ਨੌਜਵਾਨ ਦੀ ਮੌਤ ਮਗਰੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੇ ਜ਼ੋਰ ਫੜਿਆ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 16 ਜੁਲਾਈ
ਨਸ਼ੇ ਕਰ ਕੇ ਇਕ ਨੌਜਵਾਨ ਦੀ ਮੌਤ ਹੋਣ ਮਗਰੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ।
ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੀ ਅੱਜ ਸ਼ਹੀਦ ਭਗਤ ਸਿੰਘ ਯਾਦਗਾਰੀ ਹਾਲ ਭੂੰਦੜੀ ਵਿੱਚ ਹੋਈ ਇਕੱਤਰਤਾ ਦੌਰਾਨ ਆਗੂਆਂ ਨੇ ਕਿਹਾ ਕਿ ਇਲਾਕੇ ਭਰ ਵਿੱਚ ਨਸ਼ਿਆਂ ਦਾ ਰੁਝਾਨ ਪਹਿਲਾਂ ਨਾਲੋਂ ਵਧ ਗਿਆ ਹੈ। ਨਵੀਂ ਸਰਕਾਰ ਵੀ ਚਿੱਟੇ ਨੂੰ ਨੱਥ ਪਾਉਣ ਵਿੱਚ ਨਾਕਾਮ ਸਾਬਿਤ ਹੋਈ ਹੈ ਅਤੇ ਇਸ ਸਰਕਾਰ ਦੇ ਡੇਢ ਸਾਲ ਦੇ ਕਾਰਜਕਾਲ ’ਚ ਨਸ਼ਾ ਪਹਿਲਾਂ ਨਾਲੋਂ ਵੱਧ ਮਾਤਰਾ ਵਿੱਚ ਬੇਖੌਫ ਵੇਚਿਆ ਜਾ ਰਿਹਾ ਹੈ। ਸਰਕਾਰ ਤੇ ਪੁਲੀਸ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਨੂੰ ਇਕ ਤਰ੍ਹਾਂ ਨਾਲ ਦਬਾਉਣ ਦਾ ਕੰਮ ਕਰ ਰਹੀ ਹੈ। ਡਾ. ਸੁਖਦੇਵ ਭੂੰਦੜੀ ਨੇ ਕਿਹਾ ਕਿ ਜਥੇਬੰਦੀ ਦੇ ਸਾਥੀ ਮਨਜੀਤ ਸਿੰਘ ਭੁਮਾਲ ਦਾ ਨੌਜਵਾਨ ਪੁੱਤ ਵੀ ਨਸ਼ਾ ਤਸਕਰਾਂ ਦੇ ਜਾਲ ਵਿੱਚ ਫਸ ਕੇ ਜ਼ਿੰਦਗੀ ਤੋਂ ਹੱਥ ਧੋ ਬੈਠਾ ਹੈ। ਇਨ੍ਹਾਂ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਸਾਂਝੇ ਮਸਲੇ ’ਤੇ ਹੁਣ ਮੈਦਾਨ ਵਿੱਚ ਉਤਰਨਾ ਹੀ ਪੈਣਾ ਹੈ।
ਮੀਟਿੰਗ ਵਿੱਚ ਹੜ੍ਹ ਪੀੜਤਾਂ ਲਈ ਸਰਕਾਰ ਤੋਂ ਯੋਗ ਸਹਾਇਤਾ ਦੀ ਮੰਗ ਕੀਤੀ ਗਈ। ਇਕ ਐੱਨਆਰਆਈ ਦੀ ਜਗਰਾਉਂ ਵਿੱਚ ਕੋਠੀ ਨੱਪਣ ਦੇ ਮਾਮਲੇ ’ਤੇ ਚਰਚਾ ਕਰਦਿਆਂ 31 ਜੁਲਾਈ ਨੂੰ ਜ਼ਿਲ੍ਹਾ ਪੁਲੀਸ ਮੁਖੀ ਦਫ਼ਤਰ ਦੇ ਕੀਤੇ ਜਾ ਰਹੇ ਘਿਰਾਓ ਵਿੱਚ ਵਧ-ਚੜ੍ਹ ਕੇ ਸ਼ਮੂਲੀਅਤ ਕਰਨ ਦਾ ਫ਼ੈਸਲਾ ਲਿਆ ਗਿਆ। ਇਸ ਸਬੰਧੀ ਲਾਮਬੰਦੀ ਲਈ ਅਗਲੀ ਮੀਟਿੰਗ 20 ਜੁਲਾਈ ਨੂੰ ਪਿੰਡ ਖੁਦਾਈ ਚੱਕ ਤੇ ਕੋਟਮਾਨਾ, 21 ਨੂੰ ਲੀਹਾਂ, 22 ਨੂੰ ਬਲੀਪੁਰ ਖੁਰਦ, 23 ਨੂੰ ਰਾਮਪੁਰ ਕੋਟਲੀ, 24 ਨੂੰ ਰਾਣਕੇ, ਭੱਠਾ ਧੂਆ, 26 ਨੂੰ ਭੂੰਦੜੀ ਅਤੇ 30 ਨੂੰ ਘਮਣੇਵਾਲ ਵਿੱਚ ਹੋਵੇਗੀ। ਇਕ ਹੋਰ ਮਤੇ ਰਾਹੀਂ ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਕੱਟੇ ਜਾਣ ਦੀ ਨਿਖੇਧੀ ਕੀਤੀ ਗਈ। ਇਹ ਵੀ ਕਿਹਾ ਗਿਆ ਕਿ ਹੜ੍ਹ ਪੀੜਤਾਂ ਨੂੰ ਸਹੀ ਰੂਪ ਵਿੱਚ ਰਾਹਤ ਤੇ ਸਹਾਇਤ ਰਾਸ਼ੀ ਮੁਹੱਈਆ ਕਰਨ ਦੀ ਥਾਂ ਮੁੱਖ ਮੰਤਰੀ ਸਮੇਤ ਹਾਕਮ ਧਿਰ ਦੇ ਨੁਮਾਇੰਦੇ ਫੋਟੋ ਸੈਸ਼ਨ ’ਤੇ ਵਧੇਰੇ ਧਿਆਨ ਦੇ ਰਹੇ ਹਨ।