ਜੇਲ੍ਹ ’ਚ ਸੀਆਰਪੀਐੱਫ਼ ਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਸੜਕ ਜਾਮ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 28 ਨਵੰਬਰ
ਇਥੇ ਕੇਂਦਰੀ ਜੇਲ੍ਹ ਵਿਚ ਅੱਜ ਸਵੇਰੇ 38 ਸਾਲਾ ਸੀਆਰਪੀਐੱਫ ਦੇ ਜਵਾਨ ਦੀ ਸਿਹਤ ਵਿਗੜਨ ਤੋਂ ਬਾਅਦ ਮੌਤ ਹੋ ਗਈ। ਪਰਿਵਾਰ ਨੇ ਜੇਲ੍ਹ ਅਧਿਕਾਰੀਆਂ ’ਤੇ ਲਾਪ੍ਰਵਾਹੀ ਦਾ ਦੋਸ਼ ਲਗਾਉਂਦਿਆਂ ਸਿਵਲ ਹਸਪਤਾਲ ਦੇ ਬਾਹਰ ਧਰਨਾ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਜੇ ਜੇਲ੍ਹ ਅਧਿਕਾਰੀ ਸਹੀ ਇਲਾਜ ਕਰਵਾਉਂਦੇ ਤਾਂ ਉਸ ਦੀ ਜਾਨ ਬਚ ਸਕਦੀ ਸੀ। ਚੱਕੋਵਾਲ ਸ਼ੇਖਾਂ ਦਾ ਰਹਿਣ ਵਾਲੇ ਅਮਰਜੀਤ ਸਿੰਘ ਪਿਛਲੇ ਦੋ ਮਹੀਨੇ ਤੋਂ ਕਤਲ ਕੇਸ ’ਚ ਜੇਲ੍ਹ ਵਿਚ ਬੰਦ ਸੀ। ਉਸ ਦੇ ਪਰਿਵਾਰ ਅਨੁਸਾਰ ਉਸ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਸੀ ਪਰ ਜੇਲ੍ਹ ਪ੍ਰਸ਼ਾਸਨ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਮ੍ਰਿਤਕ ਦੀ ਪਤਨੀ ਪੂਜਾ ਰਾਣੀ ਨੇ ਕਿਹਾ ਕਿ ਦੋ ਦਿਨ ਪਹਿਲਾਂ ਜਦੋਂ ਉਹ ਉਸ ਨਾਲ ਮੁਲਾਕਾਤ ਕਰ ਕੇ ਗਈ ਤਾਂ ਵੀ ਅਮਰਜੀਤ ਦੀ ਸਿਹਤ ਠੀਕ ਨਹੀਂ ਸੀ। ਉਸ ਨੇ ਦੱਸਿਆ ਕਿ ਅਮਰਜੀਤ ਨੂੰ ਹਸਪਤਾਲ ’ਚ ਦਾਖਲ ਕਰਵਾ ਕੇ ਸਾਰੇ ਟੈਸਟ ਕਰਵਾਉਣ ਦੀ ਬੇਨਤੀ ਕੀਤੀ ਗਈ ਸੀ ਪਰ ਇਸ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ।
ਗੁੱਸੇ ਵਿਚ ਆਏ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਸੜਕ ਜਾਮ ਕਰ ਦਿੱਤੀ। ਉਨ੍ਹਾਂ ਦੋਸ਼ ਲਗਾਇਆ ਕਿ ਅਮਰਜੀਤ ਨੂੰ ਪੁਲੀਸ ਵਲੋਂ ਸਿਆਸੀ ਦਬਾਅ ਕਾਰਨ ਕਤਲ ਕੇਸ ’ਚ ਫ਼ਸਾਇਆ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਮੌਕੇ ’ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਜਾਂਚ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਡਾਕਟਰਾਂ ਦੇ ਬੋਰਡ ਨੇ ਨਿਆਂਇਕ ਅਧਿਕਾਰੀ ਦੀ ਹਾਜ਼ਰੀ ਵਿਚ ਲਾਸ਼ ਦਾ ਪੋਸਟ ਮਾਰਟਮ ਕੀਤਾ।