ਮੁੱਖ ਮੰਤਰੀ ਦੇ ਅਸਤੀਫ਼ਾ ਦੇਣ ਦੇ ਐਲਾਨ ਮਗਰੋਂ ਸਿਆਸਤ ਭਖੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਸਤੰਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋ ਦਿਨ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਕੇਜਰੀਵਾਲ ਦੇ ਇਸ ਐਲਾਨ ਮਗਰੋਂ ਆਮ ਆਦਮੀ ਪਾਰਟੀ ਦੇ ਕਈ ਨੇਤਾਵਾਂ ਨੇ ਪ੍ਰਤੀਕਿਰਿਆ ਪ੍ਰਗਟਾਈ ਹੈ।
‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਜਿਸ ਦੇਸ਼ ਵਿੱਚ ਕੋਈ ਕੌਂਸਲਰ ਦੇ ਅਹੁਦੇ ਤੋਂ ਵੀ ਅਸਤੀਫਾ ਨਹੀਂ ਦਿੰਦਾ, ਸਾਡੇ ਨੇਤਾ ਅਰਵਿੰਦ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਦੀ ਅਜ਼ਮਾਇਸ਼ ਦਾ ਸਾਹਮਣਾ ਕਰ ਕੇ ਹੀ ਮੁੱਖ ਮੰਤਰੀ ਦਾ ਅਹੁਦਾ ਛੱਡਣ ਦਾ ਫੈਸਲਾ ਕੀਤਾ ਹੈ। ਸ੍ਰੀ ਚੱਢਾ ਨੇ ਕਿਹਾ ਹੁਣ ਜਨਤਾ ਮੰਨੇਗੀ ਕਿ ਕੇਜਰੀਵਾਲ ਪੱਕੇ ਇਮਾਨਦਾਰ ਹਨ। ਉਨ੍ਹਾਂ ਕਿਹਾ ਕਿ ਉਸ ਨੂੰ ਅਜਿਹੀ ਪਾਰਟੀ ਦਾ ਵਰਕਰ ਹੋਣ ’ਤੇ ਮਾਣ ਹੈ। ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਤੁਹਾਨੂੰ ਦੁਨੀਆ ਵਿੱਚ ਅਜਿਹੀ ਮਿਸਾਲ ਨਹੀਂ ਮਿਲੇਗੀ ਕਿ ਕਿਸੇ ਮੁੱਖ ਮੰਤਰੀ ਨੇ ਅਦਾਲਤ ਤੋਂ ਜ਼ਮਾਨਤ ਲੈਣ ਤੋਂ ਬਾਅਦ ਖੁਦ ਫੈਸਲਾ ਕੀਤਾ ਹੋਵੇ ਕਿ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ, ਪਰ ਅਸਲ ਜ਼ਮਾਨਤ ਹੁਣ ਦਿਲੀ ਦੀ ਜਨਤਾ ਨੇ ਦੇਣੀ ਹੈ ਤਾਂ ਹੀ ਉਹ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਣਗੇ। ਦਿੱਲੀ ਦੇ ਲੋਕ ਪਿਛਲੀਆਂ 3 ਵਿਧਾਨ ਸਭਾ ਚੋਣਾ ਵਿੱਚ ਭਾਜਪਾ ਨੂੰ ਵਿਰੋਧੀ ਧਿਰ ਵਜੋਂ ਵੋਟਾਂ ਦੇ ਰਹੇ ਹਨ। ਵਿਧਾਨ ਸਭਾ ਦੀਆਂ 8 ਸੀਟਾਂ ਦੇ ਰਹੇ ਹਨ, ਇਸ ਲਈ ਭਾਜਪਾ ਸੱਚਾਈ ਜਾਣਦੀ ਹੈ ਕਿ ਅਰਵਿੰਦ ਕੇਜਰੀਵਾਲ ਲਈ ਮੁੱਖ ਮੰਤਰੀ ਦੀ ਕੁਰਸੀ ਇੰਤਜ਼ਾਰ ਕਰੇਗੀ। ਦਿੱਲੀ ਦੇ ਸੈਰ-ਸਪਾਟਾ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸਹਿਮਤ ਹਾਂ। ਕੇਜਰੀਵਾਲ ਨੇ ਲੋਕਾਂ ਦਾ ਪਿਆਰ, ਸਤਿਕਾਰ ਅਤੇ ਅਸ਼ੀਰਵਾਦ ਹਾਸਲ ਕੀਤਾ ਹੈ। ਉਨ੍ਹਾਂ ਨੇ ਇਹ ਫੈਸਲਾ ਦਿੱਲੀ ਦੇ ਲੋਕਾਂ ’ਤੇ ਛੱਡ ਦਿੱਤਾ ਹੈ ਕਿ ਉਹ ਇਮਾਨਦਾਰ ਹਨ ਜਾਂ ਨਹੀਂ ਅਤੇ ਪਾਰਟੀ ਇਮਾਨਦਾਰ ਹੈ ਜਾਂ ਨਹੀਂ। ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ‘ਆਪ’ ਨੂੰ ਤਬਾਹ ਕਰਨ ਦੇ ਮਕਸਦ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਭਾਜਪਾ ਇਸ ਵਿੱਚ ਅਸਫ਼ਲ ਰਹੀ। ਹੁਣ ਕੇਜਰੀਵਾਲ ਜਨਤਾ ਵਿੱਚ ਜਾ ਰਹੇ ਹਨ, ਜਨਤਾ ਤੋਂ ਸਰਟੀਫਿਕੇਟ ਲੈਣਗੇ। ਦਿੱਲੀ ਦੇ ਲੋਕ ਫੈਸਲਾ ਕਰਨਗੇ ਕਿ ਉਹ ਇਮਾਨਦਾਰ ਹਨ ਜਾਂ ਦੋਸ਼ੀ। ਕੇਜਰੀਵਾਲ ਭਾਰੀ ਬਹੁਮਤ ਨਾਲ ਜਨਤਾ ਦਾ ਸਰਟੀਫਿਕੇਟ ਲੈ ਕੇ ਆਉਣਗੇ। ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਦੀ ਇਮਾਨਦਾਰੀ ਨਾਲ ਸੇਵਾ ਕੀਤੀ ਹੈ।
ਕੇਜਰੀਵਾਲ ਦੇ ਅਸਤੀਫ਼ੇ ਨੂੰ ਵਿਰੋਧੀਆਂ ਨੇ ਡਰਾਮੇਬਾਜ਼ੀ ਦਸਿਆ
ਨਵੀਂ ਦਿੱਲੀ (ਪੱਤਰ ਪ੍ਰੇਰਕ): ਮੁੱਖ ਮੰਤਰੀ ਕੇਜਰੀਵਾਲ ਵੱਲੋਂ ਦੋ ਦਿਨ ਮਗਰੋਂ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਐਲਾਨ ਮਗਰੋਂ ਭਾਜਪਾ ਅਤੇ ਕਾਂਗਰਸ ਦੇ ਆਗੂਆਂ ਨੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਜਪਾ ਦਿੱਲੀ ਵੱਲੋਂ ਐਕਸ ’ਤੇ ਸ਼ੇਅਰ ਕੀਤੇ ਗਏ ਵੀਡੀਓ ਵਿੱਚ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਦੀਆਂ ਸ਼ਰਤਾਂ ਨੂੰ ਉਜਾਗਰ ਕੀਤਾ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਦਾਲਤ ਦੀਆਂ ਸ਼ਰਤਾਂ ਨੂੰ ਨੇੜਿਓਂ ਦੇਖਣ ਨਾਲ ਜਸ਼ਨ ਲਈ ਬਹੁਤ ਘੱਟ ਜਗ੍ਹਾ ਬਚਦੀ ਹੈ। ਭਾਜਪਾ ਦੇ ਰਾਸ਼ਟਰੀ ਬੁਲਾਰੇ ਪ੍ਰਦੀਪ ਭੰਡਾਰੀ ਨੇ ਇਸ ਨੂੰ ‘ਪੀਆਰ ਸਟੰਟ’ ਕਰਾਰ ਦਿੱਤਾ। ਭੰਡਾਰੀ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਜਨਤਾ ਦੀ ਧਾਰਨਾ ਵਿੱਚ ਤਬਦੀਲੀ ਤੋਂ ਜਾਣੂ ਹਨ, ਕਿਉਂਕਿ ਦਿੱਲੀ ਵਾਸੀ ਹੁਣ ਉਨ੍ਹਾਂ ਨੂੰ ਇਮਾਨਦਾਰ ਨੇਤਾ ਵਜੋਂ ਨਹੀਂ ਦੇਖਦੇ, ਸਗੋਂ ਭ੍ਰਿਸ਼ਟਾਚਾਰ ਨਾਲ ਦਾਗੀ ਵਿਅਕਤੀ ਵਜੋਂ ਦੇਖਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ‘ਆਪ’ ਨੂੰ ਹੁਣ ਦੇਸ਼ ਭਰ ਵਿੱਚ ਭ੍ਰਿਸ਼ਟ ਸੰਗਠਨ ਵਜੋਂ ਦੇਖਿਆ ਜਾ ਰਿਹਾ ਹੈ। ਭਾਜਪਾ ਦੇ ਹਰੀਸ਼ ਖੁਰਾਣਾ ਨੇ ਕਿਹਾ ਕਿ ਜੇ ਕੇਜਰੀਵਾਲ ਸੱਚਮੁਚ ਅਸਤੀਫ਼ਾ ਦੇਣਾ ਚਾਹੁੰਦੇ ਸਨ ਤਾਂ ਉਨ੍ਹਾਂ ਨੂੰ ਅੱਜ ਦੇਣਾ ਚਾਹੀਦਾ ਸੀ। ਇਹ ਮਹਿਜ਼ ਡਰਾਮਾ ਹੈ। ਕੇਜਰੀਵਾਲ ਜ਼ਮਾਨਤ ’ਤੇ ਆਏ, ਬਰੀ ਨਹੀਂ ਹੋਏ ਅਤੇ ਅਜੇ ਵੀ ਸੁਣਵਾਈ ਚੱਲ ਰਹੀ ਹੈ।
ਕਾਂਗਰਸ ਨੇਤਾ ਸੰਦੀਪ ਦੀਕਸ਼ਿਤ ਨੇ ਇਸ ਕਦਮ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਲੰਬੇ ਸਮੇਂ ਤੋਂ ਬਕਾਇਆ ਅਸਤੀਫਾ ਦੱਸਿਆ। ਦੀਕਸ਼ਿਤ ਨੇ ਐਤਵਾਰ ਨੂੰ ‘ਆਪ’ ਨੇਤਾ ਦੇ ਫੈਸਲੇ ਨੂੰ ‘ਸਿਰਫ਼ ਡਰਾਮੇਬਾਜ਼ੀ’ ਕਰਾਰ ਦਿੱਤਾ। ਦੀਕਸ਼ਿਤ ਨੇ ਕਿਹਾ ਕਿ ਉਨ੍ਹਾਂ ਦੇ ਦੁਬਾਰਾ ਮੁੱਖ ਮੰਤਰੀ ਬਣਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਹ ਲੰਬੇ ਸਮੇਂ ਤੋਂ ਕਹਿ ਰਹੇ ਹਾਂ ਕਿ ਉਨ੍ਹਾਂ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ, ਸੁਪਰੀਮ ਕੋਰਟ ਵੱਲੋਂ ਕੇਜਰੀਵਾਲ ’ਤੇ ਮੁੱਖ ਮੰਤਰੀ ਦਫ਼ਤਰ (ਸੀਐੱਮਓ) ਤੋਂ ਰੋਕਣਾ ਅਤੇ ਅਧਿਕਾਰਤ ਦਸਤਾਵੇਜ਼ਾਂ ’ਤੇ ਦਸਤਖਤ ਕਰਨ ਤੋਂ ਮਨ੍ਹਾਂ ਕਰਨਾ ਬੇਮਿਸਾਲ ਪਾਬੰਦੀਆਂ ਹਨ। ਦੀਕਸ਼ਿਤ ਨੇ ਕੇਜਰੀਵਾਲ ਦੀ ਸਥਿਤੀ ਦਾ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨਾਲ ਤੁਲਨਾ ਕੀਤੀ, ਜਿਸ ਨੂੰ ਕਾਨੂੰਨੀ ਮੁੱਦਿਆਂ ਦਾ ਸਾਹਮਣਾ ਕਰਨ ਤੋਂ ਬਾਅਦ, ਅਦਾਲਤ ਵੱਲੋਂ ਲਗਾਈਆਂ ਗਈਆਂ ਸ਼ਰਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ। ਸ਼ਾਇਦ ਸੁਪਰੀਮ ਕੋਰਟ ਨੂੰ ਵੀ ਡਰ ਹੈ ਕਿ ਕੇਜਰੀਵਾਲ ਸਬੂਤਾਂ ਨਾਲ ਛੇੜਛਾੜ ਕਰ ਸਕਦੇ ਹਨ। ਅਦਾਲਤ ਉਸ ਨਾਲ ਅਪਰਾਧੀ ਵਾਂਗ ਵਿਵਹਾਰ ਕਰ ਰਹੀ ਹੈ। ਨੈਤਿਕਤਾ ਅਤੇ ਅਰਵਿੰਦ ਕੇਜਰੀਵਾਲ ਵਿਚਕਾਰ ਕੋਈ ਸਬੰਧ ਨਹੀਂ ਹੈ।
ਵੋਟਾਂ ਤੋਂ ਡਰਦੀ ਹੈ ਭਾਰਤੀ ਜਨਤਾ ਪਾਰਟੀ: ਆਤਿਸ਼ੀ
ਦਿੱਲੀ ਦੇ ਮੰਤਰੀ ਆਤਿਸ਼ੀ ਨੇ ਵੀ ਅਸਤੀਫੇ ਦੇ ਐਲਾਨ ਤੇ ਅਗਲਾ ਮੁੱਖ ਮੰਤਰੀ ’ਤੇ ਪ੍ਰਤੀਕਿਰਿਆ ਦਿੱਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਰਹਿਣ ਤੱਕ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਇਹ ਮਹੱਤਵਪੂਰਨ ਨਹੀਂ ਹੈ। ਮਹੱਤਵਪੂਰਨ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿੰਨੀ ਦੇਰ ਤੱਕ ਰਹੇਗੀ, ਉਹ ਦਿੱਲੀ ਦੇ ਲੋਕਾਂ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਭਾਜਪਾ ਚੋਣਾਂ ਤੋਂ ਡਰਦੀ ਹੈ। ਭਾਜਪਾ ਜਾਣਦੀ ਹੈ ਕਿ ਜਿਸ ਤਰ੍ਹਾਂ ਕੇਜਰੀਵਾਲ ’ਤੇ ਝੂਠੇ ਦੋਸ਼ ਲਗਾਏ ਗਏ, ਉਸ ਨਾਲ ਦਿੱਲੀ ਦੀ ਜਨਤਾ ਭਾਜਪਾ ਚੋਣਾਂ ਨਹੀਂ ਚਾਹੁੰਦੀ ਕਿਉਂਕਿ ਉਹ ਜਾਣਦੇ ਹਨ ਕਿ ਜੇ ਅੱਜ ਚੋਣਾਂ ਹੋਈਆਂ ਤਾਂ ਦਿੱਲੀ ਦੇ ਲੋਕ ਇਕ ਵੀ ਸੀਟ ਭਾਜਪਾ ਨੂੰ ਨਹੀਂ ਦੇਣਗੇ । ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਇਮਾਨਦਾਰੀ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਜਨੀਤੀ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਨੇਤਾ ਨੇ ਲੋਕਾਂ ਨੂੰ ਉਸ ਦੀ ਇਮਾਨਦਾਰੀ ’ਤੇ ਭਰੋਸਾ ਹੋਣ ’ਤੇ ਉਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਦਿੱਲੀ ਦੇ ਲੋਕ ਫੈਸਲਾ ਕਰਨਗੇ ਕਿਉਂਕਿ ਦਿੱਲੀ ਚੋਣਾਂ ਵਿੱਚ 6 ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ। ਅਗਲੇ ਮੁੱਖ ਮੰਤਰੀ ਦੇ ਸਵਾਲ ’ਤੇ ਆਤਿਸ਼ੀ ਦੀ ਇਹ ਪ੍ਰਤੀਕਿਰਿਆ ਅਜਿਹੇ ਅਟਕਲਾਂ ਦੇ ਵਿਚਕਾਰ ਆਈ ਹੈ ਜਦੋਂ ਸੁਨੀਤਾ ਕੇਜਰੀਵਾਲ ਅਰਵਿੰਦ ਦੀ ਜਗ੍ਹਾ ਲੈਣ ਬਾਰੇ ਚਰਚਾ ਹੈ। ਭਾਜਪਾ ’ਤੇ ਨਿਸ਼ਾਨਾ ਸਾਧਦੇ ਹੋਏ ਆਤਿਸ਼ੀ ਨੇ ਕਿਹਾ ਕਿ ਜਦੋਂ ਤੋਂ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਬਣੇ ਹਨ, ਭਾਜਪਾ ਨੇ ਉਨ੍ਹਾਂ ਦੇ ਕੰਮ ਨੂੰ ਰੋਕਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਉਹ ਮਈ 2015 ਵਿੱਚ 67 ਸੀਟਾਂ ਨਾਲ ਮੁੱਖ ਮੰਤਰੀ ਬਣ ਗਏ ਸਨ ਪਰ ਪਾਬੰਦੀਆਂ ਲਾਈਆਂ ਗਈਆਂ ਸਨ ਤੇ ਗੈਰ-ਕਾਨੂੰਨੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਉਨ੍ਹਾਂ ਨੇ 8 ਸਾਲ ਦੀ ਕਾਨੂੰਨੀ ਲੜਾਈ ਲੜੀ। ਆਤਿਸ਼ੀ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਕਈ ਛਾਪੇ ਮਾਰੇ ਗਏ, ਪਰ ਉਹ ਭ੍ਰਿਸ਼ਟਾਚਾਰ ਦਾ ਇੱਕ ਵੀ ਸਬੂਤ ਨਹੀਂ ਦੇ ਸਕੇ।