For the best experience, open
https://m.punjabitribuneonline.com
on your mobile browser.
Advertisement

ਮੀਂਹ ਮਗਰੋਂ ਹੁੰਮਸ ਨੇ ਲੁਧਿਆਣਵੀਆਂ ਦੇ ਪਸੀਨੇ ਛੁਡਾਏ

08:02 AM Jul 02, 2024 IST
ਮੀਂਹ ਮਗਰੋਂ ਹੁੰਮਸ ਨੇ ਲੁਧਿਆਣਵੀਆਂ ਦੇ ਪਸੀਨੇ ਛੁਡਾਏ
ਲੁਧਿਆਣਾ-ਚੰਡੀਗੜ੍ਹ ਰੋਡ ’ਤੇ ਖੜ੍ਹੇ ਪਾਣੀ ਵਿੱਚੋਂ ਲੰਘਦੇ ਹੋਏ ਵਾਹਨ। -ਫੋਟੋ: ਇੰਦਰਜੀਤ ਵਰਮਾ
Advertisement

ਗਗਨਦੀਪ ਅਰੋੜਾ/ਸਤਵਿੰਦਰ ਬਸਰਾ
ਲੁਧਿਆਣਾ, 1 ਜੁਲਾਈ
ਸ਼ਹਿਰ ਵਿੱਚ ਅੱਜ ਦੂਜੇ ਦਿਨ ਵੀ ਸੰਘਣੀ ਬੱਦਲਵਾਈ ਰਹਿਣ ਤੋਂ ਬਾਅਦ ਹਲਕਾ ਮੀਂਹ ਪਿਆ। ਸਵੇਰੇ ਕਰੀਬ 15 ਐਮਐਮ ਮੀਂਹ ਪਇਆ। ਇਸ ਮੀਂਹ ਨਾਲ ਭਾਵੇਂ ਤਾਪਮਾਨ ਵਿੱਚ ਕਮੀ ਆਈ ਪਰ ਮੌਸਮ ਵਿੱਚ ਹੁੰਮਸ ਵਧ ਹੋਣ ਕਰਕੇ ਲੁਧਿਆਣਵੀਆਂ ਦਾ ਗਰਮੀ ਕਾਰਨ ਬੁਰਾ ਹਾਲ ਹੋ ਗਿਆ। ਹਲਕੇ ਮੀਂਹ ਦੇ ਬਾਵਜੂਦ ਵੀ ਲੁਧਿਆਣਾ-ਚੰਡੀਗੜ੍ਹ ਰੋਡ ’ਤੇ ਸੀਵਰੇਜ ਦਾ ਪਾਣੀ ਓਵਰਫਲੋਅ ਹੋਣ ਕਰਕੇ ਕਈ ਘੰਟੇ ਆਵਾਜਾਈ ਪ੍ਰਭਾਵਿਤ ਹੋਈ। ਸ਼ਹਿਰ ਦੇ ਇਲਾਕੇ ਹੈਬੋਵਾਲ, ਕੁੰਦਨਪੁਰੀ, ਬਾਲ ਸਿੰਘ ਨਗਰ, ਜੱਸੀਆਂ ਰੋਡ, ਬਸਤੀ ਜੋਧੇਵਾਲ, ਰਾਹੋਂ ਰੋਡ, ਸ਼ੇਰਪੁਰ, ਗਿਆਸਪੁਰਾ, ਢੰਡਾਰੀ ਕਲਾਂ, ਟਿੱਬਾ ਰੋਡ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ।
ਭਾਵੇਂ ਮੌਸਮ ਮਾਹਿਰਾਂ ਵੱਲੋਂ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੀਂਹ ਦੀ ਪੇਸ਼ੀਨਗੋਈ ਕੀਤੀ ਸੀ ਪਰ ਸੰਭਾਵਨਾ ਅਨੁਸਾਰ ਮੀਂਹ ਨਹੀਂ ਪਿਆ। ਸਵੇਰ ਸਮੇਂ ਸੰਘਣੀ ਬੱਦਲਵਾਈ ਤੋਂ ਬਾਅਦ ਪਏ ਹਲਕੇ ਮੀਂਹ ਨੇ ਭਾਵੇਂ ਤਾਪਮਾਨ ਵਿੱਚ ਆਮ ਦਿਨਾਂ ਨਾਲੋਂ 4 ਤੋਂ 5 ਡਿਗਰੀ ਸੈਲਸੀਅਸ ਤੱਕ ਕਮੀ ਕੀਤੀ ਪਰ ਹੁੰਮਸ ਵਾਲੇ ਮੌਸਮ ਕਰਕੇ ਲੋਕਾਂ ਦੀ ਪ੍ਰੇਸ਼ਾਨੀ ਵਿੱਚ ਕੋਈ ਕਮੀ ਨਹੀਂ ਆਈ।
ਮੌਸਮ ਵਿਭਾਗ ਮੁਤਾਬਕ ਅੱਜ ਦਾ ਤਾਪਮਾਨ 33ਡਿਗਰੀ ਦਰਜ ਕੀਤਾ ਗਿਆ। ਜਦਕਿ ਘੱਟੋਂ ਘੱਟ ਤਾਪਮਾਨ 29 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 7 ਜੁਲਾਈ ਤੱਕ ਮੀਂਹ ਪੈਣ ਦੇ ਆਸਾਰ ਹਨ। ਦੂਜੇ ਪਾਸੇ ਲੁਧਿਆਣਾ-ਚੰਡੀਗੜ੍ਹ ਰੋਡ ’ਤੇ ਹਲਕੇ ਮੀਂਹ ਤੋਂ ਬਾਅਦ ਓਵਰਫਲੋਅ ਹੋਏ ਸੀਵਰੇਜ ਦਾ ਗੰਦਾ ਪਾਣੀ ਕਰੀਬ ਅੱਧਾ ਕਿਲੋਮੀਟਰ ਤੱਕ ਸੜ੍ਹਕਾਂ ’ਤੇ ਘੁੰਮਦਾ ਰਿਹਾ। ਸਥਾਨਕ ਲੋਕਾਂ ਅਨੁਸਾਰ ਇਸ ਸੜਕ ’ਤੇ ਪਿਛਲੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਸੀਵਰੇਜ ਦੇ ਓਵਰਫਲੋਅ ਹੋਣ ਤੋਂ ਬਾਅਦ ਪਾਣੀ ਖੜ੍ਹਾ ਹੋ ਜਾਂਦਾ ਹੈ। ਇਸ ਤੋਂ ਛੁਟਕਾਰੇ ਲਈ ਭਾਵੇਂ ਸੀਵਰੇਜ ਲਾਈਨ ਦੁਬਾਰਾ ਵੀ ਪਾਈ ਗਈ ਸੀ ਪਰ ਹਾਲਤ ਜਿਉਂ ਦੀ ਤਿਉਂ ਬਣੀ ਹੋਈ ਹੈ। ਸੜਕ ’ਤੇ ਪਾਣੀ ਖੜ੍ਹਾ ਹੋਣ ਕਰਕੇ ਚੰਡੀਗੜ੍ਹ ਤੋਂ ਲੁਧਿਆਣਾ ਅਤੇ ਲੁਧਿਆਣਾ ਤੋਂ ਚੰਡੀਗੜ੍ਹ ਜਾਣ ਵਾਲੀ ਆਵਾਜਾਈ ਕਾਫੀ ਘੰਟੇ ਪ੍ਰਭਾਵਿਤ ਰਹੀ।

Advertisement

ਮੀਂਹ ਵਿੱਚ ਹੀ ਨਗਰ ਨਿਗਮ ਬਣਵਾਉਂਦਾ ਰਿਹਾ ਸੜਕ

ਲੁਧਿਆਣਾ (ਗਗਨਦੀਪ ਅਰੋੜਾ): ਮੀਂਹ ਦੀ ਆਮਦ ਦੇ ਨਾਲ ਹੀ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਟੁੱਟੀਆਂ ਸੜਕਾਂ ਦੀ ਯਾਦ ਆ ਗਈ ਹੈ। ਨਗਰ ਨਿਗਮ ਦੇ ਠੇਕੇਦਾਰ ਹੁਣ ਮੀਂਹ ਦੌਰਾਨ ਹੀ ਲੁੱਕ ਦੀਆਂ ਸੜਕਾਂ ਬਣਾਈ ਜਾ ਰਹੇ ਹਨ। ਜਦਕਿ ਲੁੱਕ ਤੇ ਪਾਣੀ ਦਾ ਵੈਰ ਹੁੰਦਾ ਹੈ। ਮਾਹਿਰਾਂ ਮੁਤਾਬਕ ਮੀਂਹ ਵਿੱਚ ਬਣਾਈ ਗਈ ਸੜਕ ਕੁੱਝ ਦਿਨਾਂ ’ਚ ਹੀ ਟੁੱਟ ਜਾਵੇਗੀ। ਸ਼ਹਿਰ ਦੇ ਉਪਕਾਰ ਨਗਰ ਤੇ ਨਿਊ ਕੁੰਦਨਪੁਰੀ ਇਲਾਕੇ ਵਿੱਚ ਸੜਕ ’ਤੇ ਟੋਏ ਪਏ ਹੋਏ ਸਨ। ਇਸ ਸੜਕ ਨੂੰ ਬਣਾਉਣ ਲਈ ਕਾਫ਼ੀ ਵਾਰ ਇਲਾਕਾ ਵਾਸੀਆਂ ਨੇ ਨਗਰ ਨਿਗਮ ਮੁਲਾਜ਼ਮਾਂ ਨੂੰ ਅਪੀਲ ਕੀਤੀ ਸੀ। ਜਦੋਂ ਮੌਸਮ ਸਾਫ਼ ਸੀ, ਉਦੋਂ ਤਾਂ ਸੜਕ ਨਹੀਂ ਬਣਾਈ ਗਈ ਪਰ ਹੁਣ ਜਦੋਂ ਮੌਨਸੂਨ ਦੀ ਸ਼ੁਰੂਆਤ ਹੋ ਗਈ ਤਾਂ ਅਚਾਨਕ ਹੀ ਅਧਿਕਾਰੀਆਂ ਤੇ ਠੇਕੇਦਾਰ ਨੂੰ ਸੜਕ ਦੀ ਯਾਦ ਆ ਗਈ। ਉਪਕਾਰ ਨਗਰ ਦੀ ਸੜਕ ਡੇਢ ਕਿਲੋਮੀਟਰ ਲੰਮੀ ਹੈ। ਸੋਮਵਾਰ ਨੂੰ ਇੱਥੇ ਠੇਕੇਦਾਰ ਵੱਲੋਂ ਸੜਕ ’ਤੇ ਲਗਾਤਾਰ ਲੁੱਕ ਪਾ ਕੇ ਇੱਕ ਪਰਤ ਵਿਛਾ ਦਿੱਤੀ ਹੈ। ਲੱਖਾਂ ਦੀ ਲਾਗਤ ਨਾਲ ਸੜਕ ਦਾ ਟੈਂਡਰ ਤਾਂ ਕਦੋਂ ਦਾ ਪਾਸ ਹੋਇਆ ਹੈ, ਪਰ ਮੌਨਸੂਨ ਸਿਰ ’ਤੇ ਹੋਣ ਕਾਰਨ ਤੇ ਮੀਂਹ ਦਾ ਅਲਰਟ ਹੋਣ ਦੇ ਚੱਲਦੇ ਸੜਕ ਨਹੀਂ ਬਣਾਈ ਜਾ ਸਕਦੀ। ਇਸੇ ਤਰ੍ਹਾਂ ਸੜਕ ਬਣਾਉਣ ਲਈ ਨਿਯਮ ਹਨ ਕਿ ਜ਼ਿਆਦਾ ਠੰਢ ਜਾਂ ਮੀਂਹ ’ਚ ਸੜਕ ਨਹੀਂ ਬਣਾਈ ਜਾ ਸਕਦੀ। ਐਕਸੀਅਨ ਅਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਠੇਕੇਦਾਰ ਨਾਲ ਗੱਲ ਕੀਤੀ ਹੈ। ਮੀਂਹ ਵਿੱਚ ਸੜਕ ਨਹੀਂ ਬਣਾਈ ਜਾਵੇਗੀ, ਮੀਂਹ ਤੋਂ ਬਾਅਦ ਹੀ ਸੜਕ ਬਣਾਈ ਜਾਵੇਗੀ।

Advertisement
Author Image

joginder kumar

View all posts

Advertisement
Advertisement
×