ਕਿਸ਼ਨਗੜ੍ਹ ਪੁਲ ਸ਼ੁਰੂ ਹੋਣ ਮਗਰੋਂ ਆਵਾਜਾਈ ਨੇ ਫੜੀ ਰਫ਼ਤਾਰ
ਆਤਿਸ਼ ਗੁਪਤਾ
ਚੰਡੀਗੜ੍ਹ, 17 ਜੁਲਾਈ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪਿਛਲੇ ਹਫ਼ਤੇ ਪਏ ਭਾਰੀ ਮੀਂਹ ਨੇ ਆਮ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਸੀ, ਜੋ ਅਜੇ ਲੀਹ ਤੱਕ ਪੂਰੀ ਤਰ੍ਹਾਂ ਲੀਹ ’ਤੇ ਨਹੀਂ ਆ ਸਕਿਆ ਹੈ ਪਰ ਯੂਟੀ ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਨੇ ਇਕ ਹਫ਼ਤੇ ਤੋਂ ਬੰਦ ਪਏ ਗੋਲਫ ਕਲੱਬ ਤੋਂ ਕਿਸ਼ਨਗੜ੍ਹ ਵਾਲੇ ਪੁਲ ਨੂੰ ਠੀਕ ਕਰ ਦਿੱਤਾ ਹੈ, ਜਿੱਥੇ ਅੱਜ ਸਵੇਰ ਤੋਂ ਆਵਾਜਾਈ ਬਹਾਲ ਹੋ ਗਈ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਇਸ ਪੁਲ ਤੋਂ ਲੋਕਾਂ ਨੂੰ ਵਾਹਨ ਹੋਲੀ ਰਫ਼ਤਾਰ ਨਾਲ ਕੱਢਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਯੂਟੀ ਪ੍ਰਸ਼ਾਸਨ ਵੱਲੋਂ ਇੰਡਸਟਰੀਅਲ ਏਰੀਆਂ ’ਚ ਸੀਟੀਯੂ ਵਰਕਸ਼ਾਪ ਨੇੜੇ ਧਸੀ ਸੜਕ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਗੋਲਫ ਕਲੱਬ ਤੋਂ ਕਿਸ਼ਨਗੜ੍ਹ ਜਾਣ ਵਾਲੇ ਇਸ ਪੁਲ ਦੇ ਟੁੱਟਣ ਕਰਕੇ ਕਿਸ਼ਨਗੜ੍ਹ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਪੁਲ ਦੇ ਟੁੱਟਣ ਕਰਕੇ ਲੋਕਾਂ ਨੂੰ ਪੰਜ ਕਿਲੋਮੀਟਰ ਘੁੰਮ ਕੇ ਆਪਣੇ ਘਰ ਪਹੁੰਚਣਾ ਪੈਂਦਾ ਸੀ। ਯੂਟੀ ਪ੍ਰਸ਼ਾਸਨ ਨੇ ਲੋਕਾਂ ਦੀ ਸਮੱਸਿਆ ਵੱਲ ਧਿਆਨ ਦਿੰਦਿਆਂ ਕਿਸ਼ਨਗੜ੍ਹ ਵਾਲੇ ਪੁਲ ਨੂੰ ਜਲਦੀ ਠੀਕ ਕਰਕੇ ਆਵਾਜਾਈ ਬਹਾਲ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਯੂਟੀ ਪ੍ਰਸ਼ਾਸਨ ਵੱਲੋਂ ਸ਼ਾਸਤਰੀ ਨਗਰ ਵਾਲਾ ਪੁਲ, ਜੋ ਕਿ ਬਾਪੂ ਧਾਮ ਕਲੋਨੀ ਤੋਂ ਮਨੀਮਾਜਰਾ ਜਾਂਦਾ ਹੈ, ਉਸ ’ਤੇ ਆਵਾਜਾਈ ਬਹਾਲ ਕਰ ਦਿੱਤੀ ਸੀ।
ਯੂਟੀ ਦੇ ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ ਸੜਕਾਂ ’ਤੇ ਪਏ ਖੱਡਿਆਂ ਨੂੰ ਜਲਦੀ ਭਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੱਡੇ ਖੱਡਿਆਂ ਨੂੰ ਭਰਿਆ ਜਾ ਰਿਹਾ ਹੈ, ਜਿਸ ਤੋਂ ਬਾਅਦ ਛੋਟੇ ਖੱਡਿਆਂ ਨੂੰ ਭਰਿਆ ਜਾਵੇਗਾ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਸ਼ਹਿਰ ਵਿੱਚ 72 ਘੰਟਿਆਂ ਦੌਰਾਨ 572 ਐੱਮਐੱਮ ਮੀਂਹ ਪਿਆ ਸੀ, ਜਿਸ ਕਰਕੇ ਕਈ ਥਾਵਾਂ ’ਤੇ ਸੜਕਾਂ ਧਸਣ ਕਰਕੇ ਆਵਾਜਾਈ ਪ੍ਰਭਾਵਿਤ ਹੋ ਗਈਆਂ ਸਨ। ਯੂਟੀ ਪ੍ਰਸ਼ਾਸਨ ਵੱਲੋਂ ਧਸੀਆਂ ਸੜਕਾਂ ਨੂੰ ਠੀਕ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।