ਮਾਲਵਾ ਨਹਿਰ ਮਗਰੋਂ ਹੁਣ ਦਸਮੇਸ਼ ਨਹਿਰ ਦੀ ਵਿਉਂਤਬੰਦੀ ਸ਼ੁਰੂ
ਕਰਮਜੀਤ ਸਿੰਘ ਚਿੱਲਾ
ਬਨੂੜ, 8 ਅਗਸਤ
ਪੰਜਾਬ ਸਰਕਾਰ ਨੇ ਮਾਲਵਾ ਨਹਿਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਮਗਰੋਂ ਹੁਣ ਦਸਮੇਸ਼ ਨਹਿਰ ਦੀ ਉਸਾਰੀ ਲਈ ਵੀ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਹੈ। ਜਲ ਸਰੋਤ ਵਿਭਾਗ ਨੇ ਰੂਪਨਗਰ, ਮੁਹਾਲੀ ਅਤੇ ਪਟਿਆਲਾ ਜ਼ਿਲ੍ਹਿਆਂ ਦੇ 58 ਪਿੰਡਾਂ ਦੀ ਜ਼ਮੀਨ ਨਾਲ ਸਬੰਧਤ ਰਿਕਾਰਡ ਹਾਸਲ ਕਰਨ ਲਈ ਨਹਿਰੀ ਪਟਵਾਰੀਆਂ ਦੀਆਂ ਡਿਊਟੀਆਂ ਲਾਈਆਂ ਹਨ। ਪਹਿਲਾਂ ਇਹ ਨਹਿਰ ਬੀਰੋਮਾਜਰੀ ਕੋਲੋਂ ਮੁਹਾਲੀ ਸ਼ਹਿਰ ਵਿੱਚ ਆ ਚੁੱਕੇ ਪਿੰਡਾਂ ’ਚੋਂ ਲੰਘ ਕੇ ਛੱਤਬੀੜ ਕੋਲੋਂ ਡੇਰਾਬਸੀ ਹਲਕੇ ਵਿੱਚ ਦਾਖਲ ਹੋਣੀ ਸੀ। ਤਾਜ਼ਾ ਸਰਵੇਖਣ ਅਨੁਸਾਰ ਇੱਥੇ ਸ਼ਹਿਰ ਵੱਸ ਜਾਣ ਕਾਰਨ ਹੁਣ ਬਨੂੜ ਨੇੜਲੇ ਪਿੰਡਾਂ ਦਾ ਰਿਕਾਰਡ ਮੰਗਿਆ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਉਪ ਮੰਡਲ ਅਫਸਰ, ਰੂਪਨਗਰ ਦੇ ਤਹਿਸੀਲਦਾਰ ਅਤੇ ਖਰੜ ਦੇ ਨਾਇਬ ਤਹਿਸੀਲਦਾਰ ਸਮੇਤ ਹੋਰਾਂ ਨੂੰ ਇਸ ਸਬੰਧੀ ਪੱਤਰ ਲਿਖੇ ਗਏ ਹਨ। ਇਨ੍ਹਾਂ ਪੱਤਰਾਂ ਵਿੱਚ ਨਹਿਰੀ ਪਟਵਾਰੀਆਂ ਨੂੰ ਸਬੰਧਤ ਤਹਿਸੀਲਾਂ ਅਤੇ ਸਬ-ਤਹਿਸੀਲਾਂ ਅੰਦਰ ਆਉਣ ਵਾਲੇ ਪਿੰਡਾਂ ਦੇ ਜ਼ਮੀਨ ਨਾਲ ਸਬੰਧਤ ਰਿਕਾਰਡ ਮੁਹੱਈਆ ਕਰਾਉਣ ਲਈ ਲਿਖਿਆ ਗਿਆ ਹੈ। ਮਾਜਰੀ ਬਲਾਕ ਨੂੰ ਲਿਖੇ ਪੱਤਰ ਵਿੱਚ ਜਿਨ੍ਹਾਂ ਪਿੰਡਾਂ ਦਾ ਜ਼ਮੀਨੀ ਰਿਕਾਰਡ ਮੰਗਿਆ ਗਿਆ, ਉਨ੍ਹਾਂ ਵਿੱਚ ਰਾਮਪੁਰ, ਨਿਹੋਲਕਾ, ਦੁਸਾਰਨਾ, ਕਨੌੜਾਂ, ਨੰਗਲ, ਲਖਨੌਰ, ਸਲੇਮਪੁਰ ਖੁਰਦ, ਚਨਾਲੋਂ ਸ਼ਾਮਲ ਹਨ। ਰੂਪਨਗਰ ਦੇ ਤਹਿਸੀਲਦਾਰ ਨੂੰ ਲਿਖੇ ਪੱਤਰ ਵਿੱਚ ਬਾਲੋ ਕਾਲੇਵਾਲ, ਸਰਾਰੀ, ਭੱਦਲ, ਸੰਤੋਖਗੜ੍ਹ, ਪੰਜੋਲਾ, ਪੰਜੋਲੀ, ਬਲਮਗੜ੍ਹ, ਚਿੰਤਗੜ੍ਹ, ਕਾਕਰੋਂ, ਭੂਪਨਗਰ, ਕਿਸ਼ਨਪੁਰਾ ਦਾ ਰਿਕਾਰਡ ਮੰਗਿਆ ਗਿਆ ਹੈ। ਖਰੜ ਦੇ ਤਹਿਸੀਲਦਾਰ ਕੋਲੋਂ ਸਹੌੜਾਂ, ਰੁੜਕੀ ਪੁਖ਼ਤਾ, ਤ੍ਰਿਪੜੀ, ਪੀਰ ਸੋਹਾਣਾ, ਬਡਾਲੀ, ਬਜਹੇੜੀ, ਝੰਜੇੜੀ, ਮਦਨਹੇੇੜੀ, ਚੋਲਟਾ ਖੁਰਦ, ਚੋਲਟਾ ਕਲਾਂ, ਨੱਗਲ ਫੈਜ਼ਗੜ੍ਹ, ਗੱਬੇਮਾਜਰਾ, ਮੱਛਲੀ ਖੁਰਦ, ਰਸਨਹੇੜੀ, ਸਵਾੜਾ, ਚੂਹੜਮਾਜਰਾ, ਗਿੱਦੜਪੁਰ, ਚਡਿਆਲਾ ਸੂਦਾਂ, ਸੋਏਮਾਜਰਾ ਅਤੇ ਪੱਤੜਾਂ ਪਿੰਡਾਂ ਦੇ ਜ਼ਮੀਨੀ ਵੇਰਵੇ ਮੰਗੇ ਗਏ ਹਨ। ਬਨੂੜ ਸਬ ਤਹਿਸੀਲ ’ਚੋਂ ਤਸੌਲੀ, ਮਾਣਕਪੁਰ, ਦੇਵੀਨਗਰ, ਕਲੌਲੀ, ਖਾਨਪੁਰ ਬੰਗਰ, ਹੁਲਕਾ, ਗੋਬਿੰਦਪੁਰਾ, ਮੁਠਿਆੜਾਂ, ਖਾਸਪੁਰ, ਭਗਵਾਨਪੁਰ, ਚੰਗੇਰਾ, ਸਲੇਮਪੁਰ, ਛੜਬੜ, ਰਾਮਗੜ੍ਹ, ਝੱਜੋਂ ਦੇ ਵੇਰਵੇ ਮੰਗੇ ਗਏ ਹਨ। ਡੇਰਾਬਸੀ ਤੋਂ ਆਲਮਗੀਰ, ਟਿਵਾਣਾ, ਖਜੂਰਮੰਡੀ ਦਾ ਰਿਕਾਰਡ ਮੰਗਿਆ ਗਿਆ ਹੈ।
1998-99 ਵਿੱਚ ਐਲਾਨੀ ਗਈ ਸੀ ਦਸਮੇਸ਼ ਨਹਿਰ
ਪਟਿਆਲਾ, ਮੁਹਾਲੀ, ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ 3.21 ਲੱਖ ਏਕੜ ਰਕਬੇ ਨੂੰ ਸਿੰਜਣ ਲਈ 900 ਕਿਊਸਿਕ ਪਾਣੀ ਦੇਣ ਦੀ ਯੋਜਨਾ ਤਹਿਤ 1989-90 ਵਿੱਚ ਮਹਿਜ਼ 24 ਹਜ਼ਾਰ ਤੇ 40 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਹਾਲੀ ਤੇ ਖਰੜ ਤਹਿਸੀਲਾਂ ਦੀ 620 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਸੀ। ਐੱਸਵਾਈਐੱਲ ਦਾ ਰੇੜਕਾ ਪੈਣ ਮਗਰੋਂ 1998-99 ਵਿੱਚ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੀ ਪਹਿਲਕਦਮੀ ’ਤੇ ਪੰਜਾਬ ਸਰਕਾਰ ਨੇ ਪੁਆਧ ਖੇਤਰ ਲਈ ਦਸਮੇਸ਼ ਨਹਿਰ ਦਾ ਐਲਾਨ ਕੀਤਾ ਸੀ। ਐੱਸਵਾਈਐੱਲ ਦੀਆਂ ਦੋ ਸਕੀਮਾਂ ਅੱਪਰ ਬਰਾਂਚ ਕੈਨਾਲ ਅਤੇ ਲੋਅਰ ਬਰਾਂਚ ਕੈਨਾਲ ਨੂੰ ਨਵਾਂ ਨਾਮ ਦਸਮੇਸ਼ ਨਹਿਰ ਦੇ ਕੇ ਕੇਸ ਮਨਜ਼ੂਰੀ ਲਈ ਕੇਂਦਰੀ ਜਲ ਕਮਿਸ਼ਨ ਨੂੰ ਭੇਜਿਆ ਗਿਆ ਸੀ, ਜਿਸ ਨੂੰ ਕਮਿਸ਼ਨ ਨੇ ਨਾ ਤਾਂ ਰੱਦ ਕੀਤਾ ਤੇ ਨਾ ਵੀ ਪ੍ਰਵਾਨ ਕੀਤਾ।
ਪਿਛਲੀ ਸਰਕਾਰ ਸਮੇਂ ਬਣੀ ਸੀ ਵਿਧਾਨ ਸਭਾ ਕਮੇਟੀ
ਪਿਛਲੀ ਕਾਂਗਰਸ ਸਰਕਾਰ ਸਮੇਂ ਰਾਜਪੁਰਾ ਹਲਕੇ ਦੇ ਤਤਕਾਲੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਦਸਮੇਸ਼ ਨਹਿਰ ਪ੍ਰਾਜੈਕਟ ਸਬੰਧੀ ਵਿਧਾਨ ਸਭਾ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਨਰਿੰਦਰ ਸ਼ਰਮਾ, ਠੇਕੇਦਾਰ ਮਦਨ ਲਾਲ, ਕੁਲਜੀਤ ਸਿੰਘ ਨਾਗਰਾ, ਕੰਵਰ ਸੰਧੂ (ਸਾਰੇ ਤਤਕਾਲੀ ਵਿਧਾਇਕ) ਸ਼ਾਮਲ ਸਨ। ਇਸ ਕਮੇਟੀ ਨੇ ਵੀ ਨਹਿਰ ਕੱਢੇ ਜਾਣ ਦੀ ਸਿਫਾਰਸ਼ ਕੀਤੀ ਸੀ।