ਹਰਿਆਣਾ ਵਿੱਚ ਹਾਰ ਮਗਰੋਂ ‘ਇੰਡੀਆ’ ਸਹਿਯੋਗੀਆਂ ਵੱਲੋਂ ਕਾਂਗਰਸ ਨੂੰ ਚੋਣ ਰਣਨੀਤੀ ਦੀ ਸਮੀਖਿਆ ਕਰਨ ਦਾ ਮਸ਼ਵਰਾ
ਨਵੀਂ ਦਿੱਲੀ, 9 ਅਕਤੂਬਰ
INDIA alliance parties suggest congress to review the strategy ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਨੂੰ ‘ਇੰਡੀਆ’ ਗੱਠਜੋੜ ਦੀਆਂ ਆਪਣੀਆਂ ਸਹਿਯੋਗੀ ਪਾਰਟੀਆਂ ਤੋਂ ਮਹਾਰਾਸ਼ਟਰ, ਝਾਰਖੰਡ ਤੇ ਦਿੱਲੀ ਵਿੱਚ ਅਗਲੇ ਗੇੜ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਚੋਣ ਰਣਨੀਤੀ ’ਤੇ ਪੁਨਰਵਿਚਾਰ ਕਰਨ ਦਾ ਮਸ਼ਵਰਾ ਮਿਲਿਆ ਹੈ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਚੋਣ ਨਤੀਜਿਆਂ ਦਾ ‘ਸਭ ਤੋਂ ਵੱਡਾ ਸਬਕ’ ਇਹ ਹੈ ਕਿ ਚੋਣਾਂ ਵਿੱਚ ਕਦੇ ਵੀ ਲੋੜੋਂ ਵੱਧ ਆਤਮਵਿਸ਼ਵਾਸੀ ਨਹੀਂ ਹੋਣਾ ਚਾਹੀਦਾ। ਕੇਜਰੀਵਾਲ ਨੇ ‘ਆਪ’ ਦੇ ਕੌਂਸਲਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਦੇਖੋ, ਹਰਿਆਣਾ ਵਿੱਚ ਚੋਣਾਂ ਦੇ ਨਤੀਜੇ ਕੀ ਕਹਿੰਦੇ ਹਨ। ਸਭ ਤੋਂ ਵੱਡਾ ਸਬਕ ਇਹੀ ਹੈ ਕਿ ਕਿਸੇ ਵੀ ਚੋਣ ਵਿੱਚ ਲੋੜੋਂ ਵੱਧ ਆਤਮਵਿਸ਼ਵਾਸੀ ਨਹੀਂ ਹੋਣਾ ਚਾਹੀਦਾ। ਕਿਸੇ ਵੀ ਚੋਣ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਹਰੇਕ ਚੋਣ ਤੇ ਹਰੇਕ ਸੀਟ ਮੁਸ਼ਕਿਲ ਹੁੰਦੀ ਹੈ।’’ ਹਰਿਆਣਾ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਮਤਭੇਦ ਕਰ ਕੇ ‘ਆਪ’ ਤੇ ਕਾਂਗਰਸ ਵਿਚਾਲੇ ਚੋਣਾਂ ਤੋਂ ਪਹਿਲਾਂ ਗੱਠਜੋੜ ਨਹੀਂ ਸੀ ਹੋ ਸਕਿਆ।
ਇਸੇ ਤਰ੍ਹਾਂ ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਕਾਂਗਰਸ ਨੂੰ ਹਰਿਆਣਾ ਵਿੱਚ ਆਪਣੀ ਹਾਰ ਦੇ ਕਾਰਨਾਂ ਦਾ ਪਤਾ ਲਾਉਣ ਲਈ ਡੂੰਘਾਈ ਨਾਲ ਆਤਮ ਚਿੰਤਨ ਕਰਨਾ ਚਾਹੀਦਾ ਹੈ। ਉਨ੍ਹਾਂ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘‘ਕਾਂਗਰਸ ਨੂੰ ਆਪਣੀ ਹਾਰ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ।’’
ਉੱਧਰ, ਸ਼ਿਵ ਸੈਨਾ (ਯੂਬੀਟੀ) ਦੀ ਆਗੂ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ ਕਿ ਹਰਿਆਣਾ ਚੋਣਾਂ ਦੇ ਨਤੀਜਿਆਂ ਦਾ ਮਹਾਰਾਸ਼ਟਰ ਵਿੱਚ ਕੋਈ ਅਸਰ ਨਹੀਂ ਪਵੇਗਾ, ਜਿੱਥੇ ਅਗਲੇ ਮਹੀਨੇ ਚੋਣਾਂ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਾਂਗਰਸ ਆਪਣੀ ਚੋਣ ਰਣਨੀਤੀ ’ਤੇ ਮੁੜ ਤੋਂ ਵਿਚਾਰ ਕਰੇ, ਕਿਉਂਕਿ ਹਰਿਆਣਾ ਵਿੱਚ ਭਾਜਪਾ ਖ਼ਿਲਾਫ਼ ਸਿੱਧੀ ਲੜਾਈ ਵਿੱਚ ਕਾਂਗਰਸ ਆਸ ਨਾਲੋਂ ਘੱਟ ਪ੍ਰਦਰਸ਼ਨ ਕਰ ਸਕੀ।
ਇਸੇ ਤਰ੍ਹਾਂ ਸੀਪੀਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ ਕਿ ਕਾਂਗਰਸ ਹਰਿਆਣਾ ਦੇ ਚੋਣ ਨਤੀਜਿਆਂ ’ਤੇ ਗੰਭੀਰਤਾ ਨਾਲ ਆਤਮ ਚਿੰਤਨ ਕਰੇ ਅਤੇ ਮਹਾਰਾਸ਼ਟਰ ਤੇ ਝਾਰਖੰਡ ਵਿੱਚ ਆਗਾਮੀ ਚੋਣਾਂ ’ਚ ਵਿਰੋਧੀ ਗੱਠਜੋੜ ‘ਇੰਡੀਆ’ ਦੇ ਸਾਰੇ ਸਹਿਯੋਗੀਆਂ ਨੂੰ ਨਾਲ ਲੈ ਕੇ ਚੱਲੇ।