For the best experience, open
https://m.punjabitribuneonline.com
on your mobile browser.
Advertisement

ਮੁੱਖ ਮੰਤਰੀ ਦੇ ਦਖ਼ਲ ਮਗਰੋਂ ਔਢਾਂ ’ਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਮਸਲਾ ਹੱਲ

07:39 AM Aug 29, 2024 IST
ਮੁੱਖ ਮੰਤਰੀ ਦੇ ਦਖ਼ਲ ਮਗਰੋਂ ਔਢਾਂ ’ਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਮਸਲਾ ਹੱਲ
ਔਢਾਂ ਵਿਚ ਦੁਕਾਨਾਂ ਅੱਗਿਓਂ ਢਾਹੇ ਗਏ ਥੜ੍ਹੇ।
Advertisement

ਭੁਪਿੰਦਰ ਪੰਨੀਵਾਲੀਆ
ਕਾਲਾਂਵਾਲੀ, 28 ਅਗਸਤ
ਪਿੰਡ ਔਢਾਂ ਵਿੱਚ ਸੜਕ ’ਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਰਕੇ ਪਿੰਡ ਦੇ ਲੋਕਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸਰਵਿਸ ਰੋਡ ’ਤੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਬਾਰੇ ਸ਼ਿਕਾਇਤ ਕੀਤੀ ਸੀ ਜਿਸ ਦਾ ਤੁਰੰਤ ਨੋਟਿਸ ਲਿਆ ਗਿਆ। ਅਗਲੇ ਦਿਨ ਹੀ ਐਨ.ਐਚ.ਏ.ਆਈ ਦੇ ਮੁਲਾਜ਼ਮ ਜੇਸੀਬੀ ਮਸ਼ੀਨ ਲੈ ਕੇ ਔਢਾਂ ਪਹੁੰਚ ਗਏ।
ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਮਨ ਮਿੱਤਲ ਅਤੇ ਗ੍ਰਾਮ ਪੰਚਾਇਤ ਨੇ ਡਰੇਨ ਦੀ ਸਫ਼ਾਈ ਦਾ ਕੰਮ ਸੰਭਾਲਦਿਆਂ ਲੋਕਾਂ ਦੇ ਘਰਾਂ ਅੱਗੇ ਬਣੇ ਰੈਂਪ ਅਤੇ ਥੜ੍ਹਿਆਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਕਈ ਦੁਕਾਨਦਾਰਾਂ ਨੇ ਰੋਸ ਜਤਾਇਆ ਅਤੇ ਗ੍ਰਾਮ ਪੰਚਾਇਤ ’ਤੇ ਇਤਰਾਜ਼ ਕੀਤਾ ਪਰ ਇਸ ਦੇ ਬਾਵਜੂਦ ਪੰਚਾਇਤ ਨੇ ਇਸ ਦੀ ਪ੍ਰਵਾਹ ਕੀਤੇ ਬਿਨਾਂ ਪੁਲੀਸ ਦੀ ਮਦਦ ਨਾਲ ਕੰਮ ਜਾਰੀ ਰੱਖਿਆ। ਕਈ ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਸਟੇਟ ਬੈਂਕ ਆਫ਼ ਇੰਡੀਆ ਤੋਂ ਹਨੂੰਮਾਨ ਮੰਦਰ ਤੱਕ ਸਰਵਿਸ ਰੋਡ ’ਤੇ ਪਈ ਮਿੱਟੀ ਨੂੰ ਚੁੱਕਿਆ ਗਿਆ। ਨਿਕਾਸੀ ਨਾਲੇ ਦੀ ਸਫ਼ਾਈ ਦਾ ਕੰਮ ਐੱਨਐੱਚਏਆਈ ਅਤੇ ਗ੍ਰਾਮ ਪੰਚਾਇਤ ਵੱਲੋਂ ਚੱਲ ਰਿਹਾ ਹੈ ਜੋ ਅੱਧੇ ਤੋਂ ਵੱਧ ਮੁਕੰਮਲ ਹੋ ਚੁੱਕਾ ਹੈ। ਗੰਦੇ ਪਾਣੀ ਦੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਗਈ ਹੈ। ਕੱਲ੍ਹ ਮੀਂਹ ਪਿਆ ਤਾਂ ਪੈਟਰੋਲ ਪੰਪ ਦੇ ਨੇੜੇ ਕੁਝ ਪਾਣੀ ਇਕੱਠਾ ਹੋਇਆ ਪਰ ਬਾਕੀ ਸੜਕ ’ਤੇ ਪਾਣੀ ਦੀ ਨਿਕਾਸੀ ਸੁਚਾਰੂ ਰੂਪ ਵਿੱਚ ਹੋ ਗਈ।
ਪਰ ਹੁਣ ਵੱਡੀ ਸਮੱਸਿਆ ਇਹ ਹੈ ਕਿ ਕੁਝ ਮਕਾਨਾਂ ਅਤੇ ਦੁਕਾਨਾਂ ਦੇ ਥੜ੍ਹੇ ਟੁੱਟਣ ਕਾਰਨ ਦੁਕਾਨਾਂ ਅਤੇ ਮਕਾਨ ਸਰਵਿਸ ਰੋਡ ਤੋਂ 3-4 ਫੁੱਟ ਉੱਚੇ ਹੋ ਗਏ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦੁਕਾਨਾਂ ਦੇ ਅੱਗੇ ਲੱਗੇ ਰੈਂਪ ਅਤੇ ਪੌੜੀਆਂ ਟੁੱਟਣ ਕਾਰਨ ਉਨ੍ਹਾਂ ਦਾ ਕੰਮ ਬਿਲਕੁਲ ਠੱਪ ਹੋ ਕੇ ਰਹਿ ਗਿਆ ਹੈ ਕਿਉਂਕਿ ਗਾਹਕਾਂ ਨੂੰ ਦੁਕਾਨ ਅੰਦਰ ਆਉਣ ਲਈ ਕੋਈ ਰਸਤਾ ਨਹੀਂ ਹੈ। ਉਨ੍ਹਾਂ ਗ੍ਰਾਮ ਪੰਚਾਇਤ ਤੋਂ ਇਸ ਸਮੱਸਿਆ ਦੇ ਹੱਲ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਨਾਲੇ ਦੇ ਉਪਰ ਰੈਂਪ ਜਾਂ ਪੌੜੀਆਂ ਬਣਾਉਣ ਦੀ ਮਨਜ਼ੂਰੀ ਦਿੱਤੀ ਜਾਵੇ। ਸਰਪੰਚ ਸੰਦੀਪ ਸਿੰਘ ਨੇ ਕਿਹਾ ਕਿ ਨਾਲੇ ’ਤੇ ਪੌੜੀਆਂ ਜਾਂ ਰੈਂਪ ਬਣਾਉਣਾ ਅਸੰਭਵ ਹੈ ਪਰ ਇਸ ਸਮੱਸਿਆ ਦਾ ਇੱਕ ਹੱਲ ਇਹ ਹੈ ਕਿ ਦੁਕਾਨਦਾਰ ਆਰਜ਼ੀ ਤੌਰ ’ਤੇ ਲੋਹੇ ਜਾਂ ਲੱਕੜ ਦੀ ਪੌੜੀ ਬਣਾ ਕੇ ਨਾਲੇ ’ਤੇ ਲਗਾ ਦੇਵੇ।

Advertisement

Advertisement
Advertisement
Author Image

Advertisement