For the best experience, open
https://m.punjabitribuneonline.com
on your mobile browser.
Advertisement

ਮੇਅਰ ਦੀ ਚੋਣ ਮੁਲਤਵੀ ਹੋਣ ਮਗਰੋਂ ਨਿਗਮ ਦਫ਼ਤਰ ਬਾਹਰ ਹੰਗਾਮਾ

06:39 AM Jan 19, 2024 IST
ਮੇਅਰ ਦੀ ਚੋਣ ਮੁਲਤਵੀ ਹੋਣ ਮਗਰੋਂ ਨਿਗਮ ਦਫ਼ਤਰ ਬਾਹਰ ਹੰਗਾਮਾ
ਨਗਰ ਨਿਗਮ ਦਫ਼ਤਰ ਦੇ ਬਾਹਰ ਧਰਨਾ ਦਿੰਦੇ ਹੋਏ ਕਾਂਗਰਸ ਅਤੇ ‘ਆਪ’ ਦੇ ਕੌਂਸਲਰ। -ਫੋਟੋ: ਰਵੀ ਕੁਮਾਰ
Advertisement

ਮੁਕੇਸ਼ ਕੁਮਾਰ
ਚੰਡੀਗੜ੍ਹ, 18 ਜਨਵਰੀ
ਰਿਟਰਨਿੰਗ ਅਫ਼ਸਰ ਦੇ ਸਿਹਤ ਖ਼ਰਾਬ ਹੋਣ ਕਾਰਨ ਛੁੱਟੀ ’ਤੇ ਚਲੇ ਜਾਣ ਕਰ ਕੇ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਦੀ ਚੋਣ ਨਹੀਂ ਹੋ ਸਕੀ। ਇਸ ਚੋਣ ਨੂੰ ਲੈ ਕੇ ਪੂਰਾ ਦਿਨ ਨਗਰ ਨਿਗਮ ਦਫ਼ਤਰ ਦੇ ਬਾਹਰ ਕਾਫ਼ੀ ਹੰਗਾਮਾ ਹੋਇਆ। ਅੱਜ ਸਵੇਰੇ ਚੋਣਾਂ ਮੁਲਤਵੀ ਹੋਣ ਦੀ ਸੂਚਨਾ ਮਿਲਣ ਮਗਰੋਂ ‘ਆਪ’ ਅਤੇ ਕਾਂਗਰਸੀ ਕੌਂਸਲਰਾਂ ਨੇ ਨਿਗਮ ਦਫ਼ਤਰ ਦੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਕਰਮਚਾਰੀਆਂ ਵੱਲੋਂ ਰੋਕੇ ਜਾਣ ਕਾਰਨ ਗੁੱਸੇ ਵਿੱਚ ਆਏ ਕੌਂਸਲਰਾਂ ਨੇ ਆਪਣੇ ਸਮਰਥਕ ਸਮੇਤ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਨਿਗਮ ਭਵਨ ਦੇ ਬਾਹਰ ਸੜਕ ਦੇ ਵਿਚਕਾਰ ਬੈਠ ਕੇ ਧਰਨਾ ਲਾ ਦਿੱਤਾ। ‘ਆਪ’ ਅਤੇ ਕਾਂਗਰਸ ਦੇ ਕਈ ਵਰਕਰਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ।
ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਗੱਠਜੋੜ ਨੇ ਇਸ ਨੂੰ ਭਾਜਪਾ ਦੀ ਸਾਜ਼ਿਸ਼ ਕਰਾਰ ਦਿੰਦਿਆਂ ਨਿਗਮ ਭਵਨ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਮੇਅਰ ਦੀ ਚੋਣ ਵਿੱਚ ਆਪਣੀ ਹਾਰ ਨੂੰ ਦੇਖਦੇ ਹੋਏ ਭਾਜਪਾ ਬੌਖਲਾ ਗਈ ਹੈ ਅਤੇ ਇਸ ਤਰ੍ਹਾਂ ਦੇ ਸਿਆਸੀ ਹਥਕੰਡੇ ਆਪਣਾ ਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ। ਉਧਰ, ਪ੍ਰਸ਼ਾਸਨ ਨੇ ਮੇਅਰ ਦੀ ਚੋਣ ਨੂੰ ਲੈ ਕੇ ਸੁਰੱਖਿਅਤ ਮਾਹੌਲ ਨਾ ਹੋਣ ਦੀ ਦਲੀਲ ਦਿੰਦਿਆਂ ਅਗਲੀ ਚੋਣ 6 ਫਰਵਰੀ ’ਤੇ ਪਾਏ ਜਾਣ ਸਬੰਧੀ ਨੋਟਿਸ ਜਾਰੀ ਕੀਤਾ ਹੈ। ਇਸ ਦੌਰਾਨ ਭਾਜਪਾ ਦੇ ਮੀਤ ਪ੍ਰਧਾਨ ਦੇਵੇਂਦਰ ਬਬਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਪ੍ਰੀਜ਼ਾਈਡਿੰਗ ਅਫ਼ਸਰ ਦੇ ਬਿਮਾਰ ਹੋਣ ਦੀ ਸੂਚਨਾ ਮਿਲੀ ਹੈ। ਭਾਜਪਾ ਨੇ ਕਿਹਾ ਕਿ ਆਪ-ਕਾਂਗਰਸ ਵਲੋਂ ਮੇਅਰ ਚੋਣ ਨੂੰ ਲੈ ਕੇ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਚੋਣ ਅਧਿਕਾਰੀ ਅਨਿਲ ਮਸੀਹ ਬਿਮਾਰ ਹੋ ਗਏ ਹਨ ਤਾਂ ਇਸ ਵਿੱਚ ਭਾਜਪਾ ਦਾ ਕੀ ਕਸੂਰ ਹੈ? ਭਾਜਪਾ ਨੇ ਕਿਹਾ ਕਿ ‘ਆਪ’ ਅਤੇ ਕਾਂਗਰਸ ਵੱਲੋਂ ਬੇਲੋੜੇ ਦੋਸ਼ ਲਾਏ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਮੇਅਰ ਦੇ ਅਹੁਦੇ ਦੀ ਚੋਣ ਲਈ ‘ਆਪ’-ਕਾਂਗਰਸ ਗੱਠਜੋੜ ਵੱਲੋਂ ਕੁਲਦੀਪ ਟੀਟਾ ਅਤੇ ਭਾਜਪਾ ਵੱਲੋਂ ਮਨੋਜ ਸੋਨਕਰ ਮੈਦਾਨ ਵਿੱਚ ਹਨ। ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ‘ਆਪ’-ਕਾਂਗਰਸ ਗੱਠਜੋੜ ਦੇ ਗੁਰਪ੍ਰੀਤ ਸਿੰਘ ਗਾਬੀ ਅਤੇ ਭਾਜਪਾ ਦੇ ਕੁਲਜੀਤ ਸੰਧੂ ਅਤੇ ਡਿਪਟੀ ਮੇਅਰ ਦੇ ਅਹੁਦੇ ਲਈ ‘ਆਪ’-ਕਾਂਗਰਸ ਗੱਠਜੋੜ ਦੀ ਨਿਰਮਲਾ ਦੇਵੀ ਅਤੇ ਭਾਜਪਾ ਦੇ ਰਾਜਿੰਦਰ ਸ਼ਰਮਾ ਵਿਚਕਾਰ ਮੁਕਾਬਲਾ ਹੋਵੇਗਾ। ਚੰਡੀਗੜ੍ਹ ਨਗਰ ਨਿਗਮ ਵਿੱਚ ਕੁੱਲ 35 ਕੌਂਸਲਰ ਹਨ। ਇਨ੍ਹਾਂ 35 ਕੌਂਸਲਰਾਂ ਦੀਆਂ ਵੋਟਾਂ ਤੋਂ ਇਲਾਵਾ ਮੇਅਰ ਦੀ ਚੋਣ ਵਿਚ ਸੰਸਦ ਮੈਂਬਰ ਦੀ ਇੱਕ ਵੋਟ ਵੀ ਜੁੜਦੀ ਹੈ। ਨਿਗਮ ਵਿੱਚ ਭਾਜਪਾ ਦੇ 14, ‘ਆਪ’ ਦੇ 13, ਕਾਂਗਰਸ ਦੇ 7 ਅਤੇ ਅਕਾਲੀ ਦਲ ਦੇ ਇੱਕ ਕੌਂਸਲਰ ਹਨ। ਭਾਜਪਾ ਕੋਲ 14 ਕੌਂਸਲਰਾਂ ਤੋਂ ਇਲਾਵਾ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਦੀ ਵੀ ਇੱਕ ਵੋਟ ਹੈ।

Advertisement

ਚੋਣਾਂ ਵਿੱਚ ਹਾਰ ਤੋਂ ਡਰੀ ਹੋਈ ਹੈ ਭਾਜਪਾ: ਚੱਢਾ

ਨਗਰ ਨਿਗਮ ਦਫ਼ਤਰ ਪਹੁੰਚਦੇ ਹੋਏ ‘ਆਪ’ ਆਗੂ ਰਾਘਵ ਚੱਢਾ। -ਫੋਟੋ: ਨਿਤਿਨ ਮਿੱਤਲ

ਇੱਥੇ ਸੈਕਟਰ-17 ਸਥਿਤ ਨਗਰ ਨਿਗਮ ਦਫ਼ਤਰ ਪੁੱਜੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਦੋਸ਼ ਲਾਇਆ ਕਿ ਮੇਅਰ ਦੀ ਚੋਣ ਮੁਲਤਵੀ ਕਰਨ ਦਾ ਇਹ ਕਦਮ ਲੋਕਤੰਤਰ ਨੂੰ ਢਾਹ ਲਾਉਣ ਦੀ ਭਾਜਪਾ ਦੀ ਗੰਦੀ ਰਾਜਨੀਤੀ ਦਾ ਹਿੱਸਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵਾਂ ਨੇ ਇਨਸਾਫ਼ ਲਈ ਹਾਈ ਕੋਰਟ ਤੱਕ ਪਹੁੰਚ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਉਨ੍ਹਾਂ ਦਾ ਮਕਸਦ ਮੇਅਰ ਚੋਣਾਂ ਨੂੰ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਉਣਾ ਹੈ। ਮੇਅਰ ਦੀਆਂ ਚੋਣਾਂ ਮੁਲਤਵੀ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੱਢਾ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ‘ਭਾਰਤ’ ਗੱਠਜੋੜ ਚੋਣਾਂ ਜਿੱਤ ਰਿਹਾ ਹੈ ਅਤੇ ਭਾਜਪਾ ਹਾਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇਹ ਸਭ ਇਸ ਲਈ ਕਰ ਰਹੀ ਹੈ ਕਿਉਂਕਿ ਉਹ ਚੋਣਾਂ ਵਿੱਚ ਆਪਣੀ ਹਾਰ ਤੋਂ ਡਰੀ ਹੋਈ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਇਕ ਹੋਰ ਪ੍ਰੀਜ਼ਾਈਡਿੰਗ ਅਫਸਰ ਨਿਯੁਕਤ ਕਰਨ ਦੀ ਬੇਨਤੀ ਕੀਤੀ।

ਚੋਣ ਅਧਿਕਾਰੀਆਂ ਨੂੰ ਸਾਜ਼ਿਸ਼ ਤਹਿਤ ਬਿਮਾਰ ਕੀਤਾ: ਬਾਂਸਲ

ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੇ ਕਿਹਾ ਕਿ ਜਦੋਂ ਤੋਂ ਚੰਡੀਗੜ੍ਹ ਨਗਰ ਨਿਗਮ ਬਣਿਆ ਹੈ, ਉਦੋਂ ਤੋਂ ਅਜਿਹਾ ਨਹੀਂ ਹੋਇਆ। ਚੋਣ ਅਧਿਕਾਰੀਆਂ ਨੂੰ ਇੱਕ ਸਾਜ਼ਿਸ਼ ਤਹਿਤ ਮੌਕੇ ’ਤੇ ਬਿਮਾਰ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਭਾਜਪਾ ਕੌਂਸਲਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰੇ ਹੀ ਸੁਨੇਹਾ ਮਿਲਿਆ ਸੀ ਕਿ ਪ੍ਰੀਜ਼ਾਈਡਿੰਗ ਅਫ਼ਸਰ ਦੀ ਖ਼ਰਾਬ ਸਿਹਤ ਕਾਰਨ ਅੱਜ ਕੌਂਸਲਰਾਂ ਨੂੰ ਨਗਰ ਨਿਗਮ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ। ਇਸ ਲਈ ਭਾਜਪਾ ਦੇ ਕੌਂਸਲਰ ਨਹੀਂ ਆਏ। ਭਾਜਪਾ ਕੌਂਸਲਰਾਂ ਨੇ ਕਿਹਾ ਕਿ ਚੋਣ ਅਧਿਕਾਰੀ ਪੰਜਾਬ ਸਰਕਾਰ ਦੇ ਅਧਿਕਾਰੀ ਹਨ, ਸਾਨੂੰ ਸ਼ੱਕ ਹੈ ਕਿ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਚੋਣਾਂ ਮੁਲਤਵੀ ਕੀਤੀਆਂ ਗਈਆਂ ਹਨ। ‘ਆਪ’ ਚੰਡੀਗੜ੍ਹ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਜਿਹੜਾ ਵੀ ਇਹ ਸਮਝਦਾ ਹੈ ਕਿ ਭਾਜਪਾ ਨੂੰ ਹਰਾਉਣਾ ਔਖਾ ਹੈ, ਉਹ ਅੱਜ ਚੰਡੀਗੜ੍ਹ ਵਿੱਚ ਉਨਾਂ ਦੀ ਹਾਲਤ ਦੇਖ ਸਕਦਾ ਹੈ। ਉਹ ਹਾਰਨ ਤੋਂ ਇੰਨੇ ਡਰੇ ਹੋਏ ਹਨ ਕਿ ਉਹ ਚੋਣਾਂ ਤੋਂ ਭੱਜ ਰਹੇ ਹਨ।

Advertisement
Author Image

joginder kumar

View all posts

Advertisement
Advertisement
×