ਅਦਾਲਤ ’ਚ ਕੇਸ ਮਗਰੋਂ ਅਜਮੇਰ ਦਰਗਾਹ ਸਬੰਧੀ ਵਿਵਾਦ ਭਖ਼ਿਆ
ਅਜਮੇਰ/ਨਵੀਂ ਦਿੱਲੀ, 28 ਨਵੰਬਰ
ਅਜਮੇਰ ਵਿੱਚ ਸਥਿਤ ਸੂਫ਼ੀ ਸੰਤ ਖਵਾਜਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ ਸ਼ਿਵ ਮੰਦਰ ਉਪਰ ਬਣੇ ਹੋਣ ਦੇ ਦਾਅਵੇ ਨਾਲ ਸਬੰਧਤ ਵਿਵਾਦ ਅੱਜ ਉਸ ਸਮੇਂ ਹੋਰ ਵਧ ਗਿਆ ਜਦੋਂ ਇਸ ਸਬੰਧੀ ਵੱਖ-ਵੱਖ ਆਗੂਆਂ ਤੇ ਫ਼ਿਰਕਿਆਂ ਨਾਲ ਜੁੜੇ ਲੋਕਾਂ ਦੇ ਬਿਆਨ ਸਾਹਮਣੇ ਆਉਣ ਲੱਗ ਪਏ। ਕੁਝ ਨੇ, ਇਸ ਵਿਵਾਦ ਨੂੰ ਚਿੰਤਾਜਨਕ ਦੱਸਿਆ ਤਾਂ ਕਿਸੇ ਨੇ ਦੁੱਖਦਾਈ ਆਖਿਆ। ਦਰਗਾਹ ਵਿੱਚ ਸ਼ਿਵ ਮੰਦਰ ਹੋਣ ਦਾ ਦਾਅਵਾ ਕਰਦਿਆਂ ਅਜਮੇਰ ਦੀ ਸਥਾਨਕ ਅਦਾਲਤ ਵਿੱਚ ਇੱਕ ਕੇਸ ਦਾਇਰ ਕੀਤਾ ਗਿਆ ਹੈ। ਅਦਾਲਤ ਨੇ ਮਾਮਲੇ ’ਤੇ ਸੁਣਵਾਈ ਕਰਦਿਆਂ ਅਜਮੇਰ ਦਰਗਾਹ ਸਮਿਤੀ, ਘੱਟ ਗਿਣਤੀਆਂ ਨਾਲ ਜੁੜੇ ਮੰਤਰਾਲੇ ਤੇ ਭਾਰਤੀ ਪੁਰਾਤਤਵ ਸਰਵੇਖਣ, ਦਿੱਲੀ ਨੂੰ ਨੋਟਿਸ ਜਾਰੀ ਕਰ ਕੇ ਜੁਆਬ ਮੰਗਿਆ ਹੈ। ਦਰਗਾਹ ਕਮੇਟੀ ਦੇ ਅਧਿਕਾਰੀਆਂ ਨੇ ਇਸ ਮਾਮਲੇ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅਜਮੇਰ ਦਰਗਾਹ ਦੇ ਸੇਵਾਦਾਰਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ‘ਅੰਜੂਮਨ ਸਈਅਦ ਜਾਦਗਾਨ’ ਦੇ ਸਕੱਤਰ ਸਈਅਦ ਸਰਵਰ ਚਿਸ਼ਤੀ ਨੇ ਕਿਹਾ ਕਿ ਇਹ ਅਪੀਲ ਸਮਾਜ ਨੂੰ ਫਿਰਕੂ ਆਧਾਰ ’ਤੇ ਵੰਡਣ ਲਈ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਹੈ। ਦਰਗਾਹ ਕੰਪਲੈਕਸ ’ਚ ਮੰਦਰ ਹੋਣ ਦਾ ਦਾਅਵਾ ਕਰਦਿਆਂ ਉਥੇ ਪੂਜਾ ਦੀ ਇਜਾਜ਼ਤ ਸਬੰਧੀ ਅਰਜ਼ੀ ਸਤੰਬਰ ’ਚ ਦਾਖ਼ਲ ਕੀਤੀ ਗਈ ਸੀ ਅਤੇ ਇਸ ’ਤੇ ਅਗਲੀ ਸੁਣਵਾਈ 20 ਦਸੰਬਰ ਨੂੰ ਤਜਵੀਜ਼ਤ ਹੈ। ਅਰਜ਼ੀ ਹਿੰਦੂ ਸੈਨਾ ਦੇ ਪ੍ਰਧਾਨ ਵਿਸ਼ਨੂ ਗੁਪਤਾ ਵੱਲੋਂ ਦਾਖ਼ਲ ਕੀਤੀ ਗਈ ਹੈ ਜਿਸ ਨੇ ਹਰਬਿਲਾਸ ਸ਼ਾਰਦਾ ਦੀ ਇਕ ਕਿਤਾਬ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਦਰਗਾਹ ਵਾਲੀ ਥਾਂ ’ਤੇ ਸ਼ਿਵ ਮੰਦਰ ਸੀ। ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਜੇ ਅਦਾਲਤ ਨੇ ਸਰਵੇਖਣ ਦਾ ਹੁਕਮ ਦਿੱਤਾ ਹੈ ਤਾਂ ਉਸ ਵਿਚ ਕੀ ਦਿੱਕਤ ਹੈ। ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਤਰਜਮਾਨ ਐੱਸਕਿਊਆਰ ਇਲੀਆਸ ਨੇ ਕਿਹਾ ਕਿ ਅਜਿਹੇ ਦਾਅਵੇ ਕਾਨੂੰਨ ਅਤੇ ਸੰਵਿਧਾਨ ਨਾਲ ਕੋਝਾ ਮਜ਼ਾਕ ਹੈ। -ਪੀਟੀਆਈ