ਧਰਮਸੋਤ ਦੀ ਗ੍ਰਿਫ਼ਤਾਰੀ ਮਗਰੋਂ ਸਿਆਸਤਦਾਨਾਂ ਦੀ ਚਿੰਤਾ ਵਧੀ
ਦਵਿੰਦਰ ਪਾਲ
ਚੰਡੀਗੜ੍ਹ, 16 ਜਨਵਰੀ
ਪੰਜਾਬ ਦੇ ਸਾਬਕਾ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਨੇ ਪੰਜਾਬ ਦੇ ਸਿਆਸਤਦਾਨਾਂ ਤੇ ਅਧਿਕਾਰੀਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਈਡੀ ਨੇ ਕਾਂਗਰਸ ਦੇ ਦੋ ਸਾਬਕਾ ਮੰਤਰੀਆਂ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜ਼ੀਆਂ ਦੇ ਘਰਾਂ ’ਤੇ ਲੰਘੇ ਸਾਲ 30 ਨਵੰਬਰ ਨੂੰ ਛਾਪੇ ਮਾਰੇ ਸਨ ਤੇ ਡੇਢ ਮਹੀਨੇ ਦੀ ਤਫ਼ਤੀਸ਼ ਤੋਂ ਬਾਅਦ ਧਰਮਸੋਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੰਸਦੀ ਚੋਣਾਂ ਸਿਰ ’ਤੇ ਹੋਣ ਕਾਰਨ ਕਾਂਗਰਸ ਦੇ ਆਗੂਆਂ ਦੀਆਂ ਮੁਸ਼ਕਿਲਾਂ ਹੋਰ ਵੀ ਵਧ ਸਕਦੀਆਂ ਹਨ ਕਿਉਂਕਿ ਇਸ ਸਮੇਂ ਈਡੀ ਵੱਲੋਂ ਅੱਧੀ ਦਰਜਨ ਕਾਂਗਰਸੀ ਆਗੂਆਂ ਖਿਲਾਫ਼ ਪੜਤਾਲ ਵਿੱਢੀ ਹੋਈ ਹੈ।
ਧਰਮੋਸਤ ਅਤੇ ਗਿਲਜ਼ੀਆਂ ਕਾਂਗਰਸ ਸਰਕਾਰ ਦੇ ਸਮੇਂ ਜੰਗਲਾਤ ਵਿਭਾਗ ਦੇ ਮੰਤਰੀ ਰਹੇ ਹਨ। ਪੰਜਾਬ ਵਿਜੀਲੈਂਸ ਬਿਊਰੋ ਨੇ ਦੋਹਾਂ ਕਾਂਗਰਸੀ ਆਗੂਆਂ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਦਾ ਮਾਮਲਾ ਡੇਢ ਕੁ ਸਾਲ ਪਹਿਲਾਂ ਦਰਜ ਕੀਤਾ ਸੀ ਤੇ ਈਡੀ ਦੀ ਕਾਰਵਾਈ ਵਿਜੀਲੈਂਸ ਦੇ ਮਾਮਲੇ ਦੇ ਆਧਾਰ ’ਤੇ ਹੀ ਅਮਲ ਵਿੱਚ ਲਿਆਂਦੀ ਗਈ ਹੈ। ਈਡੀ ਨੇ ਲੰਘੇ ਸਾਲ ਦੌਰਾਨ ਹੀ ਵਿਵਾਵਾਂ ’ਚ ਘਿਰੇ ਰਹਿਣ ਵਾਲੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਸਾਬਕਾ ਮੰਤਰੀ ਦੇ ਕਰੀਬੀਆਂ ਦੇ ਘਰਾਂ ਤੇ ਟਿਕਾਣਿਆਂ ’ਤੇ ਵੀ ਛਾਪੇ ਮਾਰੇ ਸਨ। ਈਡੀ ਨੇ ਆਸ਼ੂ ਅਤੇ ਹੋਰਨਾਂ ਦੇ 5 ਕਰੋੜ ਦੇ ਅਸਾਸੇ ਲੱਭਣ ਦਾ ਦਾਅਵਾ ਕੀਤਾ ਹੈ। ਈਡੀ ਨੇ 6 ਸਾਬਕਾ ਵਜ਼ੀਰਾਂ ਅਤੇ 7 ਸਿਵਲ ਤੇ ਪੁਲੀਸ ਅਫ਼ਸਰਾਂ ਖ਼ਿਲਾਫ਼ ਜਾਂਚ ਸ਼ੁਰੂ ਕੀਤੀ ਹੋਈ ਹੈ। ਈਡੀ ਦੇ ਨਿਸ਼ਾਨੇ ’ਤੇ ਅਕਾਲੀ ਦਲ ਅਤੇ ‘ਆਪ’ ਨਾਲ ਸਬੰਧਤ ਆਗੂ ਵੀ ਦੱਸੇ ਜਾਂਦੇ ਹਨ। ਸੂਤਰਾਂ ਮੁਤਾਬਕ ਈਡੀ ਵੱਲੋਂ ਇਨ੍ਹਾਂ ਸਿਆਸਤਦਾਨਾਂ ਦੇ ਅਫ਼ਸਰਾਂ ਦੀਆਂ ਜਾਇਦਾਦਾਂ ਅਤੇ ਬੈਂਕ ਖਾਤਿਆਂ ਦੀ ਘੋਖ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਈਡੀ ਵੱਲੋਂ ਸੂਬੇ ਦੀ ਸੱਤਾਧਾਰੀ ਪਾਰਟੀ ‘ਆਪ’ ਦੇ ਦੋ ਵਿਧਾਇਕਾਂ ਕੁਲਵੰਤ ਸਿੰਘ ਅਤੇ ਜਸਵੰਤ ਸਿੰਘ ਗੱਜਣਮਾਜਰਾ ’ਤੇ ਵੀ ਛਾਪੇ ਮਾਰੇ ਗਏ ਸਨ। ਈਡੀ ਵੱਲੋਂ ਵਿਧਾਇਕ ਗੱਜਣਮਾਜਰਾ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਵਿਜੀਲੈਂਸ ਵੱਲੋਂ ਕਾਂਗਰਸ ਦੇ ਸਾਬਕਾ ਵਿਧਾਇਕਾਂ ਵਿਰੁੱਧ ਜਾਂਚ ਦਾ ਅਮਲ ਦਿਨੋ ਦਿਨ ਤੇਜ਼ ਕੀਤਾ ਜਾ ਰਿਹਾ ਹੈ। ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਈਡੀ ਵੱਲੋਂ ਵਿਜੀਲੈਂਸ ਤੋਂ ਹੁਣ ਤੱਕ ਦਰਜਨ ਤੋਂ ਵੱਧ ਸਿਆਸਦਾਨਾਂ ਅਤੇ ਨੌਕਰਸ਼ਾਹਾਂ ਦੇ ਮਾਮਲੇ ਵਿੱਚ ਜਾਣਕਾਰੀ ਮੰਗੀ ਗਈ ਸੀ। ਪ੍ਰਸ਼ਾਸਕੀ ਤੇ ਸਿਆਸੀ ਹਲਕਿਆਂ ਵਿੱਚ ਚਰਚਾ ਭਾਰੂ ਹੈ ਕਿ ਸੰਸਦੀ ਚੋਣਾਂ ਤੱਕ ਈਡੀ ਦੀਆਂ ਪੰਜਾਬ ’ਚ ਗਤੀਵਿਧੀਆਂ ਤੇਜ਼ ਹੋਣ ਦੀ ਸੰਭਾਵਨਾ ਹੈ ਤੇ ਅਚਨਚੇਤ ਛਾਪਿਆਂ ਦੇ ਮਾਮਲੇ ਵਧ ਸਕਦੇ ਹਨ।
ਜ਼ਿਕਰਯੋਗ ਹੈ ਕਿ ਸਾਲ 2022 ਵਿੱਚ ਹੋਈਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ਕੋਲੋਂ ਭਾਰੀ ਮਾਤਰਾ ਵਿੱਚ ਪੈਸਾ ਬਰਾਮਦ ਹੋਣ ਨਾਲ ਸਿਆਸੀ ਸਥਿਤੀ ਇੱਕਦਮ ਬਦਲ ਕਈ ਸੀ। ਇਸ ਲਈ ਸੰਸਦੀ ਚੋਣਾਂ ਦੇ ਅਮਲ ਤੱਕ ਪੰਜਾਬ ਵਿੱਚ ਈਡੀ ਦੀਆਂ ਸਰਗਰਮੀਆਂ ਵਧਣ ਦੀ ਸੰਭਾਵਨਾ ਹੈ। ਈਡੀ ਨੇ ਹਾਲ ਹੀ ਵਿੱਚ ਇੱਕ ਨਾਇਬ ਤਹਿਸੀਲਦਾਰ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਤਾਂ ਕੀਤੀ ਹੀ ਸੀ ਤੇ ਇੱਕ ਚਰਚਿਤ ਠੇਕੇਦਾਰ ਖ਼ਿਲਾਫ਼ ਵੀ ਜਾਂਚ ਵਿੱਢੀ ਹੋਈ ਹੈ।
ਇਨ੍ਹਾਂ ਆਗੂਆਂ ਖ਼ਿਲਾਫ਼ ਚੱਲ ਰਹੀ ਹੈ ਜਾਂਚ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ, ਬ੍ਰਹਮ ਮਹਿੰਦਰਾ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕਾਂ ਕੁਲਦੀਪ ਸਿੰਘ ਵੈਦ, ਦਲਬੀਰ ਸਿੰਘ ਗੋਲਡੀ, ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਬਰਿੰਦਰਮੀਤ ਸਿੰਘ ਪਾਹੜਾ ਖ਼ਿਲਾਫ਼ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲਿਆਂ ਦੀ ਵਿਜੀਲੈਂਸ ਜਾਂਚ ਚੱਲ ਰਹੀ ਹੈ। ਪੰਜਾਬ ਦੇ ਅੱਧੀ ਦਰਜਨ ਤੋਂ ਵਧ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਨੂੰ ਵਿਜੀਲੈਂਸ ਗ੍ਰਿਫਤਾਰ ਵੀ ਕਰ ਚੁੱਕੀ ਹੈ।