ਪ੍ਰਸ਼ਾਸਨ ਵੱਲੋਂ ਮੰਗਾਂ ਮੰਨਣ ਦੇ ਭਰੋਸੇ ਮਗਰੋਂ ਕਿਸਾਨਾਂ ਦਾ ਮੋਰਚਾ ਖਤਮ
ਰਮੇਸ਼ ਭਾਰਦਵਾਜ
ਲਹਿਰਾਗਾਗਾ, 23 ਅਪਰੈਲ
ਇੱਥੇ ਐੱਸਡੀਐੱਮ ਦਫਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 12 ਦਿਨਾਂ ਤੋਂ ਲਾਇਆ ਹੋਇਆ ਮੋਰਚਾ ਪ੍ਰਸ਼ਾਸਨ ਵੱਲੋਂ ਮੰਗਾਂ ਮੰਨਣ ਦੇ ਦਿੱਤੇ ਗਏ ਭਰੋਸੇ ਮਗਰੋਂ ਸਮਾਪਤ ਕਰ ਦਿੱਤਾ ਗਿਆ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ 12 ਅਪਰੈਲ ਤੋਂ ਸ਼ਹੀਦ ਕਿਸਾਨ ਕਰਮਜੀਤ ਸਿੰਘ ਸੰਗਤਪੁਰਾ ਨੂੰ ਮੁਆਵਜ਼ਾ ਦਿਵਾਉਣ ਲਈ ਐੱਸਡੀਐੱਮ ਦਫਤਰ ਲਹਿਰਾਗਾਗਾ ਵਿੱਚ ਦਿਨ ਰਾਤ ਦਾ ਪੱਕਾ ਮੋਰਚਾ ਲਾਇਆ ਹੋਇਆ ਸੀ ਜੋ ਅੱਜ ਜਥੇਬੰਦੀ ਦੀਆਂ ਸਾਰੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਖਤਮ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸ਼ਹੀਦ ਕਿਸਾਨ ਕਰਮਜੀਤ ਸਿੰਘ ਸੰਗਤਪੁਰਾ ਦੀ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕਰਵਾ ਕੇ 24 ਅਪਰੈਲ ਨੂੰ ਪਿੰਡ ਸੰਗਤਪੁਰਾ ਵਿੱਚ ਪਰਿਵਾਰ ਸਮੇਤ, ਕਿਸਾਨਾਂ ਮਜ਼ਦੂਰਾਂ ਦਾ ਵੱਡਾ ਇਕੱਠ ਕਰਕੇ ਜਥੇਬੰਦੀ ਦੀਆਂ ਰਸਮਾਂ ਅਨੁਸਾਰ ਸ਼ਹੀਦ ਨੂੰ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ। ਅੱਜ ਦੇ ਧਰਨੇ ਦੌਰਾਨ ਜ਼ਿਲ੍ਹਾ ਆਗੂਆਂ ਸਮੇਤ ਬਲਾਕ ਆਗੂਆਂ ਅਤੇ ਪਿੰਡ ਇਕਾਈਆਂ ਦੇ ਮਰਦ ਔਰਤਾਂ ਅਹੁਦੇਦਾਰ ਹਾਜ਼ਰ ਹੋਏ।