ਅੰਮ੍ਰਿਤਸਰ ਵਿੱਚ ਮੀਂਹ ਮਗਰੋਂ ਚਾਰੋਂ ਪਾਸੇ ਜਲ-ਥਲ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਅਗਸਤ
ਇੱਥੇ ਤੜਕੇ ਸ਼ੁਰੂ ਹੋਇਆ ਮੀਂਹ ਅੱਜ ਦੇਰ ਸ਼ਾਮ ਤੱਕ ਵੀ ਜਾਰੀ ਰਿਹਾ ਜਿਸ ਨਾਲ ਜਿੱਥੇ ਤਾਪਮਾਨ ਹੇਠਾਂ ਡਿੱਗ ਗਿਆ ਹੈ, ਉੱਥੇ ਨੀਵੇਂ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੋ ਗਿਆ ਹੈ। ਅੰਮ੍ਰਿਤਸਰ ਵਿੱਚ ਸਵੇਰੇ ਲਗਭਗ 5 ਵਜੇ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਸ਼ੁਰੂ ਹੋਈ ਜੋ ਲਗਭਗ ਸਾਰਾ ਦਿਨ ਹੀ ਜਾਰੀ ਰਹੀ। ਇਸ ਦੌਰਾਨ ਵਿੱਚ ਕੁਝ ਸਮੇਂ ਲਈ ਬਾਰਿਸ਼ ਰੁਕ ਗਈ, ਪਰ ਮੁੜ ਸ਼ੁਰੂ ਹੋ ਗਈ ਅਤੇ ਦੇਰ ਸ਼ਾਮ ਤੱਕ ਬਾਰਿਸ਼ ਦਾ ਸਿਲਸਿਲਾ ਜਾਰੀ ਸੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਸ਼ਾਮ 7:30 ਵਜੇ ਤੱਕ ਅੰਮ੍ਰਿਤਸਰ ਵਿੱਚ ਲਗਭਗ 15 ਐੱਮਐੱਮ ਬਾਰਿਸ਼ ਦਰਜ ਕੀਤੀ ਗਈ ਹੈ। ਮੀਂਹ ਕਾਰਨ ਵੱਧ ਤੋਂ ਵੱਧ ਤਾਪਮਾਨ 27.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਲਗਭਗ ਪੰਜ ਡਿਗਰੀ ਸੈਲਸੀਅਸ ਘੱਟ ਹੈ। ਪਠਾਨਕੋਟ ਵਿੱਚ ਲਗਭਗ 10 ਐੱਮਐੱਮ ਬਾਰਿਸ਼ ਦਰਜ ਕੀਤੀ ਗਈ ਹੈ ਅਤੇ ਲਗਭਗ ਪੰਜ ਡਿਗਰੀ ਸੈਲਸੀਅਸ ਤਾਪਮਾਨ ਵਿੱਚ ਗਿਰਾਵਟ ਆਈ ਹੈ। ਗੁਰਦਾਸਪੁਰ ਜ਼ਿਲ੍ਹੇ ਵਿੱਚ ਲਗਭਗ 17 ਐੱਮਐੱਮ ਦਰਜ ਕੀਤਾ ਗਿਆ ਅਤੇ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ। ਮੌਸਮ ਵਿਭਾਗ ਵੱਲੋਂ ਭਲਕੇ ਵੀ ਬਾਰਿਸ਼ ਦਾ ਅਨੁਮਾਨ ਦੱਸਿਆ ਜਾ ਰਿਹਾ ਹੈ।
ਫਗਵਾੜਾ (ਜਸਬੀਰ ਸਿੰਘ ਚਾਨਾ): ਅੱਜ ਸਵੇਰ ਤੋਂ ਲਗਾਤਾਰ ਪੈ ਰਹੀ ਮੀਂਹ ਕਾਰਨ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ। ਅੱਜ ਤੜਕਸਾਰ ਤੋਂ ਸ਼ੁਰੂ ਹੋਏ ਮੀਂਹ ਨੇ ਬਾਜ਼ਾਰਾਂ ਨੂੰ ਪੂਰੀ ਤਰ੍ਹਾਂ ਪਾਣੀ ਨਾਲ ਭਰ ਦਿੱਤਾ ਤੇ ਕਈ ਥਾਵਾਂ ’ਤੇ ਪਾਣੀ ਲੋਕਾਂ ਦੇ ਘਰਾਂ ਤੇ ਦੁਕਾਨਾਂ ’ਚ ਜਾ ਵੜਿਆ। ਮੀਂਹ ਕਾਰਨ ਇੱਥੋਂ ਦੀ ਚੱਢਾ ਮਾਰਕੀਟ, ਹਰਿਗੋਬਿੰਦ ਨਗਰ, ਸੁਭਾਸ਼ ਨਗਰ, ਗਊਸ਼ਾਲਾ ਰੋਡ, ਹਦੀਆਬਾਦ, ਪੁਰਾਣਾ ਡਾਕਖਾਨਾ ਰੋਡ, ਮੰਡੀ ਤੇ ਵੱਖ ਵੱਖ ਇਲਾਕੇ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਏ। ਕਈ ਥਾਵਾਂ ’ਤੇ ਪਾਣੀ ਦੁਕਾਨਾਂ ਦੇ ਅੰਦਰ ਵੀ ਜਾ ਵੜਿਆ। ਸਕੂਲਾਂ, ਕਾਲਜਾਂ ਤੇ ਕੰਮ-ਕਾਜ ’ਤੇ ਜਾਣ ਵਾਲੇ ਕਈ ਲੋਕ ਆਪਣੀ ਮੰਜ਼ਿਲ ’ਤੇ ਨਹੀਂ ਪੁੱਜੇ ਤੇ ਉਨ੍ਹਾਂ ਨੂੰ ਅੱਧ ਰਸਤੇ ’ਚੋਂ ਹੀ ਮੁੜਨਾ ਪਿਆ। ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਸੜਕਾਂ ’ਤੇ ਪਾਣੀ ਜਮ੍ਹਾਂ ਰਿਹਾ ਤੇ ਗੰਦਾ ਪਾਣੀ ਸੜਕਾਂ ’ਤੇ ਘੁੰਮਦਾ ਹੋਇਆ ਨਜ਼ਰ ਆਇਆ। ਇਸ ਸਬੰਧੀ ਸਾਬਕਾ ਕੌਂਸਲਰ ਮੁਨੀਸ਼ ਪ੍ਰਭਾਕਰ, ਮੋਹਨ ਸਿੰਘ ਸਾਈ, ਗੁਰਬਖਸ਼ ਸਿੰਘ ਅਠੋਲੀ ਤੇ ਬੰਟੀ ਵਾਲੀਆ ਨੇ ਕਿਹਾ ਕਿ ਬਰਸਾਤ ਤੋਂ ਪਹਿਲਾਂ ਨਿਕਾਸੀ ਲਈ ਯੋਗ ਪ੍ਰਬੰਧ ਕੀਤੇ ਜਾਣੇ ਜ਼ਰੂਰੀ ਸਨ ਪਰ ਪ੍ਰਬੰਧਾਂ ਦੀ ਕਮੀ ਕਾਰਨ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ਾਹਕੋਟ (ਗੁਰਮੀਤ ਖੋਸਲਾ): ਇੱਥੇ ਅੱਜ ਤੜਕੇ ਸਵੇਰੇ 4 ਵਜੇ ਤੋਂ ਮੀਂਹ ਪੈਣਾ ਸ਼ੁਰੂ ਹੋ ਗਿਆ ਜੋ ਸਾਰਾ ਦਿਨ ਪੈਂਦਾ ਰਿਹਾ ਜਿਸ ਨਾਲ ਇਲਾਕੇ ’ਚ ਚਾਰੇ ਪਾਸੇ ਜਲ-ਥਲ ਹੋ ਗਈ। ਸਥਾਨਕ ਕਸਬੇ ਤੋਂ ਇਲਾਵਾ ਮਲਸੀਆਂ, ਲੋਹੀਆਂ ਖਾਸ, ਮੱਲ੍ਹੀਆਂ ਕਲਾਂ ਤੇ ਖੁਰਦ, ਤਲਵੰਡੀ ਮਾਧੋ, ਉੱਗੀ, ਲੱਧੜਾਂ, ਮਹਿਤਪੁਰ, ਲਸੂੜੀ, ਪੂੰਨੀਆਂ, ਪਰਜੀਆਂ ਕਲਾਂ ਅਤੇ ਢੰਡੋਵਾਲ ਵਿੱਚ ਸਥਿਤ ਨੀਵੀਆਂ ਦੁਕਾਨਾਂ ਅਤੇ ਸੜਕਾਂ ਮੀਂਹ ਦੇ ਪਾਣੀ ਨਾਲ ਨੱਕੋ-ਨੱਕ ਭਰ ਗਈਆਂ। ਸੜਕਾਂ ’ਤੇ ਪਾਣੀ ਖੜ੍ਹ ਜਾਣ ਕਾਰਨ ਚਾਰ ਪਹੀਆ ਵਾਹਨ ਚਾਲਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਦੋਪਹੀਆ ਵਾਹਨ ਚਾਲਕਾਂ ਦੀਆਂ ਪ੍ਰੇਸ਼ਾਨੀਆਂ ਇਸ ਤੋਂ ਵੀ ਵੱਧ ਸਨ। ਮੀਂਹ ਨੇ ਰੋਜ਼ਾਨਾ ਕਮਾ ਕੇ ਖਾਣ ਵਾਲਿਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।
ਤਰਨ-ਤਾਰਨ: ਮੀਂਹ ਕਾਰਨ ਫ਼ਸਲਾਂ ਦਾ ਨੁਕਸਾਨ ਸ਼ੁਰੂ
ਤਰਨ ਤਾਰਨ (ਗੁਰਬਖਸ਼ਪੁਰੀ): ਬੀਤੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੈ| ਇਲਾਕੇ ਦੇ ਪਿੰਡ ਸ਼ੇਰੋਂ ਦੇ ਕਿਸਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਬਾਸਮਤੀ ਦੀ 1509 ਅਤੇ 1692 ਕਿਸਮ 10 ਏਕੜ ਜ਼ਮੀਨ ਵਿੱਚ ਲਗਾਈ ਹੈ ਜਿਹੜੀ ਹੁਣ ਪੂਰੀ ਤਰ੍ਹਾਂ ਨਾਲ ਪੱਕਣ ਤੇ ਆਣ ਖੜ੍ਹੀ ਹੈ ਪਰ ਬੀਤੇ ਕੱਲ੍ਹ ਮੀਂਹ ਦੇ ਨਾਲ ਝੱਖੜ ਆਉਣ ਕਾਰਨ ਫ਼ਸਲ ਜ਼ਮੀਨ ’ਤੇ ਵਿਛ ਗਈ ਹੈ ਇਨ੍ਹਾਂ ਹਾਲਾਤ ਵਿੱਚ ਅਮਨਦੀਪ ਸਿੰਘ ਲਈ ਫ਼ਸਲ ਦੀ ਕਟਾਈ ਕਰਕੇ ਆਲੂ ਦੀ ਫਸਲ ਬੀਜਣ ਵਿੱਚ ਕਠਿਨਾਈ ਆ ਜਾਣ ਦੀ ਸੰਭਾਵਨਾ ਬਣ ਗਈ ਹੈ|
ਸੁਪਰ ਸਕਸ਼ਨ ਮਸ਼ੀਨਾਂ ਨਾਲ ਪਾਣੀ ਕੱਢਿਆ
ਅੰਮ੍ਰਿਤਸਰ (ਜਸਬੀਰ ਸਿੰਘ ਸੱਗੂ): ਇੱਥੇ ਅੰਮ੍ਰਿਤਸਰ-ਜਲੰਧਰ ਹਾਈਵੇਅ (ਜੀ.ਟੀ. ਰੋਡ) ਦਬੁਰਜ਼ੀ ਰੋਡ ’ਤੇ ਲਗਾਤਾਰ ਮੀਂਹ ਪੈਣ ਕਾਰਨ ਸੜਕ ਪਾਣੀ ਨਾਲ ਭਰ ਜਾਣ ਕਰਕੇ ਉੱਥੇ ਆਵਾਜਾਈ ਠੱਪ ਹੋ ਗਈ। ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਵੇਂ ਸੜਕ ਨੂੰ ਸਾਫ਼ ਕਰਵਾਉਣਾ ਐੱਨਐੱਚਏ ਦੀ ਜ਼ਿੰਮੇਵਾਰੀ ਸੀ, ਪਰ ਨਗਰ ਨਿਗਮ ਪਹਿਲਕਦਮੀ ਕਰਦਿਆਂ ਨਿਗਮ ਦਾ ਸਟਾਫ਼ ਅਤੇ ਮਸ਼ੀਨਰੀ ਤਾਇਨਾਤ ਕਰ ਕੇ ਸੁਪਰ ਸੱਕਰ ਮਸ਼ੀਨਾਂ ਨਾਲ ਸੜਕ ’ਤੇ ਪਾਣੀ ਦੀ ਨਿਕਾਸੀ ਕਰਵਾਈ ਅਤੇ ਟਰੈਫਿਕ ਸਮੱਸਿਆ ਦਾ ਹੱਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਸ਼ਹਿਰੀਆਂ ਦੀ ਸੇਵਾ ਲਈ ਹਮੇਸ਼ਾਂ ਤਤਪਰ ਹੈ।