ਲੁਧਿਆਣਾ ਵਿੱਚ ਝੱਖੜ ਮਗਰੋਂ ਆਏ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ
ਸਤਵਿੰਦਰ ਬਸਰਾ/ਗੁਰਿੰਦਰ ਿਸੰਘ
ਲੁਧਿਆਣਾ, 5 ਜੂਨ
ਲੁਧਿਆਣਾ ਅਤੇ ਨਾਲ ਖੇਤਰਾਂ ਵਿੱਚ ਅੱਜ ਦੇਰ ਸ਼ਾਮ ਝੱਖੜ ਮਗਰੋਂ ਆਏ ਮੀਂਹ ਨਾਲ ਲੋਕਾਂ ਨੂੰ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ। ਇਸ ਦੌਰਾਨ ਪੀਏਯੂ ਮੌਸਮ ਵਿਭਾਗ ਨੇ ਅਗਲੇ ਦਿਨਾਂ ’ਚ ਵੀ ਬੱਦਲਵਾਈ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਜਾਣਕਾਰੀ ਅਨੁਸਾਰ ਦੇਰ ਸ਼ਾਮ ਆਏ ਝੱਖੜ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੱਕ ਪਹੁੰਚਣ ਦਾ ਮੌਕਾ ਤੱਕ ਨਹੀਂ ਦਿੱਤਾ। ਸਿਵਲ ਲਾਈਨ ਇਲਾਕੇ ਵਿੱਚ ਕਈ ਦੁਕਾਨਾਂ ਦੇ ਬੋਰਡ ਵੀ ਤੇਜ਼ ਹਨੇਰੀ ਉਡਾਕੇ ਲੈ ਗਈ। ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੁਕਾਨਦਾਰਾਂ ਦਾ ਮਾਲੀ ਨੁਕਸਾਨ ਹੋਇਆ ਹੈ।
ਇਸ ਹਨੇਰੀ ਨਾਲ ਕਈ ਥਾਵਾਂ ’ਤੇ ਪੁਰਾਣੇ ਦਰੱਖਤ ਅਤੇ ਬਿਜਲੀ ਦੇ ਖੰਭੇ ਟੇਡੇ ਹੋਣ ਅਤੇ ਟੁੱਟਣ ਬਾਰੇ ਵੀ ਪਤਾ ਲੱਗਾ ਹੈ। ਇਸੇ ਦੌਰਾਨ ਤਾਜਪੁਰ ਰੋਡ, ਟਿੱਬਾ ਰੋਡ, ਸਮਰਾਲਾ ਚੌਕ, ਟ੍ਰਾਂਸਪੋਰਟ ਨਗਰ, ਬਸਤੀ ਜੋਧੇਵਾਲ, ਹੈਬੋਵਾਲ ਸਮੇਤ ਹੋਰ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੁਰੀ ਤਰ੍ਹਾਂ ਠੱਪ ਹੋ ਗਈ। ਪਾਵਰਕੌਮ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਹਨੇਰੀ ਕਾਰਨ ਕੁੱਝ ਇਲਾਕਿਆਂ ਵਿੱਚ ਬਿਜਲੀ ਦੇ ਖੰਭਿਆਂ ਨੂੰ ਨੁਕਸਾਨ ਪੁੱਜਾ ਹੈ।
ਇਸ ਤੋਂ ਪਹਿਲਾਂ ਦਿਨ ਵਿੱਚ ਅੱਜ ਤਾਪਮਾਨ ਪਿਛਲੇ ਦਿਨਾਂ ਦੇ ਮੁਕਾਬਲੇ ਕੁਝ ਘੱਟ ਰਿਹਾ ਹੈ ਪਰ ਇਹ ਮਈ ਅਤੇ ਜੂਨ ਮਹੀਨੇ ਔਸਤ ਨਾਲੋਂ 6-7 ਡਿਗਰੀ ਸੈਲਸੀਅਸ ਵੱਧ ਚੱਲ ਰਿਹਾ ਹੈ। ਅੱਜ ਵੀ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 42.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਈ ਮਹੀਨੇ ਤੋਂ ਬਾਅਦ ਜੂਨ ਮਹੀਨਾ ਵੀ ਲਗਾਤਾਰ ਗਰਮ ਰਿਹਾ ਹੈ। ਮਈ ਵਿੱਚ ਜਿੱਥੇ ਤਾਪਮਾਨ 46 ਤੋਂ 47 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਸੀ ਉੱਥੇ ਜੂਨ ਮਹੀਨੇ ਦੇ ਪਹਿਲੇ ਤਿੰਨ-ਚਾਰ ਦਿਨ ਵੀ 43 ਤੋਂ 46 ਡਿਗਰੀ ਸੈਲਸੀਅਸ ਦੇ ਵਿਚਕਾਰ ਹੀ ਦਰਜ ਕੀਤਾ ਗਿਆ। ਜੇਕਰ ਪੀਏਯੂ ਦੇ ਸੀਨੀਅਰ ਮੌਸਮ ਵਿਗਿਆਨੀ ਡਾ. ਕੇਕੇ ਗਿੱਲ ਦੀ ਮੰਨੀਏ ਤਾਂ ਪਿਛਲੇ 10 ਸਾਲਾਂ ਦੌਰਾਨ ਮਈ ਅਤੇ ਜੂਨ ਮਹੀਨੇ ਵਿੱਚ ਔਸਤਨ ਤਾਪਮਾਨ 38 ਤੋਂ 39 ਡਿਗਰੀ ਸੈਲਸੀਅਸ ਹੀ ਰਹਿੰਦਾ ਸੀ ਪਰ ਇਸ ਵਾਰ ਇਹ ਤਾਪਮਾਨ ਔਸਤ ਨਾਲੋਂ 6-7 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ ਹੈ। ਅੱਜ ਬੱਦਲਵਾਈ ਕਾਰਨ ਤਾਪਮਾਨ ਘੱਟ ਕੇ 42.2 ਡਿਗਰੀ ਸੈਲਸੀਅਸ ਰਹਿ ਗਿਆ। ਉਨ੍ਹਾਂ ਕਿਹਾ ਕਿ ਆਉਂਦੇ ਦੋ ਦਿਨਾਂ ਦੌਰਾਨ ਵੀ ਲੁਧਿਆਣਾ ਵਿੱਚ ਬੱਦਲਵਾਈ ਰਹਿਣ ਕਰਕੇ ਤਾਪਮਾਨ ਇੰਨਾ ਕੁ ਹੀ ਰਹਿਣ ਦੀ ਸੰਭਾਵਨਾ ਹੈ। ਜਦੋਂ ਉਨ੍ਹਾਂ ਤੋਂ ਮੀਂਹ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਅਜੇ ਤੱਕ ਉਹ ਕੁੱਝ ਨਹੀਂ ਆਖ ਸਕਦੇ। ਦੂਜੇ ਪਾਸੇ ਲਗਾਤਾਰ ਪੈ ਰਹੀ ਗਰਮੀ ਕਰਕੇ ਲੁਧਿਆਣਵੀਆਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਲੋਕ ਘਰਾਂ ਤੋਂ ਬਾਹਰ ਨਿਕਲਣ ਸਮੇਂ ਆਪਣੇ ਮੂੰਹ-ਸਿਰ ਕੱਪੜੇ ਨਾਲ ਢੱਕ ਕੇ ਰੱਖਦੇ ਹਨ। ਦੂਜੇ ਪਾਸੇ ਅਮੀਰ ਲੋਕਾਂ ਵੱਲੋਂ ਇਸ ਗਰਮੀ ਤੋਂ ਬਚਣ ਲਈ ਜਿੱਥੇ ਬਾਜ਼ਾਰਾਂ ’ਚ ਫਰਿੱਜ਼, ਏਸੀ ਆਦਿ ਦੀ ਖ੍ਰੀਦਦਾਰੀ ਕੀਤੀ ਜਾ ਰਹੀ ਹੈ ਉੱਥੇ ਗਰੀਬ ਤਬਕੇ ਦੇ ਲੋਕਾਂ ਵੱਲੋਂ ਪਾਣੀ ਠੰਢਾ ਕਰਨ ਲਈ ਮਿੱਟੀ ਦੇ ਘੜੇ ਆਦਿ ਖ੍ਰੀਦਣ ’ਚ ਦਿਲਚਸਪੀ ਦਿਖਾਈ ਜਾ ਰਹੀ ਹੈ। ਲੋਕਾਂ ਨੇ ਰਾਹਗੀਰਾਂ ਲਈ ਥਾਂ-ਥਾਂ ਠੰਢੇ-ਮਿੱਠੇ ਪਾਣੀ ਦੀਆਂ ਛਬੀਲਾਂ ਲਾਈਆਂ ਹੋਈਆਂ ਹਨ।