ਨਥਾਣਾ ਵਿੱਚ ਤਹਿਸੀਲਦਾਰ ਦੇ ਦਖ਼ਲ ਮਗਰੋਂ ਖਰੀਦ ਸ਼ੁਰੂ
ਪੱਤਰ ਪ੍ਰੇਰਕ
ਨਥਾਣਾ, 29 ਅਕਤੂਬਰ
ਨਥਾਣਾ ਦੇ ਆਰਜ਼ੀ ਖਰੀਦ ਕੇਂਦਰ ਵਿੱਚ ਝੋਨੇ ਦੀ ਖਰੀਦ ਅਤੇ ਢੋਆ ਢੁਆਈ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਜਿਣਸ ਢੇਰੀ ਕਰਨ ਲਈ ਕੋਈ ਥਾਂ ਨਹੀਂ ਮਿਲ ਰਹੀ। ਪੀੜਤ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਾਰਜਕਾਰੀ ਮੈਜਿਸਟਰੇਟ ਅਤੇ ਨਾਇਬ ਨਾਇਬ ਤਹਿਸੀਲਦਾਰ ਨਥਾਣਾ ਨੂੰ ਮੌਕੇ ’ਤੇ ਬੁਲਾ ਕੇ ਸਮੱਸਿਆ ਦੱਸੀ। ਅਧਿਕਾਰੀ ਨੇ ਦਖ਼ਲ ਦੇ ਕੇ ਮਾਰਕਫੈੱਡ ਅਤੇ ਪਨਸਪ ਦੇ ਇੰਸਪੈਕਟਰਾਂ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਵਾਈ। ਜਾਣਕਾਰੀ ਅਨੁਸਾਰ ਇਸ ਖਰੀਦ ਕੇਦਰ ਵਿੱਚ ਵਿੱਕਰੀ ਲਈ ਹੁਣ ਤੱਕ ਡੇਢ ਲੱਖ ਗੱਟਾ ਆ ਚੁੱਕਾ ਹੈ ਜਿਸ ਵਿੱਚੋਂ ਏਜੰਸੀਆਂ ਨੇ ਮਸਾਂ ਚਾਲੀ ਹਜ਼ਾਰ ਗੱਟਾ ਖਰੀਦ ਕੀਤੈ। ਢੋਆ-ਢੁਆਈ ਦਾ ਕੰਮ ਹਾਲੇ ਸ਼ੁਰੂ ਨਹੀਂ ਹੋਇਆ। ਅਜਿਹੀ ਸਥਿਤੀ ਵਿੱਚ ਖਰੀਦ ਏਜੰਸੀਆਂ ਦੇ ਇੰਸਪੈਕਟਰ ਬੋਲੀ ਲਾਉਣ ਤੋਂ ਟਾਲਾ ਵੱੱਟ ਰਹੇ ਹਨ। ਯੂਨੀਅਨ ਦੇ ਪ੍ਰਧਾਨ ਰਾਮਰਤਨ ਸਿੰਘ ਨੇ ਕਿਹਾ ਕਿ ਝੋਨੇ ਦੀ ਖਰੀਦ ਦੇ ਮਾਮਲੇ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਅੰਦਰ ਖਾਤੇ ਮਿਲ ਕੇ ਕਿਸਾਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਥੋਂ ਖਰੀਦ ਕੀਤੇ ਝੋਨੇ ਨੂੰ ਸਟਾਕ ਕਰਨ ਲਈ ਹਾਲੇ ਤੱਕ ਕੋਈ ਸ਼ੈਲਰ ਅਲਾਟ ਨਹੀਂ ਕੀਤਾ ਗਿਆ। ਜਾਣਕਾਰੀ ਅਨੁਸਾਰ ਐਤਕੀਂ ਕਿਸਾਨ ਕਈ-ਕਈ ਦਿਨਾਂ ਤੋਂ ਵੇਚਣ ਲਈ ਮੰਡੀਆਂ ਵਿਚ ਬੈਠੇ ਹਨ ਪਰ ਉਨ੍ਹਾਂ ਦੇ ਝੋਨੇ ਦੀ ਖਰੀਦ ਨਹੀਂ ਕੀਤੀ ਜਾ ਰਹੀ।