For the best experience, open
https://m.punjabitribuneonline.com
on your mobile browser.
Advertisement

ਵਿਰੋਧ ਮਗਰੋਂ ਬਨੂੜ ਨਹਿਰ ਵਿੱਚ ਪਾਣੀ ਛੱਡਿਆ

06:51 AM Jun 20, 2024 IST
ਵਿਰੋਧ ਮਗਰੋਂ ਬਨੂੜ ਨਹਿਰ ਵਿੱਚ ਪਾਣੀ ਛੱਡਿਆ
ਬਨੂੜ ਨਹਿਰ ਵਿਚ ਪਾਣੀ ਛੱਡੇ ਜਾਣ ਲਈ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਆਗੂ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 19 ਜੂਨ
ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਅੱਜ ਇੱਥੋਂ ਦੇ ਜ਼ਿਲ੍ਹੇਦਾਰ ਦੇ ਦਫ਼ਤਰ ਵਿੱਚ ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੂੰ ਬਨੂੜ ਨਹਿਰ ਵਿੱਚ ਤੁਰੰਤ ਪਾਣੀ ਛੱਡਣ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਅਗਲੇ ਐਕਸ਼ਨ ਦੀ ਚਿਤਾਵਨੀ ਦੇਣ ਮਗਰੋਂ ਬਨੂੜ ਨਹਿਰ ਵਿੱਚ ਪਾਣੀ ਛੱਡ ਦਿੱਤਾ ਗਿਆ। ਨਹਿਰ ਵਿੱਚ ਪਾਣੀ ਦੀ ਮੰਗ ਲਈ ਅੱਜ ਕਿਸਾਨ ਸਭਾ ਦੇ ਸੂਬਾਈ ਆਗੂ ਗੁਰਦਰਸ਼ਨ ਸਿੰਘ ਖਾਸਪੁਰ, ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਤਪਾਲ ਸਿੰਘ ਰਾਜੋਮਾਜਰਾ, ਐਡਵੋਕੇਟ ਗਗਨਦੀਪ ਸਿੰਘ ਬੂਟਾ ਸਿੰਘ ਵਾਲਾ, ਗੁਰਮੇਲ ਸਿੰਘ ਸਾਬਕਾ ਸਰਪੰਚ, ਹਰਦੀਪ ਸਿੰਘ, ਹਰਪ੍ਰੀਤ ਸਿੰਘ ਧਰਮਗੜ੍ਹ ਆਦਿ ਦੀ ਅਗਵਾਈ ਹੇਠ ਕਿਸਾਨਾਂ ਨੇ ਸਿੰਜਾਈ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਉਨ੍ਹਾਂ ਕਿਹਾ ਕਿ 120 ਕਰੋੜ ਦੀ ਲਾਗਤ ਨਾਲ ਬਣੀ ਇਸ ਨਹਿਰ ਵਿੱਚ ਪਿਛਲੇ ਅੱਠ ਸਾਲਾਂ ਦੌਰਾਨ ਸਿਰਫ਼ ਗਿਣਤੀ ਦੇ ਦਿਨ ਹੀ ਪਾਣੀ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਨਹਿਰ ਸਾਰਾ ਸਾਲ ਕਿਸਾਨਾਂ ਨੂੰ ਪਾਣੀ ਦੇਣ ਲਈ ਬਣਾਈ ਗਈ ਸੀ ਤੇ ਬਨੂੜ ਖੇਤਰ ਦਾ ਧਰਤੀ ਹੇਠਲਾ ਪਾਣੀ ਡੂੰਘਾ ਹੋਣ ਅਤੇ ਸਬਜ਼ੀ ਵਾਲਾ ਖੇਤਰ ਹੋਣ ਕਾਰਨ ਕਿਸਾਨਾਂ ਨੂੰ ਸਾਰਾ ਸਾਲ ਪਾਣੀ ਦੀ ਲੋੜ ਹੈ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਨਹਿਰ ਵਿੱਚ ਕਦੇ ਵੀ ਹਾਲੇ ਤੱਕ 50 ਕਿਊਸਿਕ ਤੋਂ ਵੱਧ ਪਾਣੀ ਨਹੀਂ ਆਇਆ। ਉਨ੍ਹਾਂ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਪੰਜ ਦਰਜਨ ਦੇ ਕਰੀਬ ਪਿੰਡਾਂ ਨੂੰ ਨਹਿਰੀ ਪਾਣੀ ਪਹੁੰਚਾਇਆ ਜਾਵੇ ਤੇ ਜੇਕਰ ਨਹਿਰ ਦੇ ਪਾਣੀ ਵਿਚ ਵਾਧਾ ਨਾ ਕੀਤਾ ਗਿਆ ਅਤੇ ਪਾਣੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਰੇ ਪਿੰਡਾਂ ਦੇ ਕਿਸਾਨ ਸੰਘਰਸ਼ ਵਿੱਢਣਗੇ।
ਅਧਿਕਾਰੀਆਂ ਨਾਲ ਤਕਰੀਬਨ ਦੋ ਘੰਟੇ ਚੱਲੇ ਵਿਚਾਰ ਵਟਾਂਦਰੇ ਤੋਂ ਬਾਅਦ ਦੋ ਵਜੇ ਦੇ ਕਰੀਬ ਘੱਗਰ ਦਰਿਆ ਦੇ ਛੱਤ ਬੀੜ ਵਿੱਚ ਬਣੇ ਡੈਮ ਉੱਤੋਂ ਨਹਿਰ ਲਈ ਪਾਣੀ ਛੁਡਵਾ ਦਿੱਤਾ ਗਿਆ। ਵਿਭਾਗ ਦੇ ਐਸਡੀਓ ਅਮਰਿੰਦਰ ਸਿੰਘ ਨੇ ਨਹਿਰ ਪਾਣੀ ਛੱਡਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ 25 ਕਿਊਸਿਕ ਦੇ ਕਰੀਬ ਪਾਣੀ ਛੱਡਿਆ ਗਿਆ ਹੈ ਤੇ ਘੱਗਰ ਵਿੱਚ ਪਾਣੀ ਵਧਣ ਦੀ ਸੂਰਤ ਵਿਚ ਇਸ ਨੂੰ ਹੋਰ ਵਧਾ ਦਿੱਤਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਘੱਗਰ ਵਿੱਚੋਂ ਇੰਜਣਾਂ ਰਾਹੀਂ ਪਾਣੀ ਚੁੱਕਣ ਵਾਲੇ ਕਿਸਾਨਾਂ ਨੂੰ ਵੀ ਲਗਾਤਾਰ ਪਾਣੀ ਮੁਹੱਈਆ ਕਰਾਇਆ ਜਾਵੇਗਾ।

Advertisement

ਵਿਭਾਗ ਦਾ ਆਪਣਾ ਸਮਝੌਤਾ ਹੀ ਬਣਿਆ ਰਾਹ ਦਾ ਰੋੜਾ

ਸਾਲ 2016 ਵਿੱਚ ਸਿੰਜਾਈ ਵਿਭਾਗ ਅਤੇ ਘੱਗਰ ਵਿੱਚੋਂ ਇੰਜਣਾਂ ਰਾਹੀਂ ਪਾਣੀ ਚੁੱਕਣ ਵਾਲੇ ਕਿਸਾਨਾਂ ਦਰਮਿਆਨ ਹੋਇਆ ਲਿਖਤੀ ਸਮਝੌਤਾ ਹੀ ਬਨੂੜ ਨਹਿਰ ਵਿੱਚ ਪਾਣੀ ਛੱਡੇ ਜਾਣ ਲਈ ਮੁੱਖ ਅੜਚਣ ਬਣਿਆ ਹੋਇਆ ਹੈ। ਸਮਝੌਤੇ ਅਨੁਸਾਰ ਨਹਿਰ ਵਿੱਚ ਹਰ ਮਹੀਨੇ ਦੀ ਪਹਿਲੀ ਤੋਂ ਦਸ ਤਾਰੀਖ਼ ਤੱਕ ਪਾਣੀ ਛੱਡਿਆ ਜਾਣਾ ਹੈ। ਬਾਕੀ ਵੀਹ ਦਿਨ ਸਾਰਾ ਪਾਣੀ ਘੱਗਰ ਦਰਿਆ ਵਿੱਚ ਇੰਜਣਾਂ ਨਾਲ ਪਾਣੀ ਚੁੱਕਣ ਵਾਲੇ ਕਿਸਾਨਾਂ ਲਈ ਵਹਿੰਦਾ ਰਹੇਗਾ। ਇਸੇ ਕਰਕੇ ਜਦੋਂ ਵੀ ਪਹਿਲੇ ਦਸ ਦਿਨਾਂ ਤੋਂ ਇਲਾਵਾ ਨਹਿਰ ਵਿੱਚ ਪਾਣੀ ਛੱਡਿਆ ਜਾਂਦਾ ਹੈ ਤਾਂ ਇੰਜਣਾਂ ਵਾਲੇ ਕਿਸਾਨ ਵਿਰੋਧ ਕਰ ਦਿੰਦੇ ਹਨ।

Advertisement

Advertisement
Author Image

Advertisement