ਸੀਵਰੇਜ ਕਾਮਿਆਂ ਵੱਲੋਂ ਅਧਿਕਾਰੀਆਂ ਦੇ ਭਰੋਸੇ ਮਗਰੋਂ ਹੜਤਾਲ ਮੁਲਤਵੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਨਵੰਬਰ
ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸੀਵਰੇਜ ਕਾਮਿਆਂ ਨੇ ਅੱਜ ਵਿਭਾਗ ਦੇ ਅਧਿਕਾਰੀਆਂ, ਸਬੰਧਤ ਕੰਪਨੀ ਅਤੇ ਕਿਰਤ ਵਿਭਾਗ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਤੋਂ ਬਾਅਦ 14ਵੇਂ ਦਿਨ ਆਪਣੀ ਹੜਤਾਲ ਮੁਲਤਵੀ ਕਰ ਦਿੱਤੀ ਹੈ। ਸੀਵਰੇਜ ਕਾਮੇ ਪਿਛਲੇ 14 ਦਿਨਾਂ ਤੋਂ ਹੜਤਾਲ ਕਰਕੇ ਇੱਥੇ ਵਿਭਾਗ ਦੇ ਮੰਡਲ ਦਫ਼ਤਰ ਅੱਗੇ ਧਰਨੇ ’ਤੇ ਬੈਠੇ ਹਨ। ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਸੰਘਰਸ਼ ਕਮੇਟੀ ਦੇ ਕਨਵੀਲਰ ਚਮਕੌਰ ਸਿੰਘ ਮਹਿਲਾਂ, ਕੋ-ਕਨਵੀਨਰ ਮੇਲਾ ਸਿੰਘ ਪੁੰਨਾਵਾਲ ਅਤੇ ਸਕੱਤਰ ਸ਼ੇਰ ਸਿੰਘ ਖੰਨਾ ਨੇ ਦੱਸਿਆ ਕਿ ਅੱਜ ਸਹਾਇਕ ਕਿਰਤ ਕਮਿਸ਼ਨਰ ਦੀ ਅਗਵਾਈ ਹੇਠ ਸੀਵਰੇਜ ਕਾਮਿਆਂ ਦੀਆਂ ਮੰਗਾਂ ਦੇ ਸਬੰਧ ਵਿਚ ਕਾਰਜਕਾਰੀ ਇੰਜਨੀਅਰ ਵਾਟਰ ਸਪਲਾਈ ਅਤੇ ਸੀਵਰੇ ਬੋਰਡ ਸੰਗਰੂਰ ਅਤੇ ਸ਼ਾਹਪੁਰਜੀ ਪਲੌਂਜੀ ਕੰਪਨੀ ਨਾਲ ਮੀਟਿੰਗ ਸਥਾਨਕ ਕਿਰਤ ਵਿਭਾਗ ਦੇ ਦਫ਼ਤਰ ਵਿਚ ਹੋਈ। ਉਨ੍ਹਾਂ ਦੱਸਿਆ ਕਿ ਸਹਾਇਕ ਕਿਰਤ ਕਮਿਸ਼ਨਰ ਸੰਗਰੂਰ ਨੇ ਪੂਰੀ ਗੰਭੀਰਤਾ ਨਾਲ ਸਮੱਸਿਆਵਾਂ ਨੂੰ ਸੁਣਿਆ। ਉਪਰੰਤ ਉਨ੍ਹਾਂ ਆਊਟ ਸੋਰਸ ਕਰਮਚਾਰੀਆਂ ਨੂੰ ਤਨਖਾਹ ਲਈ ਇੱਕ ਤਰੀਕ ਨੂੰ ਕਾਰਜਕਾਰੀ ਇੰਜਨੀਅਰ ਵੱਲੋਂ ਕੰਪਨੀ ਨੂੰ ਅਦਾਇਗੀ ਕੀਤੀ ਜਾਇਆ ਕਰੇਗੀ ਅਤੇ ਸ਼ਾਹਪੁਰਜੀ ਕੰਪਨੀ ਹਰ ਹਾਲਤ ਵਿੱਚ ਸੱਤ ਤਰੀਕ ਤੱਕ ਤਨਖਾਹ ਵਰਕਰਾਂ ਦੇ ਖਾਤੇ ਵਿੱਚ ਪਾਇਆ ਕਰੇਗੀ। ਬੋਨਸ ਦੀ ਅਦਾਇਗੀ ਸੀਵਰੇਜ ਬੋਰਡ ਵੱਲੋਂ ਸ਼ਾਹਪੁਰ ਜੀ ਕੰਪਨੀ ਨੂੰ ਜਲਦੀ ਕਰਨ ਦੀ ਹਦਾਇਤ ਕੀਤੀ ਗਈ। ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜਨੀਅਰ ਅਤੇ ਸ਼ਾਹਪੁਰਜੀ ਕੰਪਨੀ ਦੇ ਅਧਿਕਾਰੀਆਂ ਨੂੰ ਕਿਰਤ ਕਾਨੂੰਨਾਂ ਨੂੰ ਪੂਰਨ ਰੂਪ ਵਿੱਚ ਲਾਗੂ ਕਰਨ ਲਈ ਕਿਹਾ ਗਿਆ ਜਿਸ ’ਤੇ ਸੰਘਰਸ਼ ਕਮੇਟੀ ਨੇ 13 ਨਵੰਬਰ ਤੋਂ ਚੱਲ ਰਹੀ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਹੈ।