ਦਵਾਈਆਂ ਦੀ ਸੀਬੀਆਈ ਜਾਂਚ ਦੇ ਹੁਕਮ ਮਗਰੋਂ ਸਿਆਸਤ ਭਖੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਜਨਵਰੀ
ਦਿੱਲੀ ਸਰਕਾਰ ਦੀ ਸਭ ਤੋਂ ਅਹਿਮ ਯੋਜਨਾ ਮੁਹੱਲਾ ਕਲੀਨਿਕਾਂ ’ਚ ਗੈਰ-ਮਿਆਰੀ ਦਵਾਈਆਂ ਦੀ ਜਾਂਚ ਦੇ ਹੁਕਮਾਂ ਮਗਰੋਂ ਦਿੱਲੀ ਦੀ ਸਿਆਸਤ ਵਿੱਚ ਉਬਾਲ ਆ ਗਿਆ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਜਾਅਲੀ ਦਵਾਈਆਂ ਦੇ ਘੁਟਾਲੇ ਵਿੱਚ ਸੀਬੀਆਈ ਜਾਂਚ ਦੀ ਇਜਾਜ਼ਤ ਦਿੱਤੇ ਜਾਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਜਾਂਚ ਤੋਂ ਬਾਅਦ ਇਹ ਵੀ ਪਤਾ ਲੱਗੇਗਾ ਕਿ ਉਹ ਕਿਹੜੀਆਂ ਕੰਪਨੀਆਂ ਹਨ ਜਿਨ੍ਹਾਂ ਦੇ ਟੈਂਡਰ ਖਤਮ ਹੋ ਗਏ ਸਨ ਪਰ ਉਨ੍ਹਾਂ ਨੂੰ ਵਧਾ ਦਿੱਤਾ ਗਿਆ ਸੀ।
ਸਚਦੇਵਾ ਨੇ ਕਿਹਾ ਕਿ ਸੀਬੀਆਈ ਦੀ ਜਾਂਚ ਇਸ ਕਥਿਤ ਘੁਟਾਲੇ ਦੀਆਂ ਕਈ ਪਰਤਾਂ ਉਜਾਗਰ ਕਰੇਗੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਪਤਾ ਲੱਗੇਗਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀਆਂ ਨੂੰ ਕਿੰਨਾ ਕਮਿਸ਼ਨ ਮਿਲਿਆ ਅਤੇ ਇਹ ਕਿੰਨੇ ਕਰੋੜ ਦਾ ਘਪਲਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਦਿੱਲੀ ਵਾਸੀਆਂ ਦੀਆਂ ਜ਼ਿੰਦਗੀਆਂ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਜੋ ਕਿ ਬਹੁਤ ਹੀ ਸ਼ਰਮਨਾਕ ਕਾਰਾ ਹੈ।
ਦਿੱਲੀ ਭਾਜਪਾ ਪ੍ਰਧਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਕਦੋਂ ਤੱਕ ਨਵੇਂ-ਨਵੇਂ ਬਹਾਨੇ ਘੜਦੇ ਰਹਿਣਗੇ ਕਿਉਂਕਿ ਉਨ੍ਹਾਂ ਵੱਲੋਂ ਕੀਤੇ ਗਏ ਸਾਰੇ ਘਪਲੇ ਇਕ-ਇਕ ਕਰਕੇ ਬੇਨਕਾਬ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਰਾਬ ਘੁਟਾਲੇ ਵਿੱਚ ਈਡੀ ਤੋਂ ਬਚਣ ਲਈ ਕੇਜਰੀਵਾਲ ਨੇ ਚੋਣ ਪ੍ਰਚਾਰ ਅਤੇ ਵਿਪਾਸਨਾ ਦਾ ਬਹਾਨਾ ਬਣਾਇਆ ਪਰ ਉਹ ਹੁਣ ਕੀ ਬਹਾਨਾ ਬਣਾਉਣਗੇ।
ਸਚਦੇਵਾ ਨੇ ਕਿਹਾ ਕਿ ਸਿਹਤ ਮਾਡਲ ਦੇ ਨਾਂ ’ਤੇ ਕੇਜਰੀਵਾਲ ਸਰਕਾਰ ਪ੍ਰਾਈਵੇਟ ਕੰਪਨੀਆਂ ਨੂੰ ਲਾਭ ਦੇ ਰਹੀ ਹੈ, ਜਿਸ ਦੇ ਬਦਲੇ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀਆਂ ਨੂੰ ਮੋਟੀ ਰਕਮ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪੂਰੇ ਘਟਨਾਕ੍ਰਮ ਵਿੱਚ ਕੇਜਰੀਵਾਲ ਸਰਕਾਰ ਦੀ ਭੂਮਿਕਾ ਹੋਰ ਵੀ ਸਪੱਸ਼ਟ ਕਰਦੀ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਸ ਵੇਲੇ ਦੇ ਸਿਹਤ ਮੰਤਰੀ ਮਨੀਸ਼ ਸਿਸੋਦੀਆ ਅਤੇ ਮੌਜੂਦਾ ਸਿਹਤ ਮੰਤਰੀ ਸੌਰਭ ਭਾਰਦਵਾਜ ਨੂੰ ਅਗਸਤ 2022 ਤੋਂ ਇਸ ਬਾਰੇ ਪਤਾ ਸੀ ਪਰ ਉਹ ਚੁੱਪ ਰਹੇ।
ਸੀਬੀਆਈ ਜਾਂਚ ਸਿਹਤ ਸੰਭਾਲ ਪ੍ਰਣਾਲੀ ਨੂੰ ਤਬਾਹ ਕਰਨ ਦੀ ਕੋਸ਼ਿਸ਼: ਆਤਿਸ਼ੀ
ਨਵੀਂ ਦਿੱਲੀ: ਦਿੱਲੀ ਦੀ ਮੰਤਰੀ ਆਤਿਸ਼ੀ ਨੇ ਅੱਜ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਫਰਜ਼ੀ ਜਾਂਚ ਸ਼ੁਰੂ ਕਰ ਕੇ ਕੌਮੀ ਰਾਜਧਾਨੀ ਦੀ ‘ਵਿਸ਼ਵ ਪੱਧਰੀ’ ਸਿਹਤ ਸੰਭਾਲ ਪ੍ਰਣਾਲੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਦੀ ਇਹ ਟਿੱਪਣੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸੀਬੀਆਈ ਨੂੰ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਗੈਰਮਿਆਰੀ ਦਵਾਈਆਂ ਦੀ ਸਪਲਾਈ ਦੀ ਜਾਂਚ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ ਆਈ ਹੈ। ਆਤਿਸ਼ੀ ਦਾ ਕਹਿਣਾ ਹੈ ਕਿ ਭਾਜਪਾ ਫੰਡਾਂ ਨੂੰ ਰੋਕਣ ਅਤੇ ਦਿੱਲੀ ਸਰਕਾਰ ਦੇ ਕੰਮਾਂ ਵਿੱਚ ਰੁਕਾਵਟ ਪਾਉਣ ਲਈ ਅਫਸਰਾਂ ਦੀ ਦੁਰਵਰਤੋਂ ਕਰ ਰਹੀ ਹੈ। ਆਤਿਸ਼ੀ ਨੇ ਕਿਹਾ ਕਿ ‘ਆਪ’ ਦੇ ਮੁਹੱਲਾ ਕਲੀਨਿਕ ਮਾਡਲ ਨੂੰ ਦੁਨੀਆ ਭਰ ’ਚ ਸਰਾਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕ ਇੱਕ ਸਾਫ਼-ਸੁਥਰਾ ਅਤੇ ਸੁਚਾਰੂ ਪ੍ਰਬੰਧ ਹੈ ਜਿੱਥੇ ਹਰ ਵਿਅਕਤੀ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਿੱਲੀ ਦੇ ਵਿਸ਼ਵ ਪੱਧਰੀ ਸਿਹਤ ਮਾਡਲ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੰਤਰੀ ਨੇ ਕਿਹਾ, ‘‘ਅਸੀਂ ਕਦੇ ਵੀ ਜਾਂਚ ਤੋਂ ਇਨਕਾਰ ਨਹੀਂ ਕੀਤਾ। ਰੋਜ਼ਾਨਾ ਪੁੱਛ-ਪੜਤਾਲ ਹੋ ਰਹੀ ਹੈ। ਇਹ ਜਾਂਚ ਭ੍ਰਿਸ਼ਟਾਚਾਰ ਦੀ ਜਾਂਚ ਲਈ ਨਹੀਂ ਕੀਤੀ ਜਾ ਰਹੀ ਹੈ’’