿਰ ਦੇ ਲੋਕਾਂ ਤੱਕ ਪਹੁੰਚਾਉਣ ਲਈ ਸੜਕਾਂ ਪੁੱਟ ਕੇ ਰੱਖੀਆਂ ਗਈਆਂ ਹਨ, ਜਿਸ ਕਰਕੇ ਜਦੋਂ ਵੀ ਮੀਂਹ ਅਉਂਦਾ ਹੈ ਉਸ ਵੇਲੇ ਇਨ੍ਹਾਂ ਸੜਕਾਂ ਦਾ ਬੁਰਾ ਹਾਲ ਹੋ ਜਾਂਦਾ ਹੈ, ਅੱਜ ਵੀ ਸੜਕਾਂ ’ਤੇ ਤੁਰਨਾ ਅਤੇ ਗੱਡੀਆਂ ਤੇ ਵਾਹਨਾਂ ਦਾ ਚੱਲਣਾ ਔਖਾ ਹੋਇਆ। ਦੂਜੇ ਪਾਸੇ ਪਿੰਡਾਂ ਵਿੱਚ ਇਸ ਮੀਂਹ ਨੇ ਫਿਰ ਕਿਸਾਨਾਂ ਦੇ ਚਿਹਰੇ ’ਤੇ ਰੌਣਕ ਲਿਆ ਦਿੱਤੀ, ਕਈ ਥਾਵਾਂ ’ਤੇ ਝੋਨੇ ਦੀ ਫ਼ਸਲ ਨਿੱਸਰਨ ਲੱਗ ਗਈ ਹੈ, ਜਿਸ ਨੂੰ ਇਸ ਫ਼ਸਲ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ, ਕਰਮਜੀਤ ਸਿੰਘ ਅਕਾਲਗੜ੍ਹ ਨੇ ਕਿਹਾ ਕਿ ਮੀਂਹ ਨੇ ਗਰਮੀ ਤੋਂ ਰਾਹਤ ਲਿਆਂਦੀ ਹੈ, ਪਰ ਕਈ ਫ਼ਸਲਾਂ ’ਤੇ ਜ਼ਿਆਦਾ ਮੀਂਹ ਪੈਣਾ ਹੁਣ ਖ਼ਤਰਨਾਕ ਹੈ। ਦੂਜੇ ਪਾਸੇ ਕਈ ਪਿੰਡਾਂ ਵਿੱਚ ਮੀਂਹ ਦੀ ਸਿਰਫ਼ ਕਿਣ-ਮਿਣ-ਕਾਣੀ ਹੀ ਹੋਈ ਹੈ, ਪਰ ਕਈ ਪਿੰਡਾਂ ਵਿੱਚ ਕਾਫ਼ੀ ਭਰਵਾਂ ਮੀਂਹ ਪਿਆ।