ਵਿਆਹੁਤਾ ਦੀ ਮੌਤ ਮਗਰੋਂ ਸਹੁਰੇ ਪਰਿਵਾਰ ਖ਼ਿਲਾਫ ਕੇਸ ਦਰਜ
ਪੱਤਰ ਪ੍ਰੇਰਕ
ਤਰਨ ਤਾਰਨ, 30 ਮਾਰਚ
ਇਲਾਕੇ ਦੇ ਪਿੰਡ ਖੂਹ ਰਾਜੇਵਾਲਾ (ਖੱਬੇ ਡੋਗਰਾਂ) ਦੀ ਇਕ ਵਿਆਹੁਤਾ ਨੇ ਵੀਰਵਾਰ ਦੀ ਰਾਤ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਸਬੰਧੀ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਉਸ ਦੇ ਪਤੀ, ਨਨਾਣ ਅਤੇ ਜੇਠਾਨੀ ਖ਼ਿਲਾਫ਼ ਸ਼ੁੱਕਰਵਾਰ ਨੂੰ ਕੇਸ ਦਰਜ ਕੀਤਾ ਹੈ। ਪੁਲੀਸ ਅਧਿਕਾਰੀ ਏਐੱਸ ਆਈ ਸੁਖਦੇਵ ਸਿੰਘ ਨੇ ਅੱਜ ਇਥੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਕਰਮਜੀਤ ਕੌਰ (29) ਵਜੋਂ ਹੋਈ ਹੈ ਜਦਕਿ ਮੁਲਜ਼ਮਾਂ ਵਿੱਚ ਮ੍ਰਿਤਕਾ ਦੇ ਪਤੀ ਸੁਰਿੰਦਰ ਸਿੰਘ, ਨਨਾਣ ਜਗਰੂਪ ਕੌਰ ਵਾਸੀ ਖੂਹ ਰਾਜੇਵਾਲਾ ਅਤੇ ਨਨਾਣ ਰੁਪਿੰਦਰ ਕੌਰ ਵਾਸੀ ਝਬਾਲ ਦਾ ਨਾਂ ਸ਼ਾਮਲ ਹੈ। ਪੁਲੀਸ ਨੂੰ ਮ੍ਰਿਤਕਾ ਦੇ ਭਰਾ ਸੁਰਿੰਦਰ ਸਿੰਘ ਵਾਸੀ ਮੁਗਲਚੱਕ ਪਨੂੰਆਂ ਨੇ ਦੱਸਿਆ ਕਿ ਉਸ ਦੀ ਭੈਣ ਕਰਮਜੀਤ ਕੌਰ ਦਾ ਵਿਆਹ ਡੇਢ ਸਾਲ ਪਹਿਲਾਂ ਹੀ ਸੁਰਿੰਦਰ ਸਿੰਘ ਨਾਲ ਹੋਇਆ ਸੀ। ਉਸ ਦੇ ਆਪਣੀ ਵੱਡੀ ਭਰਜਾਈ ਨਾਲ ਸਬੰਧ ਹੋਣ ਕਾਰਨ ਦੋਹਾਂ ਜੀਆਂ ਦਾ ਤਕਰਾਰ ਰਹਿੰਦਾ ਸੀ ਅਤੇ ਮੁਲਜ਼ਮਾਂ ਵੱਲੋਂ ਉਸਨੂੰ ਦਾਜ ਘੱਟ ਲਿਆਉਣ ਦੀ ਆੜ ਵਿੱਚ ਪ੍ਰੇਸ਼ਾਨ ਕੀਤਾ ਜਾਦਾ ਸੀ। ਇਸੇ ਗੱਲ ਤੋਂ ਪ੍ਰੇਸ਼ਾਨ ਹੋ ਕੇ ਕਰਮਜੀਤ ਕੌਰ ਨੇ ਵੀਰਵਾਰ ਦੀ ਰਾਤ ਨੂੰ ਘਰ ਅੰਦਰ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਪੁਲੀਸ ਨੇ ਮ੍ਰਿਤਕ ਦੇ ਪਤੀ ਸੁਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਲਾਸ਼ ਦਾ ਪੋਸਟ ਮਾਰਟਮ ਅੱਜ ਇਥੋਂ ਦੇ ਸਿਵਲ ਹਸਪਤਾਲ ਵਿੱਚ ਕੀਤਾ ਗਿਆ।