ਸਰਕਾਰ ਦੇ ਭਰੋਸੇ ਮਗਰੋਂ ਸਮਾਣਾ ਬੰਦ ਦਾ ਸੱਦਾ ਮੁਲਤਵੀ
ਸੁਭਾਸ਼ ਚੰਦਰ
ਸਮਾਣਾ, 22 ਨਵੰਬਰ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਾਰਨ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਲਈ ਸਮਾਣਾ ਵਿੱਚ ਜਾਰੀ ਟਾਵਰ ਮੋਰਚੇ ਵੱਲੋਂ 23 ਨਵੰਬਰ ਨੂੰ ਦਿੱਤੇ ਸਮਾਣਾ ਬੰਦ ਦੇ ਸੱਦੇ ਨੂੰ ਪੰਜਾਬ ਸਰਕਾਰ ਦੇ ਭਰੋਸੇ ਮਗਰੋਂ ਮੁਲਤਵੀ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ 2015 ਤੋਂ ਹੁਣ ਤੱਕ ਹੋਈਆਂ ਬੇਅਦਬੀ ਦੀ ਘਟਨਾਵਾਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਲਈ ਭਾਈ ਗੁਰਜੀਤ ਸਿੰਘ ਖਾਲਸਾ ਖੇੜੀ ਨਗਾਈਆਂ 42 ਦਿਨ ਤੋਂ ਭਾਰਤੀ ਸੰਸਾਰ ਨਿਗਮ ਦੇ 400 ਫੁੱਟ ਉੱਚੇ ਟਾਵਰ ’ਤੇ ਚੜ੍ਹੇ ਹੋਏ ਹਨ। ਸਰਦੀ ਸ਼ੁਰੂ ਹੋ ਗਈ ਹੈ ਪਰ ਉਹ ਟਾਵਰ ’ਤੇ ਡਟੇ ਹੋਏ ਹਨ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਈ ਗੁਰਜੀਤ ਸਿੰਘ ਦਾ ਹਾਲ-ਚਾਲ ਜਾਣਨ ਲਈ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਸਮਾਣਾ ਆਏ। ਉਨ੍ਹਾਂ ਨਾਲ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੀ ਸਨ। ਕੰਗ ਨੇ ਗੁਰਜੀਤ ਸਿੰਘ ਖਾਲਸਾ ਨੂੰ ਅਪੀਲ ਕੀਤੀ ਉਹ ਹੇਠਾਂ ਉੱਤਰ ਆਉਣ ਪਰ ਭਾਈ ਗੁਰਜੀਤ ਸਿੰਘ ਨੇ ਹੇਠਾਂ ਉਤਰਨ ਤੋਂ ਇਨਕਾਰ ਕਰ ਦਿੱਤਾ। ਭਾਈ ਰਜਿੰਦਰ ਸਿੰਘ ਫ਼ਤਹਿਗੜ੍ਹ ਛੰਨਾਂ, ਭਾਈ ਸਰੂਪ ਸਿੰਘ ਸੰਧਾ ਅਤੇ ਤਲਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਮਾਲਵਿੰਦਰ ਸਿੰਘ ਕੰਗ ਨੇ ਭਰੋਸਾ ਦਿੱਤਾ ਕਿ ਪੰਜਾਬ ਦੇ ਸਾਰੇ ਸੰਸਦ ਮੈਂਬਰ 25 ਨਵੰਬਰ ਨੂੰ ਸ਼ੁਰੂ ਹੋ ਰਹੇ ਲੋਕ ਸਭਾ ਸੈਸ਼ਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਰਮਾਂ ਦੇ ਗ੍ਰੰਥਾਂ ਦੀ ਬੇਅਦਬੀ ਦੀ ਘਟਨਾਵਾਂ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕਰਨਗੇ। ਪੰਥਕ ਆਗੂਆਂ ਨੇ ਕਿਹਾ ਕਿ ਕੰਗ ਦੇ ਭਰੋਸੇ ਮਗਰੋਂ 23 ਨਵੰਬਰ ਦਾ ਸਮਾਣਾ ਬੰਦ ਦਾ ਸੱਦਾ ਵਾਪਸ ਲਿਆ ਗਿਆ ਹੈ।